ਤਾਜਾ ਖਬਰਾਂ
ਨਵਜੋਤ ਕੌਰ ਸਿੱਧੂ ਨੇ ਇੱਕ ਵਾਰ ਫਿਰ ਪੰਜਾਬ ਕਾਂਗਰਸ ਦੀ ਅੰਦਰੂਨੀ ਫੁੱਟ ਨੂੰ ਜਨਤਕ ਕਰਦਿਆਂ, ਪਾਰਟੀ ਦੇ ਕਈ ਸੀਨੀਅਰ ਆਗੂਆਂ 'ਤੇ ਸਖ਼ਤ ਦੋਸ਼ ਲਗਾਏ ਹਨ। 500 ਕਰੋੜ ਰੁਪਏ ਦੇ ਮੁੱਖ ਮੰਤਰੀ ਕੁਰਸੀ ਦੇ ਬਿਆਨ ਤੋਂ ਬਾਅਦ, ਉਨ੍ਹਾਂ ਨੇ ਆਪਣੇ ਹੀ ਆਗੂਆਂ ਨੂੰ 'ਸਿਰੇ ਦੇ ਚੋਰ' ਅਤੇ 'ਨਿਕੰਮੇ' ਕਰਾਰ ਦਿੱਤਾ ਅਤੇ ਦੋਸ਼ ਲਾਇਆ ਕਿ ਇਹ ਲੋਕ ਭਾਜਪਾ ਨਾਲ ਗੰਢਤੁੱਪ ਕਰਕੇ ਕਾਂਗਰਸ ਨੂੰ ਖਤਮ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਆਗੂਆਂ ਨੇ ਨਵਜੋਤ ਸਿੰਘ ਸਿੱਧੂ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ।
ਸੁਖਜਿੰਦਰ ਰੰਧਾਵਾ 'ਤੇ ਗੈਂਗਸਟਰਾਂ ਨਾਲ ਲਿੰਕ ਦੇ ਸਿੱਧੇ ਦੋਸ਼
ਨਵਜੋਤ ਕੌਰ ਸਿੱਧੂ ਨੇ ਇੱਕ ਮੀਡੀਆ ਇੰਟਰਵਿਊ ਵਿੱਚ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਰੰਧਾਵਾ 'ਤੇ ਸਿੱਧੇ ਦੋਸ਼ ਲਗਾਏ ਕਿ ਉਨ੍ਹਾਂ ਦੇ ਗੈਂਗਸਟਰਾਂ ਨਾਲ ਲਿੰਕ ਹਨ। ਉਨ੍ਹਾਂ ਕਿਹਾ ਕਿ ਇਹ ਆਗੂ ਪੈਸੇ ਲੈ-ਲੈ ਕੇ ਪਾਰਟੀ ਦੀਆਂ ਸੀਟਾਂ ਵੇਚਦੇ ਹਨ ਅਤੇ ਕਾਂਗਰਸ ਨੂੰ ਬਰਬਾਦ ਕਰ ਰਹੇ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸਿੱਧੂ ਪਰਿਵਾਰ, ਜੋ ਕਾਂਗਰਸ ਦਾ ਸਿਪਾਹੀ ਹੈ, ਅਜਿਹੇ ਪਾਰਟੀ ਦੁਸ਼ਮਣਾਂ ਨਾਲ ਗੱਲ ਕਰਨਾ ਪਸੰਦ ਨਹੀਂ ਕਰਦਾ।
CM ਅਹੁਦੇ ਦੇ ਚਾਹਵਾਨ 4 ਵੱਡੇ ਨਾਮ
ਨਵਜੋਤ ਕੌਰ ਸਿੱਧੂ ਨੇ ਪੰਜਾਬ ਕਾਂਗਰਸ ਦੇ ਚਾਰ ਵੱਡੇ ਆਗੂਆਂ 'ਤੇ ਨਿਸ਼ਾਨਾ ਸਾਧਿਆ, ਜੋ ਉਨ੍ਹਾਂ ਅਨੁਸਾਰ ਮੁੱਖ ਮੰਤਰੀ ਬਣਨ ਦੀ ਇੱਛਾ ਰੱਖਦੇ ਹਨ:
ਸੁਖਜਿੰਦਰ ਸਿੰਘ ਰੰਧਾਵਾ ਅਤੇ ਚਰਨਜੀਤ ਸਿੰਘ ਚੰਨੀ 'ਤੇ CM ਕੁਰਸੀ ਦੀ ਲਾਲਸਾ ਦਾ ਦੋਸ਼।
ਪ੍ਰਤਾਪ ਸਿੰਘ ਬਾਜਵਾ 'ਤੇ ਭਾਜਪਾ ਆਗੂਆਂ ਨਾਲ ਗੁਪਤ ਮੀਟਿੰਗਾਂ ਕਰਨ ਦਾ ਗੰਭੀਰ ਇਲਜ਼ਾਮ।
ਅਮਰਿੰਦਰ ਸਿੰਘ ਰਾਜਾ ਵੜਿੰਗ 'ਤੇ ਵੀ CM ਬਣਨ ਦੀ ਚਾਹਤ ਰੱਖਣ ਅਤੇ ਲੁਕ-ਛਿਪ ਕੇ ਵਿਰੋਧੀ ਪਾਰਟੀਆਂ ਨਾਲ ਮਿਲਣ ਦਾ ਦੋਸ਼।
ਨਵਜੋਤ ਕੌਰ ਨੇ ਦੁਹਰਾਇਆ ਕਿ ਇਨ੍ਹਾਂ ਸਭ ਨੇ ਮਿਲ ਕੇ ਪੰਜਾਬ ਵਿੱਚ ਕਾਂਗਰਸ ਨੂੰ ਤਬਾਹ ਕਰ ਦਿੱਤਾ ਹੈ। ਉਨ੍ਹਾਂ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਟਿਕਟ ਵੰਡ ਦੌਰਾਨ ਬੁਰਜ ਤੋਂ ਟਿਕਟ ਲੈਣ ਬਦਲੇ ਪ੍ਰਤਾਪ ਸਿੰਘ ਬਾਜਵਾ ਅਤੇ ਰਾਜਾ ਵੜਿੰਗ ਨੂੰ ਪੰਜ-ਪੰਜ ਕਰੋੜ ਰੁਪਏ ਦਿੱਤੇ ਗਏ ਸਨ।
'ਸਿੱਧੂ ਪਰਿਵਾਰ ਨੂੰ ਕੋਈ ਇਤਰਾਜ਼ ਨਹੀਂ, ਬਸ ਸਹਿਮਤੀ ਹੋਵੇ'
ਅੰਤ ਵਿੱਚ, ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਜੇਕਰ ਕਾਂਗਰਸ ਹੁਣ ਵੀ ਇਕਜੁੱਟ ਹੋ ਜਾਵੇ ਤਾਂ ਪੰਜਾਬ ਵਿੱਚ ਸਰਕਾਰ ਬਣਾ ਸਕਦੀ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਜੇ ਪਾਰਟੀ ਨੂੰ ਕਿਸੇ ਨੂੰ ਮੁੱਖ ਮੰਤਰੀ ਚਿਹਰਾ ਐਲਾਨਣਾ ਹੈ, ਤਾਂ ਉਹ ਸਭ ਦੀ ਸਹਿਮਤੀ ਨਾਲ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਿੱਧੂ ਪਰਿਵਾਰ ਨੂੰ ਕਿਸੇ ਤੋਂ ਕੋਈ ਇਤਰਾਜ਼ ਨਹੀਂ ਹੈ, ਬਸ਼ਰਤੇ ਫੈਸਲੇ ਸਹਿਮਤੀ ਨਾਲ ਲਏ ਜਾਣ ਅਤੇ ਪਾਰਟੀ ਇਕਜੁੱਟ ਰਹੇ।
ਨਵਜੋਤ ਕੌਰ ਸਿੱਧੂ ਦੇ ਇਨ੍ਹਾਂ ਦੋਸ਼ਾਂ ਨੇ ਪੰਜਾਬ ਕਾਂਗਰਸ ਦੇ ਆਗੂਆਂ ਵਿਚਾਲੇ ਚੱਲ ਰਹੇ ਖਾਨਾਜੰਗੀ ਨੂੰ ਇੱਕ ਵਾਰ ਫਿਰ ਜੱਗ-ਜ਼ਾਹਿਰ ਕਰ ਦਿੱਤਾ ਹੈ।
Get all latest content delivered to your email a few times a month.