ਤਾਜਾ ਖਬਰਾਂ
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਇੱਕ ਵਾਰ ਫਿਰ ਆਪਣੇ ਬਿਆਨਾਂ ਕਾਰਨ ਸਿਆਸੀ ਵਿਵਾਦਾਂ ਵਿੱਚ ਘਿਰ ਗਏ ਹਨ। ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਬਾਰੇ ਦਿੱਤੇ ਬਿਆਨ ਦਾ ਮੁੱਦਾ ਅਜੇ ਸ਼ਾਂਤ ਨਹੀਂ ਹੋਇਆ ਸੀ ਕਿ ਤਰਨ ਤਾਰਨ ਜ਼ਿਮਨੀ ਚੋਣ ਲਈ ਪ੍ਰਚਾਰ ਦੌਰਾਨ ਉਨ੍ਹਾਂ ਨੇ ਗੈਂਗਸਟਰਾਂ ਬਾਰੇ ਇੱਕ ਹੋਰ ਵਿਵਾਦਤ ਟਿੱਪਣੀ ਕਰ ਦਿੱਤੀ ਹੈ।
ਵੜਿੰਗ ਨੇ ਗੈਂਗਸਟਰਵਾਦ ਨੂੰ ਖਤਮ ਕਰਨ ਦੇ ਮੁੱਦੇ 'ਤੇ ਬੋਲਦਿਆਂ ਇੱਕ ਸਖ਼ਤ ਕਾਨੂੰਨ ਬਣਾਉਣ ਦੀ ਵਕਾਲਤ ਕੀਤੀ। ਉਨ੍ਹਾਂ ਕਿਹਾ:
"ਇਹ ਕਾਨੂੰਨ ਬਣਾਇਆ ਜਾਵੇਗਾ ਕਿ ਗੈਂਗਸਟਰ ਦੇ ਪਰਿਵਾਰ ਨੂੰ ਵੀ ਧਾਰਾ 120(B) (ਸਾਜ਼ਿਸ਼) ਅਤੇ 302 (ਕਤਲ) ਵਿੱਚ ਫੜ ਕੇ ਲਿਆਉਣਾ ਪਵੇਗਾ। ਚਾਹੇ ਚਾਚਾ, ਮਾਮਾ, ਦਾਦਾ, ਪੋਤਾ, ਪਤਨੀ ਜਾਂ ਮਾਂ ਹੋਵੇ। ਫਿਰ ਅਮਰੀਕਾ ਬੈਠੇ ਗੈਂਗਸਟਰ ਨੂੰ 'ਸੇਕ' ਲੱਗੇਗਾ ਕਿ ਉਸਦਾ ਸਾਰਾ ਟੱਬਰ ਜੇਲ੍ਹ ਵਿੱਚ ਬੈਠਾ ਹੈ। ਜੇ ਉਸ ਤੋਂ ਬਾਅਦ ਵੀ ਇੱਕ ਵੀ ਗੈਂਗਸਟਰ ਰਹਿ ਗਿਆ ਤਾਂ ਤੁਸੀਂ ਮੈਨੂੰ ਦੱਸ ਦੇਣਾ।"
ਭਾਜਪਾ ਨੇ ਕੀਤਾ ਸਵਾਲ: ਸੰਵਿਧਾਨ ਬਦਲਣ ਦੀ ਕੋਸ਼ਿਸ਼?
ਰਾਜਾ ਵੜਿੰਗ ਦੇ ਇਸ ਬਿਆਨ 'ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਸਖ਼ਤ ਨਿਸ਼ਾਨਾ ਸਾਧਿਆ ਹੈ। ਭਾਜਪਾ ਨੇ ਕਾਂਗਰਸ ਪ੍ਰਧਾਨ 'ਤੇ ਸੰਵਿਧਾਨ ਦਾ ਸਨਮਾਨ ਨਾ ਕਰਨ ਦਾ ਇਲਜ਼ਾਮ ਲਗਾਇਆ।
ਭਾਜਪਾ ਨੇ ਸਵਾਲ ਉਠਾਇਆ ਕਿ ਜੁਰਮ ਕਰਨ ਵਾਲਾ ਗੁਨਾਹਗਾਰ ਹੁੰਦਾ ਹੈ, ਨਾ ਕਿ ਉਸਦਾ ਪੂਰਾ ਪਰਿਵਾਰ। ਪਾਰਟੀ ਨੇ ਦੋਸ਼ ਲਾਇਆ ਕਿ ਵੜਿੰਗ ਸੰਵਿਧਾਨ ਨੂੰ ਬਦਲਣ ਦੀ ਗੱਲ ਕਰ ਰਹੇ ਹਨ।
ਭਾਜਪਾ ਨੇ ਜਵਾਬੀ ਕਾਰਵਾਈ ਕਰਦਿਆਂ ਕਿਹਾ ਕਿ ਜੇਕਰ ਅਜਿਹੀ ਹੀ ਕਾਰਵਾਈ ਕਰਨੀ ਹੈ, ਤਾਂ 1984 ਦੇ ਨਸਲਕੁਸ਼ੀ ਲਈ ਗਾਂਧੀ ਪਰਿਵਾਰ ਖ਼ਿਲਾਫ਼ ਵੀ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ।
ਰਾਜਾ ਵੜਿੰਗ ਦਾ ਇਹ ਵਿਵਾਦਿਤ ਬਿਆਨ, ਜਿਸ ਵਿੱਚ ਉਨ੍ਹਾਂ ਨੇ ਅਪਰਾਧੀ ਦੇ ਪਰਿਵਾਰ ਨੂੰ ਕਾਨੂੰਨ ਦੇ ਦਾਇਰੇ ਵਿੱਚ ਲਿਆਉਣ ਦੀ ਗੱਲ ਕੀਤੀ ਹੈ, ਜ਼ਿਮਨੀ ਚੋਣ ਦੇ ਇਸ ਮਾਹੌਲ ਵਿੱਚ ਇੱਕ ਵੱਡਾ ਸਿਆਸੀ ਮੁੱਦਾ ਬਣ ਗਿਆ ਹੈ।
Get all latest content delivered to your email a few times a month.