ਤਾਜਾ ਖਬਰਾਂ
ਚੰਡੀਗੜ੍ਹ ਦੇ ਸੈਕਟਰ 22-23 ਦੀ ਡਿਵਾਈਡਿੰਗ ਸੜਕ ‘ਤੇ ਦੇਰ ਰਾਤ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ, ਜਦੋਂ ਇੱਕ BMW ਕਾਰ ਅਚਾਨਕ ਅੱਗ ਦੀ ਲਪੇਟ ਵਿੱਚ ਆ ਗਈ। ਇਹ ਕਾਰ ਸੈਕਟਰ 15 ਦੇ ਰਹਿਣ ਵਾਲੇ ਨੌਜਵਾਨ ਸਾਹਿਲ ਦੀ ਸੀ, ਜੋ ਮੋਹਾਲੀ ਦੇ ਫੇਜ਼ 12 ਵਿੱਚ ਆਪਣੀ 2012 ਮਾਡਲ BMW ਦੀ ਸਰਵਿਸ ਕਰਵਾ ਕੇ ਘਰ ਵੱਲ ਮੁੜ ਰਿਹਾ ਸੀ।
ਸਾਹਿਲ ਦੇ ਮੁਤਾਬਕ, ਸਫ਼ਰ ਦੌਰਾਨ ਕਾਰ ਦੇ ਅੰਦਰੋਂ ਅਚਾਨਕ ਭਾਰੀ ਧੂੰਆ ਨਿਕਲਣਾ ਸ਼ੁਰੂ ਹੋ ਗਿਆ। ਸਥਿਤੀ ਨੂੰ ਗੰਭੀਰ ਦੇਖਦੇ ਹੋਏ ਉਸਨੇ ਤੁਰੰਤ ਕਾਰ ਰੋਕੀ ਅਤੇ ਜਾਨ ਬਚਾਉਂਦੇ ਹੋਏ ਬਾਹਰ ਆ ਨਿਕਲਿਆ। ਕੁਝ ਹੀ ਪਲਾਂ ਵਿੱਚ ਇੰਜਣ ਵਿੱਚੋਂ ਭੜਕੇ ਸ਼ੋਲਿਆਂ ਨੇ ਪੂਰੀ ਕਾਰ ਨੂੰ ਘੇਰ ਲਿਆ ਅਤੇ ਲਗਭਗ ਮੁਲਕਾਂ ਦੇ ਸਮੇਂ ਵਿੱਚ ਇਹ ਪੂਰੀ ਤਰ੍ਹਾਂ ਸੁਆਹ ਵਿੱਚ ਤਬਦੀਲ ਹੋ ਗਈ।
ਅੱਗ ਦੇ ਭਿਆਨਕ ਮੰਜ਼ਰ ਨੂੰ ਦੇਖ ਕੇ ਸੜਕ ‘ਤੇ ਮੌਜੂਦ ਲੋਕ ਵੀ ਦਹਿਸ਼ਤ ਵਿੱਚ ਆ ਗਏ ਅਤੇ ਭਾਰੀ ਭੀੜ ਇਕੱਠੀ ਹੋ ਗਈ। ਸਥਾਨਕਾਂ ਨੇ ਤੁਰੰਤ ਇਸ ਘਟਨਾ ਦੀ ਸੂਚਨਾ ਪੁਲਿਸ ਅਤੇ ਫਾਇਰ ਬ੍ਰਿਗੇਡ ਨੂੰ ਦਿੱਤੀ। ਮੌਕੇ ‘ਤੇ ਪਹੁੰਚ ਕੇ ਅੱਗ ਬੁਝਾਉਣ ਵਾਲੀ ਟੀਮ ਨੇ ਕਾਫ਼ੀ ਮਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ।
ਸਾਹਿਲ ਨੇ ਦੱਸਿਆ ਕਿ ਉਸਦੀ ਕਾਰ ਦਾ ਬੀਮਾ ਨਹੀਂ ਸੀ ਜਿਸ ਕਾਰਨ ਉਸਦਾ ਕਾਫ਼ੀ ਵਿੱਤੀ ਨੁਕਸਾਨ ਹੋਇਆ। ਉਸਨੇ ਦੱਸਿਆ ਕਿ ਕਾਰ ਵਿੱਚ ਪਹਿਲਾਂ ਕੋਈ ਤਕਨੀਕੀ ਖ਼ਰਾਬੀ ਨਹੀਂ ਸੀ ਅਤੇ ਇਹ ਹਾਦਸਾ ਸਰਵਿਸਿੰਗ ਤੋਂ ਸਿਰਫ਼ ਕੁਝ ਘੰਟਿਆਂ ਬਾਅਦ ਹੀ ਵਾਪਰਿਆ, ਜਿਸ ਨਾਲ ਕਈ ਸਵਾਲ ਖੜ੍ਹੇ ਹੋ ਰਹੇ ਹਨ। ਸਾਹਿਲ ਨੇ ਇਹ ਵੀ ਕਿਹਾ ਕਿ ਜੇ ਉਹ ਧੂੰਆ ਨਜ਼ਰ ਆਉਣ ‘ਤੇ ਕੁਝ ਪਲ ਹੋਰ ਕਾਰ ਵਿੱਚ ਰੁਕਦਾ, ਤਾਂ ਨਤੀਜੇ ਘਾਤਕ ਹੋ ਸਕਦੇ ਸਨ।
ਇਹ ਘਟਨਾ ਸੜਕ ‘ਤੇ ਚੱਲਦੀਆਂ ਗੱਡੀਆਂ ਦੀ ਤਕਨੀਕੀ ਜਾਂਚ ਅਤੇ ਸਰਵਿਸਿੰਗ ਬਾਅਦ ਦੀ ਸੁਰੱਖਿਆ ਲਈ ਇੱਕ ਚੇਤਾਵਨੀ ਵਜੋਂ ਸਾਹਮਣੇ ਆਈ ਹੈ।
Get all latest content delivered to your email a few times a month.