ਤਾਜਾ ਖਬਰਾਂ
ਅਰਜਨਟੀਨਾ ਦੇ ਫੁੱਟਬਾਲ ਦਿੱਗਜ ਲਿਓਨਲ ਮੇਸੀ (Lionel Messi) ਅੱਜ ਸ਼ਨੀਵਾਰ ਨੂੰ ਆਪਣੇ ਭਾਰਤ ਦੌਰੇ 'ਤੇ ਕੋਲਕਾਤਾ ਪਹੁੰਚੇ। ਮੇਸੀ ਦੇ ਆਉਣ ਨਾਲ ਇਸ ਫੁੱਟਬਾਲ ਪ੍ਰੇਮੀ ਸ਼ਹਿਰ ਵਿੱਚ ਇੱਕ ਤਿਉਹਾਰ ਵਰਗਾ ਮਾਹੌਲ ਬਣ ਗਿਆ ਹੈ।
ਭਾਵੇਂ ਮੇਸੀ ਸਵੇਰੇ ਜਲਦੀ ਹੀ ਮਿਆਮੀ ਅਤੇ ਦੁਬਈ ਤੋਂ ਹੁੰਦੇ ਹੋਏ ਕੋਲਕਾਤਾ ਹਵਾਈ ਅੱਡੇ 'ਤੇ ਪਹੁੰਚੇ, ਪਰ ਸਮੇਂ ਦੀ ਪਰਵਾਹ ਨਾ ਕਰਦਿਆਂ ਹਜ਼ਾਰਾਂ ਦੀ ਗਿਣਤੀ ਵਿੱਚ ਪ੍ਰਸ਼ੰਸਕ ਉਨ੍ਹਾਂ ਦੀ ਇੱਕ ਝਲਕ ਦੇਖਣ ਲਈ ਬੇਤਾਬ ਸਨ। ਕੋਲਕਾਤਾ, ਜੋ ਕਿ ਭਾਰਤ ਵਿੱਚ ਫੁੱਟਬਾਲ ਦੇ ਪਿਆਰ ਲਈ ਜਾਣਿਆ ਜਾਂਦਾ ਹੈ, ਨੇ ਮੇਸੀ ਦਾ ਭਰਵਾਂ ਸਵਾਗਤ ਕੀਤਾ।
ਮੈਸੀ ਦੀ ਇੱਕ ਝਲਕ ਲਈ ਰਾਤ ਭਰ ਜਾਗਦੇ ਰਹੇ ਪ੍ਰਸ਼ੰਸਕ
ਹਵਾਈ ਅੱਡੇ ਦੇ ਬਾਹਰ ਦੇਰ ਰਾਤ ਤੋਂ ਹੀ ਮੇਸੀ ਦੇ ਪ੍ਰਸ਼ੰਸਕਾਂ ਦੀ ਭਾਰੀ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ ਸੀ। ਪ੍ਰਸ਼ੰਸਕ ਆਪਣੇ ਮਨਪਸੰਦ ਖਿਡਾਰੀ ਨੂੰ ਦੇਖ ਕੇ ਬਹੁਤ ਖੁਸ਼ ਹੋਏ ਅਤੇ ਪੂਰੇ ਜੋਸ਼ ਨਾਲ "ਮੈਸੀ, ਮੈਸੀ!" ਦੇ ਨਾਅਰੇ ਲਗਾਏ। ਕਈਆਂ ਨੇ ਤਾਂ ਅਰਜਨਟੀਨਾ ਦੇ ਝੰਡੇ ਲਹਿਰਾਏ ਅਤੇ ਮੇਸੀ ਦੀ ਇੱਕ ਝਲਕ ਦੇਖਣ ਲਈ ਸੁਰੱਖਿਆ ਬੈਰੀਕੇਡਾਂ 'ਤੇ ਚੜ੍ਹਨ ਦੀ ਕੋਸ਼ਿਸ਼ ਵੀ ਕੀਤੀ।
ਇੱਕ ਉਤਸ਼ਾਹੀ ਪ੍ਰਸ਼ੰਸਕ ਨੇ ਮੀਡੀਆ ਨੂੰ ਦੱਸਿਆ, "ਅਸੀਂ ਦੋ ਘੰਟੇ ਇੰਤਜ਼ਾਰ ਕੀਤਾ ਹੈ ਅਤੇ ਜੇ ਲੋੜ ਪਈ ਤਾਂ ਅਸੀਂ ਹੋਰ ਵੀ ਇੰਤਜ਼ਾਰ ਕਰਾਂਗੇ। ਇਹ ਸਾਡੇ ਲਈ ਜ਼ਿੰਦਗੀ 'ਚ ਇੱਕ ਵਾਰ ਦਾ ਮੌਕਾ ਹੈ।"
ਪ੍ਰਸ਼ੰਸਕਾਂ ਦੇ ਇਸ ਜ਼ਬਰਦਸਤ ਉਤਸ਼ਾਹ ਨੂੰ ਵੇਖਦਿਆਂ, ਪੁਲਿਸ ਨੇ ਹਵਾਈ ਅੱਡੇ ਦੇ ਆਲੇ-ਦੁਆਲੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹੋਏ ਹਨ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨੂੰ ਟਾਲਿਆ ਜਾ ਸਕੇ।
ਤਿੰਨ ਦਿਨਾਂ ਭਾਰਤ ਦੌਰੇ ਦਾ ਸ਼ਡਿਊਲ
ਲਿਓਨਲ ਮੇਸੀ ਤਿੰਨ ਦਿਨਾਂ ਦੇ ਭਾਰਤ ਦੌਰੇ 'ਤੇ ਹਨ, ਜਿਸ ਦੀ ਸ਼ੁਰੂਆਤ ਕੋਲਕਾਤਾ ਤੋਂ ਹੋਈ ਹੈ। ਕੋਲਕਾਤਾ ਤੋਂ ਬਾਅਦ ਉਹ ਹੈਦਰਾਬਾਦ, ਮੁੰਬਈ ਅਤੇ ਫਿਰ ਰਾਸ਼ਟਰੀ ਰਾਜਧਾਨੀ ਦਿੱਲੀ ਜਾਣਗੇ।
ਮੇਸੀ ਦਾ ਇਹ ਦੌਰਾ ਭਾਰਤੀ ਫੁੱਟਬਾਲ ਪ੍ਰੇਮੀਆਂ ਲਈ ਇੱਕ ਵੱਡਾ ਇਵੈਂਟ ਮੰਨਿਆ ਜਾ ਰਿਹਾ ਹੈ।
Get all latest content delivered to your email a few times a month.