ਤਾਜਾ ਖਬਰਾਂ
ਫਾਜ਼ਿਲਕਾ ਦੇ ਭੰਗਾਲਾ ਪਿੰਡ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ ਹੈ, ਜਿੱਥੇ ਬੇਟੀ ਨਾਲ ਛੇੜਛਾੜ ਦਾ ਵਿਰੋਧ ਕਰਨਾ ਇੱਕ ਪਿਤਾ ਦੀ ਜਾਨ ‘ਤੇ ਭਾਰੀ ਪੈ ਗਿਆ। ਜਾਣਕਾਰੀ ਮੁਤਾਬਕ, ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨ ਵਾਲੇ 3 ਬੱਚਿਆਂ ਦੇ ਪਿਤਾ ਬਲਕਾਰ ਸਿੰਘ ਦੀ ਉਸਦੇ ਹੀ ਗੁਆਂਢੀ ਪਰਿਵਾਰ ਵੱਲੋਂ ਕਤਲ ਕਰ ਦਿੱਤਾ ਗਿਆ।
ਘਟਨਾ ਉਸ ਵੇਲੇ ਵਾਪਰੀ ਜਦੋਂ ਬਲਕਾਰ ਸਿੰਘ ਆਪਣੀ ਬੇਟੀ ਨਾਲ ਲੰਮੇ ਸਮੇਂ ਤੋਂ ਛੇੜਛਾੜ ਕਰ ਰਹੇ ਨੌਜਵਾਨ ਮਨਜਿੰਦਰ ਸਿੰਘ ਉਰਫ਼ ਮਨੀ ਦੀ ਸ਼ਿਕਾਇਤ ਕਰਨ, ਉਸਦੇ ਘਰ ਵੱਲ ਜਾ ਰਿਹਾ ਸੀ। ਬਲਕਾਰ ਦੀ ਪਤਨੀ ਚਰਨਜੀਤ ਕੌਰ ਦੇ ਬਿਆਨ ਅਨੁਸਾਰ, ਉਹ ਸ਼ਾਮ 5 ਵਜੇ ਘਰੋਂ ਨਿਕਲਿਆ ਹੀ ਸੀ ਕਿ ਮਨਜਿੰਦਰ, ਉਸਦਾ ਭਰਾ ਤਰਸੇਮ ਸਿੰਘ, ਪਿਤਾ ਚੰਦ ਸਿੰਘ ਅਤੇ ਮਾਂ ਹਰਪ੍ਰੀਤ ਕੌਰ ਨੇ ਉਸਨੂੰ ਘਰ ਦੇ ਬਾਹਰ ਹੀ ਘੇਰ ਲਿਆ।
ਪਰਿਵਾਰਕ ਝਗੜੇ ਨੇ ਕੁਰੂਰ ਰੂਪ ਧਾਰ ਲਿਆ ਅਤੇ ਹਮਲਾਵਰਾਂ ਨੇ ਬਲਕਾਰ ਸਿੰਘ ਦੀ ਗਰਦਨ ਅਤੇ ਸਿਰ ‘ਤੇ ਦਰਿੰਦਗੀ ਨਾਲ ਵਾਰ ਕੀਤੇ, ਜਿਸ ਕਾਰਨ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ। ਪਰਿਵਾਰ ਦੇ ਮੁਤਾਬਕ, ਮਨਜਿੰਦਰ ਲੜਕੀ ਨੂੰ ਕਾਫ਼ੀ ਸਮੇਂ ਤੋਂ ਤੰਗ ਕਰਦਾ ਆ ਰਿਹਾ ਸੀ। ਲੜਕੀ 12ਵੀਂ ਕਲਾਸ ਤੋਂ ਬਾਅਦ ਪੜ੍ਹਾਈ ਛੱਡ ਕੇ ਘਰ ‘ਚ ਹੀ ਸੀ ਅਤੇ ਇਹ ਤੰਗ-ਪ੍ਰੇਸ਼ਾਨੀ ਲੰਮੇ ਸਮੇਂ ਤੋਂ ਚੱਲ ਰਹੀ ਸੀ।
ਪੁਲਿਸ ਨੇ ਲਾਸ਼ ਨੂੰ ਸਰਕਾਰੀ ਹਸਪਤਾਲ ਭੇਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਲਈ ਹੈ। ਥਾਣਾ ਇੰਚਾਰਜ ਰਵਿੰਦਰ ਸ਼ਰਮਾ ਅਨੁਸਾਰ ਮ੍ਰਿਤਕ ਦੀ ਪਤਨੀ ਦੇ ਬਿਆਨਾਂ ‘ਤੇ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਦੋਸ਼ੀ ਪਰਿਵਾਰ ਇਸ ਵੇਲੇ ਫਰਾਰ ਹੈ, ਪਰ ਪੁਲਿਸ ਨੇ ਤਿੰਨ ਟੀਮਾਂ ਤਿਆਰ ਕੀਤੀਆਂ ਹਨ ਅਤੇ ਉਨ੍ਹਾਂ ਦੇ ਸੰਭਾਵਿਤ ਠਿਕਾਣਿਆਂ ‘ਤੇ ਛਾਪੇਮਾਰੀ ਜਾਰੀ ਹੈ। ਪੁਲਿਸ ਦਾ ਦਾਅਵਾ ਹੈ ਕਿ ਚਾਰਾਂ ਵਿੱਚੋਂ ਇੱਕ ਮੁਲਜ਼ਮ ਨੂੰ ਦੇਰ ਸ਼ਾਮ ਤੱਕ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਪਰਿਵਾਰ ਨੇ ਮੰਗ ਕੀਤੀ ਹੈ ਕਿ ਕਾਤਲਾਂ ਨੂੰ ਜਲਦੀ ਗ੍ਰਿਫ਼ਤਾਰ ਕਰਕੇ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ, ਤਾਂ ਜੋ ਬੇਟੀਆਂ ਦੀ ਸੁਰੱਖਿਆ ਲਈ ਆਵਾਜ਼ ਉਠਾਉਣ ਵਾਲਿਆਂ ਨਾਲ ਇਨਸਾਫ਼ ਹੋ ਸਕੇ।
Get all latest content delivered to your email a few times a month.