ਤਾਜਾ ਖਬਰਾਂ
ਪੰਜਾਬ ਦੀ ਸਿਆਸਤ ਵਿੱਚ ਧਾਰਮਿਕ ਸੰਵੇਦਨਸ਼ੀਲਤਾ ਨੂੰ ਲੈ ਕੇ ਇੱਕ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ 'ਤੇ ਸਿੱਖ ਬੱਚਿਆਂ ਦੇ ਜੂੜੇ ਨੂੰ 'ਅਣਉਚਿਤ ਢੰਗ ਨਾਲ ਛੂਹਣ ਅਤੇ ਮਜ਼ਾਕੀਆ ਟਿੱਪਣੀਆਂ' ਕਰਨ ਦੇ ਗੰਭੀਰ ਦੋਸ਼ ਲਾਏ ਹਨ। ਬਾਦਲ ਨੇ ਇਸ ਘਟਨਾ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਇਸ ਨੂੰ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚਾਉਣ ਵਾਲੀ ਕਾਰਵਾਈ ਕਰਾਰ ਦਿੱਤਾ ਹੈ।
ਕੇਸਾਂ ਦੀ ਬੇਅਦਬੀ ਅਤੇ ਕਾਂਗਰਸੀ ਸੁਭਾਅ
ਸੁਖਬੀਰ ਬਾਦਲ ਨੇ ਐਕਸ (X) 'ਤੇ ਲਿਖੇ ਆਪਣੇ ਬਿਆਨ ਵਿੱਚ ਕਿਹਾ ਕਿ "ਸਿੱਖ ਕੌਮ ਦਾ ਨਿਰਾਦਰ ਕਰਨਾ ਅਤੇ ਮਜ਼ਾਕ ਬਣਾਉਣਾ ਕਾਂਗਰਸ ਪਾਰਟੀ ਦੇ ਆਗੂਆਂ ਦਾ ਹੁਣ ਇਕ ਆਮ ਸੁਭਾਅ ਬਣਦਾ ਜਾ ਰਿਹਾ ਹੈ।" ਉਨ੍ਹਾਂ ਸਪੱਸ਼ਟ ਕੀਤਾ ਕਿ ਕੇਸ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਬਖ਼ਸ਼ੇ ਪੰਜ ਕਕਾਰਾਂ ਵਿੱਚੋਂ ਇੱਕ ਅਨਮੋਲ ਦਾਤ ਹਨ ਅਤੇ ਜੂੜੇ ਨੂੰ ਛੂਹਣਾ ਕੇਸਾਂ ਦੀ ਬੇਅਦਬੀ ਹੈ।
ਬਾਦਲ ਨੇ ਦੁੱਖ ਪ੍ਰਗਟਾਇਆ ਕਿ ਪੰਜਾਬ ਵਿੱਚ ਜੰਮੇ ਹੋਣ ਦੇ ਬਾਵਜੂਦ ਰਾਜਾ ਵੜਿੰਗ ਨੂੰ ਸਿੱਖਾਂ ਲਈ ਕੇਸ ਅਤੇ ਜੂੜੇ ਦੀ ਅਹਿਮੀਅਤ ਦੀ ਸਮਝ ਨਹੀਂ ਹੈ। ਉਨ੍ਹਾਂ ਕਿਹਾ ਕਿ ਤਰਨਤਾਰਨ ਸਾਹਿਬ ਵਿਖੇ ਦੋ ਸਿੱਖ ਬੱਚਿਆਂ ਦੇ ਜੂੜਿਆਂ ਉੱਪਰ ਮਜ਼ਾਕੀਆ ਟਿੱਪਣੀਆਂ ਕਰਕੇ ਉਨ੍ਹਾਂ ਨੂੰ ਛੂਹਣਾ ਸਿੱਧੇ ਤੌਰ 'ਤੇ ਕਕਾਰਾਂ ਦੀ ਬੇਅਦਬੀ ਹੈ।
ਅਕਾਲ ਤਖ਼ਤ ਸਾਹਿਬ ਨੂੰ ਅਪੀਲ
ਘਟਨਾ ਦੀ ਗੰਭੀਰਤਾ ਨੂੰ ਦੇਖਦਿਆਂ, ਸੁਖਬੀਰ ਬਾਦਲ ਨੇ ਤੁਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ, ਸਿੰਘ ਸਾਹਿਬ ਜੀ, ਨੂੰ ਬੇਨਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਜਥੇਦਾਰ ਸਾਹਿਬ ਇਸ ਮਾਮਲੇ ਦਾ ਗੰਭੀਰ ਨੋਟਿਸ ਲੈਣ ਅਤੇ ਦੋਸ਼ੀ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।
'ਸੋਚੀ ਸਮਝੀ ਸਾਜ਼ਿਸ਼' ਵੱਲ ਇਸ਼ਾਰਾ
ਅਕਾਲੀ ਦਲ ਦੇ ਪ੍ਰਧਾਨ ਨੇ ਇਸ ਘਟਨਾ ਨੂੰ ਇੱਕ ਇਕੱਲੀ ਵਾਰਦਾਤ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਨੇ ਧਿਆਨ ਦਿਵਾਇਆ ਕਿ ਬੀਤੇ ਦਿਨੀਂ ਰਾਜਾ ਵੜਿੰਗ ਵੱਲੋਂ ਦਲਿਤ ਭਾਈਚਾਰੇ ਬਾਰੇ ਭੱਦੀ ਸ਼ਬਦਾਵਲੀ ਵਰਤਣ ਅਤੇ ਕਾਂਗਰਸ ਆਗੂਆਂ ਵੱਲੋਂ ਚੋਣ ਮੁਹਿੰਮ ਦੌਰਾਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਭਾਈ ਜੀਵਨ ਸਿੰਘ ਜੀ ਦੇ ਨਿਰਾਦਰ ਕਰਨ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਸਨ।
ਸੁਖਬੀਰ ਬਾਦਲ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਇਹ ਸਾਰੀਆਂ ਘਟਨਾਵਾਂ ਕਿਸੇ ਸੋਚੀ ਸਮਝੀ ਸਾਜ਼ਿਸ਼ ਵੱਲ ਇਸ਼ਾਰਾ ਕਰਦੀਆਂ ਹਨ, ਜਿਸ ਬਾਰੇ ਸਮੂਹ ਪੰਜਾਬੀਆਂ ਨੂੰ ਸੁਚੇਤ ਹੋਣ ਦੀ ਸਖ਼ਤ ਜ਼ਰੂਰਤ ਹੈ।
Get all latest content delivered to your email a few times a month.