ਤਾਜਾ ਖਬਰਾਂ
ਚੰਡੀਗੜ੍ਹ: ਤਰਨਤਾਰਨ ਵਿਧਾਨ ਸਭਾ ਸੀਟ 'ਤੇ ਹੋਈ ਜ਼ਿਮਨੀ ਚੋਣ ਦੌਰਾਨ ਚੋਣ ਕਮਿਸ਼ਨ ਵੱਲੋਂ ਮੁਅੱਤਲ ਕੀਤੇ ਗਏ ਸੀਨੀਅਰ ਪੁਲਿਸ ਸੁਪਰਡੈਂਟ (ਐਸਐਸਪੀ) ਰਵਜੋਤ ਕੌਰ ਗਰੇਵਾਲ ਖਿਲਾਫ਼ ਅਖੀਰ ਇੱਕ ਮਹੀਨੇ ਦੀ ਦੇਰੀ ਬਾਅਦ ਰਸਮੀ ਤੌਰ 'ਤੇ ਚਾਰਜਸ਼ੀਟ ਦਾਖਲ ਕਰ ਦਿੱਤੀ ਗਈ ਹੈ। ਉਨ੍ਹਾਂ 'ਤੇ 'ਪੱਖਪਾਤੀ ਆਚਰਣ' ਦੇ ਦੋਸ਼ ਲੱਗੇ ਹਨ, ਜਿਸ ਕਾਰਨ ਚੋਣ ਤੋਂ ਪਹਿਲਾਂ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ।
ਇਸ ਮਾਮਲੇ ਵਿੱਚ ਤਕਰੀਬਨ ਇੱਕ ਮਹੀਨੇ ਦੀ ਦੇਰੀ ਹੋਣ ਕਾਰਨ ਪੰਜਾਬ ਸਰਕਾਰ ਦੀ ਨੀਅਤ 'ਤੇ ਸਵਾਲ ਖੜ੍ਹੇ ਹੋ ਰਹੇ ਹਨ ਕਿ ਕੀ ਮੁਅੱਤਲ ਐਸਐਸਪੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੱਸਿਆ ਜਾਂਦਾ ਹੈ ਕਿ ਇਸ ਦੇਰੀ ਦਾ ਮੁੱਖ ਕਾਰਨ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਦੇਸ਼ ਦੌਰਾ ਸੀ, ਜਿਸ ਕਾਰਨ ਮਾਮਲੇ ਸਬੰਧੀ ਜਾਂਚ ਅਤੇ ਅਗਲੀ ਕਾਰਵਾਈ ਇੱਕ ਮਹੀਨੇ ਤੱਕ ਲਟਕੀ ਰਹੀ।
ਮਿਲੀ ਜਾਣਕਾਰੀ ਅਨੁਸਾਰ, ਰਵਜੋਤ ਕੌਰ ਗਰੇਵਾਲ ਨੂੰ ਰਸਮੀ ਤੌਰ 'ਤੇ ਚਾਰਜਸ਼ੀਟ ਸੌਂਪ ਦਿੱਤੀ ਗਈ ਹੈ। ਹੁਣ ਉਨ੍ਹਾਂ ਨੂੰ ਇਨ੍ਹਾਂ ਇਲਜ਼ਾਮਾਂ ਦਾ ਜਵਾਬ ਦੇਣ ਲਈ ਇੱਕ ਮਹੀਨੇ ਦਾ ਸਮਾਂ ਦਿੱਤਾ ਗਿਆ ਹੈ। ਐਸਐਸਪੀ ਦੇ ਜਵਾਬ ਤੋਂ ਬਾਅਦ ਹੀ ਮਾਮਲੇ ਵਿੱਚ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਚਾਰਜਸ਼ੀਟ ਤੋਂ ਬਾਅਦ ਤਰਨਤਾਰਨ ਜ਼ਿਮਨੀ ਚੋਣ ਨਾਲ ਜੁੜਿਆ ਇਹ ਮਾਮਲਾ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਗਿਆ ਹੈ।
Get all latest content delivered to your email a few times a month.