ਤਾਜਾ ਖਬਰਾਂ
ਪੰਜਾਬ ਦੇ ਨੌਜਵਾਨਾਂ ਬਾਰੇ ਅਕਸਰ ਨਸ਼ਿਆਂ ਦੇ ਸੰਦਰਭ ਵਿੱਚ ਚਰਚਾ ਹੁੰਦੀ ਹੈ, ਪਰ ਇਸਦੇ ਬਾਵਜੂਦ ਰਾਜ ਦੇ ਬਹੁਤ ਸਾਰੇ ਨੌਜਵਾਨ ਖੇਡਾਂ ਰਾਹੀਂ ਨਵੀਂ ਉਡਾਰੀ ਭਰ ਰਹੇ ਹਨ। ਲੁਧਿਆਣਾ ਦਾ ਉਜਸ ਇਸਦਾ ਜੀਵੰਤ ਉਦਾਹਰਨ ਹੈ, ਜਿਸ ਨੇ ਅੰਡਰ-17 ਨੇਸ਼ਨਲ ਸਵੀਮਿੰਗ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੋ ਤਗਮੇ ਆਪਣੇ ਨਾਮ ਕੀਤੇ।
ਉਜਸ ਦੀ ਇਸ ਸਫਲਤਾ ਦੇ ਪਿੱਛੇ ਉਸਦੇ ਪਿਤਾ ਅਤੇ ਕੋਚ ਮਾਧਵਨ ਦੀ ਸਾਲਾਂ ਦੀ ਮਿਹਨਤ ਤੇ ਸਮਰਪਣ ਲੁਕਿਆ ਹੈ। ਮਾਧਵਨ ਖੁਦ ਵੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਮੰਨੇ-ਪ੍ਰਮੰਨੇ ਸਵੀਮਰ ਰਹੇ ਹਨ ਅਤੇ ਲਗਭਗ 22 ਤਗਮੇ ਜਿੱਤ ਚੁੱਕੇ ਹਨ। ਉਨ੍ਹਾਂ ਦਾ ਸੁਪਨਾ ਸੀ ਕਿ ਉਹਨਾਂ ਦਾ ਪੁੱਤਰ ਵੀ ਖੇਡਾਂ, ਖ਼ਾਸਕਰ ਸਵੀਮਿੰਗ ਵਿੱਚ, ਉੱਚਾਈਆਂ ਨੂੰ ਛੂਹੇ—ਅਤੇ ਉਜਸ ਆਪਣੀ ਪ੍ਰਾਪਤੀਆਂ ਨਾਲ ਇਸ ਸੁਪਨੇ ਨੂੰ ਹਕੀਕਤ ਦੇ ਨੇੜੇ ਲੈ ਗਿਆ ਹੈ।
ਮਾਧਵਨ ਦੱਸਦੇ ਹਨ ਕਿ ਉਹ ਪਿਛਲੇ ਨੌਂ ਸਾਲਾਂ ਤੋਂ ਆਪਣੇ ਬੇਟੇ ਨੂੰ ਕਈ-ਕਈ ਘੰਟਿਆਂ ਦੀ ਕਠੋਰ ਟ੍ਰੇਨਿੰਗ ਦਿੰਦੇ ਆ ਰਹੇ ਹਨ। ਜ਼ਿਲ੍ਹਾ ਅਤੇ ਰਾਜ ਪੱਧਰ 'ਤੇ ਕਈ ਤਗਮੇ ਜਿੱਤਣ ਤੋਂ ਬਾਅਦ, ਉਜਸ ਨੇ ਹੁਣ ਨੈਸ਼ਨਲ ਪੱਧਰ 'ਤੇ ਵੀ ਦਿੱਲੀ ਵਿੱਚ ਸਕੂਲ ਗੇਮਸ ਫੇਡਰੇਸ਼ਨ ਆਫ਼ ਇੰਡੀਆ ਵੱਲੋਂ ਹੋਏ ਮੁਕਾਬਲਿਆਂ ਵਿੱਚ ਦੋ ਤਗਮੇ ਜਿੱਤ ਕੇ ਦੇਸ਼ ਦਾ ਨਾਂ ਰੋਸ਼ਨ ਕਰ ਦਿੱਤਾ।
ਉਜਸ ਨੇ ਦੱਸਿਆ ਕਿ ਨੈਸ਼ਨਲ ਲੈਵਲ 'ਤੇ ਮਿਲੀ ਸਫਲਤਾ ਉਸ ਲਈ ਇੱਕ ਨਵੀਂ ਸ਼ੁਰੂਆਤ ਹੈ। ਹੁਣ ਉਸਦਾ ਧਿਆਨ ਇੰਟਰਨੈਸ਼ਨਲ ਸਵੀਮਿੰਗ ਮੁਕਾਬਲਿਆਂ ਦੀ ਤਿਆਰੀ 'ਤੇ ਹੈ। ਉਹ ਚਾਹੁੰਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਵਿਸ਼ਵ ਪੱਧਰ 'ਤੇ ਮੈਡਲ ਜਿੱਤ ਕੇ ਦੇਸ਼ ਦੇ ਨਾਲ-ਨਾਲ ਆਪਣੇ ਮਾਤਾ-ਪਿਤਾ ਦਾ ਮਾਣ ਹੋਰ ਵਧਾਏ।
ਉਜਸ ਦਾ ਜਜ਼ਬਾ ਅਤੇ ਮਾਧਵਨ ਦੀ ਮਿਹਨਤ ਇਹ ਸਾਬਤ ਕਰਦੀ ਹੈ ਕਿ ਦ੍ਰਿੜ ਇਰਾਦੇ ਅਤੇ ਸਹੀ ਰਹਿਨੁਮਾ ਮਿਲੇ ਤਾਂ ਪੰਜਾਬ ਦੇ ਨੌਜਵਾਨ ਖੇਡਾਂ ਵਿੱਚ ਅੰਤਰਰਾਸ਼ਟਰੀ ਪੱਧਰ ਤੱਕ ਚਮਕ ਸਕਦੇ ਹਨ।
Get all latest content delivered to your email a few times a month.