ਤਾਜਾ ਖਬਰਾਂ
ਜਲੰਧਰ ਦੇ ਫਿਲੌਰ ਰੇਲਵੇ ਸਟੇਸ਼ਨ 'ਤੇ ਅੱਜ ਸਵੇਰੇ ਇੱਕ ਦਿਲ ਦਹਿਲਾ ਦੇਣ ਵਾਲਾ ਹਾਦਸਾ ਵਾਪਰਿਆ। ਸਵੇਰੇ ਕਰੀਬ 9:45 ਵਜੇ ਲੋਹੀਆਂ ਤੋਂ ਲੁਧਿਆਣਾ ਜਾ ਰਹੀ ਟ੍ਰੇਨ ਜਿਵੇਂ ਹੀ ਪਲੇਟਫਾਰਮ ਨੰਬਰ 3 'ਤੇ ਆ ਕੇ ਰੁਕੀ, ਇੱਕ ਅਣਪਛਾਤਾ ਵਿਅਕਤੀ ਅਚਾਨਕ ਟ੍ਰੇਨ ਦੇ ਇੱਕ ਡੱਬੇ ਉੱਤੇ ਚੜ੍ਹ ਗਿਆ। ਚੜ੍ਹਦਿਆਂ ਹੀ ਉਸਨੇ ਉੱਪਰੋਂ ਲੰਘ ਰਹੀਆਂ 25,000 ਵੋਲਟ ਦੀਆਂ ਹਾਈ-ਟੈਂਸ਼ਨ ਬਿਜਲੀ ਤਾਰਾਂ ਨੂੰ ਛੂਹ ਲਿਆ। ਕਰੰਟ ਲੱਗਣ ਨਾਲ ਉਸਦੇ ਕੱਪੜਿਆਂ ਨੂੰ ਤੁਰੰਤ ਅੱਗ ਲੱਗ ਗਈ ਅਤੇ ਕੁਝ ਹੀ ਸੈਕਿੰਡਾਂ ਵਿੱਚ ਉਹ ਭਿਆਨਕ ਤਰੀਕੇ ਨਾਲ ਸੜ ਗਿਆ।
ਹਾਦਸਾ ਦੇਖਦੇ ਹੀ ਮੌਕੇ 'ਤੇ ਮੌਜੂਦ ਯਾਤਰੀਆਂ ਵਿੱਚ ਹੜਕੰਪ ਮਚ ਗਿਆ। ਲੋਕਾਂ ਨੇ ਚੀਕਾਂ ਮਾਰਦਿਆਂ ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਉਦੋਂ ਤੱਕ ਅੱਗ ਕਾਬੂ ਤੋਂ ਬਾਹਰ ਹੋ ਚੁੱਕੀ ਸੀ। ਫਿਲੌਰ ਦੇ ਰਾਜਕੁਮਾਰ ਨੰਗਲ ਨੇ ਦੱਸਿਆ ਕਿ ਜਿਵੇਂ ਹੀ ਵਿਅਕਤੀ ਡੱਬੇ ਉੱਤੇ ਚੜ੍ਹਿਆ, ਲੋਕਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, ਪਰ ਕੁਝ ਪਲਾਂ ਵਿੱਚ ਹੀ ਉਹ ਕਰੰਟ ਦੀ ਲਪੇਟ ਵਿੱਚ ਆ ਗਿਆ ਅਤੇ ਡੱਬੇ 'ਤੇ ਡਿੱਗ ਪਿਆ।
ਤੁਰੰਤ ਸੂਚਨਾ ਮਿਲਣ ’ਤੇ ਜੀਆਰਪੀ ਚੌਕੀ ਇੰਚਾਰਜ ਹਰਮੇਸ਼ ਸਿੰਘ ਟੀਮ ਸਮੇਤ ਮੌਕੇ 'ਤੇ ਪਹੁੰਚੇ। ਰੇਲਵੇ ਬਿਜਲੀ ਸਪਲਾਈ ਤੁਰੰਤ ਬੰਦ ਕਰਵਾਈ ਗਈ ਅਤੇ ਲੋਕਾਂ ਦੀ ਸਹਾਇਤਾ ਨਾਲ ਉਸਨੂੰ ਡੱਬੇ ਤੋਂ ਹੇਠਾਂ ਉਤਾਰਿਆ ਗਿਆ। ਉਹ ਵਿਅਕਤੀ 80% ਤੋਂ ਵੱਧ ਸੜ ਚੁੱਕਾ ਸੀ। ਪਹਿਲਾਂ ਉਸਨੂੰ ਫਿਲੌਰ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ ਜਿੱਥੇ ਮੁੱਢਲਾ ਇਲਾਜ ਕਰਨ ਤੋਂ ਬਾਅਦ ਉਸਨੂੰ ਜਲੰਧਰ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ। ਡਾਕਟਰਾਂ ਮੁਤਾਬਕ ਉਸਦੀ ਹਾਲਤ ਨਾਜ਼ੁਕ ਹੈ।
ਪੁਲਿਸ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ। ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਉਹ ਵਿਅਕਤੀ ਟ੍ਰੇਨ ਉੱਤੇ ਕਿਉਂ ਅਤੇ ਕਿਵੇਂ ਚੜ੍ਹਿਆ ਸੀ। ਹਾਲਾਤਾਂ ਤੋਂ ਲੱਗਦਾ ਹੈ ਕਿ ਉਹ ਸ਼ਾਇਦ ਕਿਸੇ ਅਣਜਾਣੇ ਕਾਰਨ ਕਰਕੇ ਡੱਬੇ ਉੱਤੇ ਚੜ੍ਹ ਗਿਆ ਹੋਵੇ। ਜੀਆਰਪੀ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
Get all latest content delivered to your email a few times a month.