IMG-LOGO
ਹੋਮ ਪੰਜਾਬ, ਰਾਸ਼ਟਰੀ, ਪੰਜਾਬ ਸਰਕਾਰ ਵੱਲੋਂ ਮੋਹਾਲੀ ਦੀ ਸਰਕਾਰੀ ਸੰਸਥਾ 'ਚ ਪਹਿਲਾ ਸਫ਼ਲ...

ਪੰਜਾਬ ਸਰਕਾਰ ਵੱਲੋਂ ਮੋਹਾਲੀ ਦੀ ਸਰਕਾਰੀ ਸੰਸਥਾ 'ਚ ਪਹਿਲਾ ਸਫ਼ਲ ਲਿਵਰ ਟ੍ਰਾਂਸਪਲਾਂਟ, ਸਿਹਤ ਖੇਤਰ 'ਚ ਇਤਿਹਾਸਕ ਉਪਲਬਧੀ

Admin User - Dec 09, 2025 08:50 PM
IMG

ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਿਹਤ ਖੇਤਰ ਵਿੱਚ ਵੱਡਾ ਮੀਲ ਪੱਥਰ ਸਥਾਪਿਤ ਕਰਦਿਆਂ ਮੋਹਾਲੀ ਸਥਿਤ ਪੰਜਾਬ ਇੰਸਟੀਚਿਊਟ ਆਫ਼ ਲਿਵਰ ਐਂਡ ਬਿਲੀਅਰੀ ਸਾਇੰਸਿਜ਼ ਵਿੱਚ ਪਹਿਲੀ ਵਾਰ ਸਰਕਾਰੀ ਪੱਧਰ ’ਤੇ ਲਿਵਰ ਟ੍ਰਾਂਸਪਲਾਂਟ ਸਫ਼ਲਤਾਪੂਰਵਕ ਕਰਕੇ ਇਤਿਹਾਸ ਰਚਿਆ। ਮੰਗਲਵਾਰ ਨੂੰ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਮਰੀਜ਼ ਨੂੰ ਮੀਡੀਆ ਸਾਹਮਣੇ ਪੇਸ਼ ਕਰਦਿਆਂ ਦੱਸਿਆ ਕਿ ਇਹ ਪੰਜਾਬ ਦੇ ਸਰਕਾਰੀ ਸਿਹਤ ਪ੍ਰਣਾਲੀ ਲਈ ਅਦਭੁਤ ਉਪਲਬਧੀ ਹੈ। ਉਨ੍ਹਾਂ ਨਾਲ ਪ੍ਰਿੰਸੀਪਲ ਸਕੱਤਰ ਸਿਹਤ ਕੁਮਾਰ ਰਾਹੁਲ ਵੀ ਮੌਜੂਦ ਸਨ।

ਇਸ ਟ੍ਰਾਂਸਪਲਾਂਟ ਦੀ ਖ਼ਾਸ ਗੱਲ ਇਹ ਰਹੀ ਕਿ ਮਰੀਜ਼ ਨੂੰ ਕੇਵਲ ਕਰੀਬ 12 ਲੱਖ ਰੁਪਏ ਵਿੱਚ ਉਹ ਇਲਾਜ ਪ੍ਰਦਾਨ ਕੀਤਾ ਗਿਆ, ਜੋ ਨਿੱਜੀ ਹਸਪਤਾਲਾਂ ਵਿੱਚ 45–50 ਲੱਖ ਤੱਕ ਪੈਂਦਾ ਹੈ। 27 ਨਵੰਬਰ 2025 ਨੂੰ ਕੀਤੀ ਗਈ ਇਹ ਸਰਜਰੀ ਪੂਰੀ ਤਰ੍ਹਾਂ ਸਫ਼ਲ ਰਹੀ ਅਤੇ ਮਰੀਜ਼ ਦੀ ਹਾਲਤ ਹੁਣ ਬਿਲਕੁਲ ਸਥਿਰ ਹੈ। ਡਾਕਟਰਾਂ ਦੇ ਮੁਤਾਬਕ ਮਰੀਜ਼ ਨੂੰ ਇੱਕ–ਦੋ ਦਿਨਾਂ ਵਿੱਚ ਛੁੱਟੀ ਮਿਲ ਸਕਦੀ ਹੈ। ਸਿਹਤ ਮੰਤਰੀ ਨੇ ਡਾ. ਵੀਰੇਂਦਰ ਸਿੰਘ ਅਤੇ ਡਾ. ਕੇ. ਰਾਜਸ਼ੇਖਰ ਦੀ ਅਗਵਾਈ ਵਾਲੀ ਮੈਡੀਕਲ ਟੀਮ ਦੀ ਭੂਮਿਕਾ ਦੀ ਖ਼ਾਸ ਤੌਰ 'ਤੇ ਪ੍ਰਸ਼ੰਸਾ ਕੀਤੀ।

ਡਾ. ਸਿੰਘ ਨੇ ਚੰਡੀਗੜ੍ਹ ਦੇ PGIMER ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਹਰਿਆਣਾ ਦੇ ਇੱਕ ਬ੍ਰੇਨ ਡੈੱਡ ਦਾਤਾ ਤੋਂ ਲਿਵਰ ਉਪਲਬਧ ਕਰਵਾਇਆ। ਉਨ੍ਹਾਂ ਨੇ ਅੰਗ ਦਾਨ ਕਰਨ ਵਾਲੇ ਪਰਿਵਾਰ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ, ਕਿਉਂਕਿ ਉਨ੍ਹਾਂ ਦੀ ਸਮਝਦਾਰੀ ਅਤੇ ਹਿੰਮਤ ਨੇ ਕਈ ਜਾਨਾਂ ਨੂੰ ਨਵੀਂ ਉਮੀਦ ਦਿੱਤੀ। ਉਨ੍ਹਾਂ ਕਿਹਾ ਕਿ ਰਾਜ ਵਿੱਚ ਅੰਗ ਦਾਨ ਪ੍ਰਤੀ ਜਾਗਰੂਕਤਾ ਲਿਆਉਣ ਲਈ ਸਰਕਾਰ ਵੱਲੋਂ ਕਈ ਕਦਮ ਚੁੱਕੇ ਜਾ ਰਹੇ ਹਨ।

ਸਿਹਤ ਮੰਤਰੀ ਨੇ ਦੱਸਿਆ ਕਿ ਪੰਜਾਬ ਇੰਸਟੀਚਿਊਟ ਆਫ਼ ਲਿਵਰ ਐਂਡ ਬਿਲੀਅਰੀ ਸਾਇੰਸਿਜ਼ ਨੂੰ ਵਿਸ਼ਵ ਪੱਧਰੀ ਹੈਪਾਟੋਬਿਲੀਅਰੀ ਕੇਂਦਰ ਵਜੋਂ ਵਿਕਸਿਤ ਕੀਤਾ ਜਾ ਰਿਹਾ ਹੈ। ਸੰਸਥਾ ਵਿੱਚ ਡੀਜੀਟਲ ਸਬਟ੍ਰੈਕਸ਼ਨ ਐਂਜੀਓਗ੍ਰਾਫੀ ਮਸ਼ੀਨ, ਨਵਾਂ ਸੀਟੀ ਸਕੈਨਰ, ਐਮਆਰਆਈ, ਆਟੋਮੇਟਿਡ ਬਾਇਓਕੈਮੀਸਟਰੀ ਐਨਾਲਾਈਜ਼ਰ ਅਤੇ ਆਧੁਨਿਕ ਬਲੱਡ ਬੈਂਕ ਸਮੇਤ ਕਈ ਅਧੁਨਿਕ ਸਹੂਲਤਾਂ ਜੋੜੀਆਂ ਜਾ ਰਹੀਆਂ ਹਨ। ਇਸਦੇ ਨਾਲ ਹੀ 175 ਬਿਸਤਰਿਆਂ ਵਾਲਾ ਨਵਾਂ ਇਨਡੋਰ ਬਲਾਕ ਵੀ ਤਿਆਰ ਕੀਤਾ ਜਾ ਰਿਹਾ ਹੈ।

ਅੰਤ ਵਿੱਚ, ਉਨ੍ਹਾਂ ਐਲਾਨ ਕੀਤਾ ਕਿ ਅਗਲੇ ਸਾਲ ਤੱਕ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿੱਚ ਗੁਰਦਾ ਟ੍ਰਾਂਸਪਲਾਂਟ ਦੀ ਸਹੂਲਤ ਵੀ ਸ਼ੁਰੂ ਕਰ ਦਿੱਤੀ ਜਾਵੇਗੀ ਅਤੇ ਸਾਰੇ ਸਰਕਾਰੀ ਮੈਡੀਕਲ ਕਾਲਜਾਂ ਨੂੰ ਅੰਗ ਪ੍ਰਾਪਤੀ ਕੇਂਦਰ ਵਜੋਂ ਤਬਦੀਲ ਕੀਤਾ ਜਾਵੇਗਾ। ਇਸ ਦੇ ਨਾਲ ਹੀ, 10 ਲੱਖ ਰੁਪਏ ਤੱਕ ਦੀ ਕੈਸ਼ਲੈਸ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਜਨਵਰੀ 2026 ਤੋਂ ਸੂਬੇ ਭਰ ਵਿੱਚ ਲਾਗੂ ਹੋ ਜਾਵੇਗੀ, ਜਿਸ ਨਾਲ ਗਰੀਬ ਅਤੇ ਮੱਧਵਰਗ ਪਰਿਵਾਰਾਂ ਨੂੰ ਵੱਡਾ ਰਾਹਤ ਮਿਲੇਗੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.