ਤਾਜਾ ਖਬਰਾਂ
ਬਠਿੰਡਾ ਜ਼ਿਲ੍ਹੇ ਦੇ ਹਲਕਾ ਭੁੱਚੋ ਵਿੱਚ ਸਥਿਤ ਪਿੰਡ ਨੇਹੀਆਂਵਾਲਾ ਦੇ ਰਹਿਣ ਵਾਲਿਆਂ ਨੇ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦਾ ਪੂਰਨ ਤੌਰ 'ਤੇ ਬਾਈਕਾਟ ਕਰਨ ਦਾ ਫ਼ੈਸਲਾ ਲਿਆ ਹੈ। ਚਿੜੀਆ ਸਿੰਘ ਬਸਤੀ ਦੇ ਲੋਕਾਂ ਨੇ "ਵੋਟ ਬਦਲੇ ਪੀਤੀ ਸ਼ਰਾਬ ਨਾਲ ਮਾਰੇ ਲਲਕਾਰੇ, ਆਉਣ ਵਾਲੀਆਂ ਪੀੜੀਆਂ ਦੀਆਂ ਚੀਕਾਂ ਬਣ ਕੇ ਨਿਕਲਣਗੇ" ਵਾਲੇ ਪੋਸਟਰ ਜਾਰੀ ਕਰਕੇ ਆਪਣਾ ਰੋਸ ਪ੍ਰਗਟਾਇਆ। ਲੋਕਾਂ ਦਾ ਕਹਿਣਾ ਹੈ ਕਿ ਪਿੰਡ ਵਿੱਚ ਪੀਣ ਵਾਲੇ ਪਾਣੀ ਦੀ ਸਹੂਲਤ ਅਤੇ ਗੰਦੇ ਪਾਣੀ ਦੀ ਨਿਕਾਸੀ ਦੀ ਕੋਈ ਢੰਗ ਦੀ ਪ੍ਰਣਾਲੀ ਨਹੀਂ ਹੈ, ਜਿਸ ਕਰਕੇ ਰੋਜ਼ਾਨਾ ਦੀ ਜ਼ਿੰਦਗੀ ਮੁਸ਼ਕਲ ਹੋ ਚੁੱਕੀ ਹੈ ਅਤੇ ਸਿਹਤ ਲਈ ਵੀ ਖ਼ਤਰਾ ਪੈਦਾ ਹੋ ਗਿਆ ਹੈ।
ਪਿੰਡ ਵਾਸੀਆਂ ਦਾ ਦਾਅਵਾ ਹੈ ਕਿ ਜਲ ਸਰੋਤ ਵਿਭਾਗ ਵੱਲੋਂ ਕੋਟਭਾਈ ਡਿਸਟਰੀਬਿਊਟਰੀ ਅਧੀਨ ਚੱਲਦੇ ਖਾਲੇ ਨੂੰ ਬੰਦ ਕਰਕੇ ਅੰਡਰਗ੍ਰਾਊਂਡ ਪਾਈਪਲਾਈਨ ਪਾਉਣ ਦੀ ਕਾਰਵਾਈ ਨੇ ਉਹਨਾਂ ਦੀ ਚਿੰਤਾ ਵਧਾ ਦਿੱਤੀ ਹੈ। ਇਹ ਖਾਲਾ ਪਿਛਲੇ ਚਾਰ ਦਹਾਕਿਆਂ ਤੋਂ ਘਰਾਂ ਵਿੱਚੋਂ ਨਿਕਲਣ ਵਾਲੇ ਪਾਣੀ ਅਤੇ ਸੀਵਰੇਜ ਲਈ ਇੱਕੋ ਰਸਤਾ ਸੀ। ਜੇ ਇਹ ਖਾਲਾ ਬੰਦ ਹੋ ਗਿਆ ਤਾਂ ਗੰਦਾ ਪਾਣੀ ਘਰਾਂ ਅਤੇ ਗਲੀਆਂ ਵਿੱਚ ਵਾਪਸ ਆ ਸਕਦਾ ਹੈ, ਜਿਸ ਨਾਲ ਸਥਿਤੀ ਹੋਰ ਵੀ ਗੰਭੀਰ ਹੋ ਸਕਦੀ ਹੈ। ਪਿੰਡ ਦੇ ਲੋਕਾਂ ਨੇ ਚੇਤਾਵਨੀ ਦਿੱਤੀ ਹੈ ਕਿ ਕੋਈ ਵੀ ਰਾਜਨੀਤਿਕ ਵਰਕਰ ਜਾਂ ਉਮੀਦਵਾਰ ਪਿੰਡ ਵਿੱਚ ਪ੍ਰਚਾਰ ਲਈ ਨਾ ਆਏ, ਕਿਉਂਕਿ ਜਦ ਤੱਕ ਮੁੱਢਲੀਆਂ ਸਹੂਲਤਾਂ ਦਾ ਹੱਲ ਨਹੀਂ ਹੁੰਦਾ, ਉਹ ਵੋਟਾਂ ਨਹੀਂ ਪਾਉਣਗੇ।
ਪਿੰਡ ਦੀ ਪੰਚਾਇਤ ਦੇ ਮੈਂਬਰ ਜੱਸਾ ਸਿੰਘ ਨੇ ਵੀ ਲੋਕਾਂ ਦੇ ਰੋਸ ਨੂੰ ਸਹਿਮਤੀ ਦਿੱਤੀ। ਉਨ੍ਹਾਂ ਕਿਹਾ ਕਿ ਉਹ ਖ਼ੁਦ ਪੰਚਾਇਤ ਮੈਂਬਰ ਹੋ ਕੇ ਵੀ ਸੁਣਵਾਈ ਤੋਂ ਵਾਂਝੇ ਹਨ। ਵਾਰਡ ਨੰਬਰ 1 ਦੇ 600 ਵੋਟਰ ਅਤੇ 200 ਘਰ ਲਗਾਤਾਰ ਤਕਲੀਫ਼ਾਂ ਦਾ ਸਾਹਮਣਾ ਕਰ ਰਹੇ ਹਨ। ਕਾਗਜ਼ਾਂ 'ਤੇ ਵਿਕਾਸ ਕਾਰਜ ਦਰਜ ਹਨ, ਪਰ ਜਮੀਨੀ ਹਕੀਕਤ ਬਿਲਕੁਲ ਵੱਖਰੀ ਹੈ। ਇਸ ਕਾਰਨ ਪਿੰਡ ਵਾਸੀਆਂ ਨੇ ਬਾਈਕਾਟ ਨੂੰ ਆਪਣੇ ਹੱਕਾਂ ਲਈ ਆਖਰੀ ਹਥਿਆਰ ਵਜੋਂ ਚੁਣਿਆ ਹੈ।
ਇਸ ਸਾਰੇ ਮਾਮਲੇ 'ਤੇ ਬਠਿੰਡਾ ਦੇ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਦਾ ਕਹਿਣਾ ਹੈ ਕਿ ਮਾਮਲਾ ਹੁਣ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਅਤੇ ਚੋਣਾਂ ਤੋਂ ਬਾਅਦ ਇਸਨੂੰ ਤਰਜੀਹ ਦੇ ਅਧਾਰ 'ਤੇ ਹੱਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪਾਣੀ ਅਤੇ ਨਿਕਾਸੀ ਪ੍ਰਬੰਧ ਲਈ ਫੰਡ ਜਾਰੀ ਕਰ ਦਿੱਤੇ ਗਏ ਹਨ ਅਤੇ ਜਲਦੀ ਹੀ ਕੰਮ ਸ਼ੁਰੂ ਕਰਵਾਇਆ ਜਾਵੇਗਾ। ਡੀ.ਸੀ. ਨੇ ਭਰੋਸਾ ਦਵਾਇਆ ਕਿ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਦਾ ਸ਼ੀਘਰ ਹੀ ਨਿਵੇਰਨ ਕੀਤਾ ਜਾਵੇਗਾ।
Get all latest content delivered to your email a few times a month.