ਤਾਜਾ ਖਬਰਾਂ
ਇੰਡੀਗੋ ਏਅਰਲਾਈਨ ਵਿੱਚ ਪਿਛਲੇ ਦਿਨਾਂ ਤੋਂ ਚੱਲ ਰਹੇ ਸੰਕਟਮਈ ਹਾਲਾਤਾਂ ਵਿੱਚ ਹੁਣ ਇੱਕ ਵੱਡਾ ਅੱਪਡੇਟ ਸਾਹਮਣੇ ਆਇਆ ਹੈ। ਇੰਡੀਗੋ ਦੇ ਸੀਈਓ ਪੀਟਰ ਐਲਬਰਸ ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ ਖਾਤੇ ਰਾਹੀਂ ਲੋਕਾਂ ਨਾਲ ਸਿੱਧਾ ਸੰਬੋਧਨ ਕਰਦੇ ਹੋਏ ਕੰਪਨੀ ਦੀ ਸਥਿਤੀ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਕਿਹਾ ਕਿ ਕਈ ਦਿਨਾਂ ਦੀ ਦੇਰੀ, ਰੱਦ ਹੋਈਆਂ ਉਡਾਣਾਂ ਅਤੇ ਯਾਤਰੀਆਂ ਦੀ ਪ੍ਰੇਸ਼ਾਨੀ ਤੋਂ ਬਾਅਦ ਹੁਣ ਏਅਰਲਾਈਨ ਦੀਆਂ ਜ਼ਿਆਦਾਤਰ ਸੇਵਾਵਾਂ ਮੁੜ ਪੂਰੀ ਤਰ੍ਹਾਂ ਪਟੜੀ 'ਤੇ ਆ ਗਈਆਂ ਹਨ।
ਪੀਟਰ ਐਲਬਰਸ ਨੇ ਯਾਤਰੀਆਂ ਤੋਂ ਦਿਲੋਂ ਮੁਆਫੀ ਮੰਗਦਿਆਂ ਕਿਹਾ ਕਿ ਹਵਾਈ ਯਾਤਰਾ ਸਿਰਫ਼ ਸਫਰ ਨਹੀਂ, ਸਗੋਂ ਲੋਕਾਂ ਦੀਆਂ ਭਾਵਨਾਵਾਂ, ਉਮੀਦਾਂ ਅਤੇ ਜ਼ਰੂਰਤਾਂ ਨੂੰ ਜੋੜਦੀ ਹੈ। ਉਨ੍ਹਾਂ ਮੰਨਿਆ ਕਿ ਪਿਛਲੇ ਦਿਨਾਂ ਵਿੱਚ ਹਜ਼ਾਰਾਂ ਯਾਤਰੀ ਆਪਣੇ ਮੰਜ਼ਿਲਾਂ ਤੱਕ ਨਹੀਂ ਪਹੁੰਚ ਸਕੇ ਅਤੇ ਇਹ ਉਨ੍ਹਾਂ ਲਈ ਵੱਡੀ ਅਸੁਵਿਧਾ ਵਾਲੀ ਸਥਿਤੀ ਸੀ। ਉਨ੍ਹਾਂ ਨੇ ਵਿਸ਼ੇਸ਼ ਤੌਰ ਤੇ ਦੱਸਿਆ ਕਿ ਭਾਵੇਂ ਕੰਪਨੀ ਰੱਦ ਕੀਤੀਆਂ ਉਡਾਣਾਂ ਨੂੰ ਵਾਪਸ ਨਹੀਂ ਲਿਆ ਸਕਦੀ, ਪਰ ਟੀਮ ਨੇ ਦਿਨ-ਰਾਤ ਮਿਹਨਤ ਕਰਕੇ ਸਥਿਤੀ ਸੰਭਾਲ ਲਈ ਹੈ।
ਰਿਫ਼ੰਡ ਨੂੰ ਲੈ ਕੇ ਸੀਈਓ ਨੇ ਸਪੱਸ਼ਟ ਕੀਤਾ ਕਿ ਇੰਡੀਗੋ ਕਿਸੇ ਵੀ ਯਾਤਰੀ ਦੇ ਬਕਾਏ ਨੂੰ ਰੋਕ ਨਹੀਂ ਰਹੀ। ਬਿਨਾਂ ਕਿਸੇ ਪ੍ਰਸ਼ਨ ਜਾਂ ਕਾਰਵਾਈ ਦੇ, ਲੱਖਾਂ ਯਾਤਰੀਆਂ ਨੂੰ ਰਿਫ਼ੰਡ ਜਾਰੀ ਕੀਤੇ ਗਏ ਹਨ ਅਤੇ ਪ੍ਰਕਿਰਿਆ ਹੁਣ ਵੀ ਜਾਰੀ ਹੈ। ਉਨ੍ਹਾਂ ਕਿਹਾ ਕਿ ਹਵਾਈ ਅੱਡਿਆਂ 'ਤੇ ਫਸੇ ਜ਼ਿਆਦਾਤਰ ਲੋਕਾਂ ਨੂੰ ਉਹਨਾਂ ਦੇ ਘਰਾਂ ਤੱਕ ਸੁਰੱਖਿਅਤ ਪਹੁੰਚਾਇਆ ਜਾ ਚੁੱਕਾ ਹੈ, ਅਤੇ ਬਾਕੀ ਲਈ ਟੀਮਾਂ ਲਗਾਤਾਰ ਕੰਮ ਕਰ ਰਹੀਆਂ ਹਨ।
ਉਡਾਣ ਸੰਚਾਲਨ ਬਾਰੇ ਜਾਣਕਾਰੀ ਦਿੰਦਿਆਂ, ਉਨ੍ਹਾਂ ਦੱਸਿਆ ਕਿ 5 ਦਸੰਬਰ ਨੂੰ ਕੰਪਨੀ ਸਿਰਫ਼ 700 ਉਡਾਣਾਂ ਚਲਾ ਸਕੀ ਸੀ, ਪਰ ਅਗਲੇ ਦਿਨਾਂ ਵਿੱਚ ਸੇਵਾਵਾਂ ਤੇਜ਼ੀ ਨਾਲ ਬਹਾਲ ਕੀਤੀਆਂ ਗਈਆਂ। 6 ਦਸੰਬਰ ਨੂੰ 1,500, 7 ਦਸੰਬਰ ਨੂੰ 1,650, ਅਤੇ 8 ਦਸੰਬਰ ਨੂੰ 1,800 ਉਡਾਣਾਂ ਚਲਾਈਆਂ ਗਈਆਂ। 9 ਦਸੰਬਰ ਨੂੰ ਇਹ ਗਿਣਤੀ 1,800 ਤੋਂ ਵੀ ਵੱਧ ਹੋ ਗਈ। ਸਭ ਤੋਂ ਵੱਡੀ ਖ਼ਬਰ ਇਹ ਹੈ ਕਿ ਇੰਡੀਗੋ ਨੇ ਆਪਣੀਆਂ ਸਾਰੀਆਂ 138 ਮੰਜ਼ਲਾਂ ਲਈ ਉਡਾਣਾਂ ਮੁੜ ਸਧਾਰਨ ਤਰੀਕੇ ਨਾਲ ਸ਼ੁਰੂ ਕਰ ਦਿੱਤੀਆਂ ਹਨ।
ਪੀਟਰ ਐਲਬਰਸ ਨੇ ਯਕੀਨ ਦਵਾਇਆ ਕਿ ਕੰਪਨੀ ਗਾਹਕਾਂ ਦੇ ਭਰੋਸੇ ਨੂੰ ਸਭ ਤੋਂ ਵੱਧ ਤਰਜੀਹ ਦਿੰਦੀ ਹੈ ਅਤੇ ਅਗਲੇ ਦਿਨਾਂ ਵਿੱਚ ਇਹ ਯਕੀਨੀ ਬਣਾਇਆ ਜਾਵੇਗਾ ਕਿ ਕਿਸੇ ਵੀ ਯਾਤਰੀ ਨੂੰ ਇਸ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
Get all latest content delivered to your email a few times a month.