ਅੰਮ੍ਰਿਤਸਰ ਦੇ ਸਲਤਾਨਵਿੰਡ ਰੋਡ ਸਥਿਤ ਮੰਦਰ ਵਾਲਾ ਬਾਜ਼ਾਰ ਇਲਾਕੇ ਵਿੱਚ 22 ਸਾਲਾ ਨਵ-ਵਿਆਹੁਤਾ ਵੱਲੋਂ ਫਾਹਾ ਲਗਾ ਕੇ ਜੀਵਨਲੀਲਾ ਸਮਾਪਤ ਕਰਨ ਦਾ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰ ਵੱਲੋਂ ਕੁੜੀ ਨੂੰ ਤੁਰੰਤ ਸ੍ਰੀ ਗੁਰੂ ਰਾਮਦਾਸ ਹਸਪਤਾਲ ਲਿਜਾਇਆ ਗਿਆ, ਪਰ ਥਾਂ ਪਹੁੰਚਦੇ ਹੀ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ।
ਮ੍ਰਿਤਕਾ ਦੇ ਪਿਤਾ ਮਨਮੋਹਕ ਸਿੰਘ, ਜੋ ਕਿ ਲੁਧਿਆਣਾ ਦੇ ਰਹਿਣ ਵਾਲੇ ਹਨ, ਨੇ ਦੱਸਿਆ ਕਿ ਧੀ ਦੇ ਵਿਆਹ ਨੂੰ ਸਿਰਫ਼ ਦਸ ਮਹੀਨੇ ਹੋਏ ਸਨ, ਪਰ ਸੱਸ, ਸਹੁਰੇ ਅਤੇ ਨਣਦ ਵੱਲੋਂ ਲਗਾਤਾਰ ਤਾਣੇ ਅਤੇ ਤੰਗ-ਪਰੇਸ਼ਾਨੀ ਉਸਦੀ ਜ਼ਿੰਦਗੀ ਨੂੰ ਨਰਕ ਬਣਾਈ ਰੱਖਦੇ ਸਨ। ਪਰਿਵਾਰ ਦਾ ਦਾਅਵਾ ਹੈ ਕਿ ਕੁੜੀ ਨੂੰ ਗਰਭਵਤੀ ਨਾ ਹੋਣ ਦਾ ਤਾਅਣਾ ਦਿੱਤਾ ਜਾਂਦਾ ਸੀ ਅਤੇ ਅਕਸਰ ਉਸਦੇ ਨਾਲ ਬਦਸਲੂਕੀ ਹੁੰਦੀ ਰਹਿੰਦੀ ਸੀ। ਇਸ ਤੋਂ ਵੀ ਵੱਧ, ਪਿਤਾ ਨੇ ਦਾਅਵਾ ਕੀਤਾ ਕਿ ਸਹੁਰੇ ਮਨਜੀਤ ਸਿੰਘ ਦੀ ਧੀ 'ਤੇ ਗੰਦੀ ਨਜ਼ਰ ਸੀ ਅਤੇ ਇੱਕ ਵਾਰ ਉਸਨੇ ਰਸੋਈ ਵਿੱਚ ਕੁੜੀ ਨੂੰ ਜਬਰਨ ਫੜਿਆ ਵੀ ਸੀ। ਇਹ ਗੱਲ ਘਰ ਵਿੱਚ ਦੱਸਣ 'ਤੇ ਪਤੀ ਵੱਲੋਂ ਉਸਨੂੰ ਉਲਟ ਚਪੇੜਾਂ ਮਾਰੀਆਂ ਗਈਆਂ।
ਪੇਕੇ ਪਰਿਵਾਰ ਨੂੰ ਸ਼ੱਕ ਹੈ ਕਿ ਘਟਨਾ ਵਾਲੇ ਦਿਨ ਵੀ ਕੁਝ ਇਸੇ ਤਰ੍ਹਾਂ ਦੀ ਘਿਨਾਉਣੀ ਹਰਕਤ ਕਾਰਨ ਹੀ ਕੁੜੀ ਨੇ ਤਣਾਅ ਵਿੱਚ ਆ ਕੇ ਇਹ ਕਦਮ ਚੁਕਿਆ। ਪੁਲਿਸ ਅਧਿਕਾਰੀ ਬਲਜਿੰਦਰ ਸਿੰਘ ਔਲਖ ਨੇ ਦੱਸਿਆ ਕਿ ਪੋਸਟਮਾਰਟਮ ਲਈ ਲਾਸ਼ ਭੇਜ ਦਿੱਤੀ ਗਈ ਹੈ ਅਤੇ ਪਰਿਵਾਰ ਵੱਲੋਂ ਦਿੱਤੇ ਜਾਣ ਵਾਲੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।
