IMG-LOGO
ਹੋਮ ਪੰਜਾਬ: ਗੋਲਡੀ ਬਰਾੜ ਗੈਂਗ ‘ਤੇ ਵੱਡਾ ਐਕਸ਼ਨ: ਦੋ ਸਾਥੀ ਗ੍ਰਿਫ਼ਤਾਰ, ਫਿਰੋਜ਼ਪੁਰ...

ਗੋਲਡੀ ਬਰਾੜ ਗੈਂਗ ‘ਤੇ ਵੱਡਾ ਐਕਸ਼ਨ: ਦੋ ਸਾਥੀ ਗ੍ਰਿਫ਼ਤਾਰ, ਫਿਰੋਜ਼ਪੁਰ ਜੇਲ੍ਹ ਤੋਂ ਸ਼ੁਭਮ ਗਰੋਵਰ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦਾ

Admin User - Dec 14, 2025 01:09 PM
IMG

ਲੁਧਿਆਣਾ ਪੁਲਿਸ ਨੇ ਗੈਂਗਸਟਰ ਗੋਲਡੀ ਬਰਾੜ ਨਾਲ ਜੁੜੇ ਫਿਰੌਤੀ ਨੈੱਟਵਰਕ ਨੂੰ ਤੋੜਨ ਵੱਲ ਵੱਡਾ ਕਦਮ ਚੁੱਕਦਿਆਂ ਉਸ ਦੇ ਦੋ ਨਜ਼ਦੀਕੀ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਡਿਵੀਜ਼ਨ ਨੰਬਰ 4 ਦੀ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਜਤਿਨ ਉਰਫ਼ ਸੈਮ ਅਤੇ ਜਸਪ੍ਰੀਤ ਸਿੰਘ ਵਜੋਂ ਹੋਈ ਹੈ। ਪੁਲਿਸ ਜਾਂਚ ਦੌਰਾਨ ਇਸ ਗਿਰੋਹ ਦੇ ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਗੈਂਗਸਟਰਾਂ ਨਾਲ ਗਹਿਰੇ ਸਬੰਧ ਸਾਹਮਣੇ ਆਏ ਹਨ।

ਇਸ ਮਾਮਲੇ ਦੀ ਕੜੀ ਵਿੱਚ ਲੁਧਿਆਣਾ ਪੁਲਿਸ ਨੇ ਫਿਰੋਜ਼ਪੁਰ ਜੇਲ੍ਹ ਵਿੱਚ ਬੰਦ ਗੈਂਗਸਟਰ ਸ਼ੁਭਮ ਗਰੋਵਰ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਹਾਸਲ ਕਰਕੇ ਪੁੱਛਗਿੱਛ ਲਈ ਲਿਆਂਦਾ ਹੈ। ਪੁਲਿਸ ਅਨੁਸਾਰ ਸ਼ੁਭਮ ਗਰੋਵਰ ਦੇ ਸਿੱਧੇ ਤੌਰ ‘ਤੇ ਗੋਲਡੀ ਬਰਾੜ ਨਾਲ ਲਿੰਕ ਹਨ ਅਤੇ ਉਸ ਦੀ ਭੂਮਿਕਾ ਫਿਰੌਤੀ ਮੰਗਣ ਦੇ ਮਾਮਲਿਆਂ ਵਿੱਚ ਸਾਹਮਣੇ ਆ ਰਹੀ ਹੈ।

ਪੁਲਿਸ ਨੇ ਗ੍ਰਿਫ਼ਤਾਰ ਮੁਲਜ਼ਮਾਂ ਕੋਲੋਂ ਗੈਰ-ਕਾਨੂੰਨੀ ਹਥਿਆਰ ਵੀ ਬਰਾਮਦ ਕੀਤੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦੇ ਮੋਬਾਈਲ ਫੋਨਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ, ਜਿਨ੍ਹਾਂ ‘ਚੋਂ ਕਈ ਸ਼ੱਕੀ ਨੰਬਰ ਅਤੇ ਡਾਟਾ ਮਿਲਿਆ ਹੈ। ਵਟਸਐਪ ਚੈਟਾਂ ਅਤੇ ਕਾਲ ਡੀਟੇਲ ਰਿਕਾਰਡ ਰਾਹੀਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਮੁਲਜ਼ਮ ਕਿੰਨੇ ਸਮੇਂ ਤੋਂ ਗੋਲਡੀ ਬਰਾੜ ਦੇ ਸੰਪਰਕ ਵਿੱਚ ਸਨ ਅਤੇ ਕਿਹੜੇ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਇਆ ਗਿਆ।

ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਅਸਲਾ ਐਕਟ ਦੀ ਧਾਰਾ 111(1,2) ਅਤੇ BNS 25/54/59 ਤਹਿਤ ਕੇਸ ਦਰਜ ਕੀਤਾ ਹੈ। ਇਸ ਤੋਂ ਇਲਾਵਾ 15 ਹੋਰ ਅਪਰਾਧੀਆਂ ਨੂੰ ਵੀ ਇਸ ਮਾਮਲੇ ‘ਚ ਨਾਮਜ਼ਦ ਕੀਤਾ ਗਿਆ ਹੈ। ਪੁਲਿਸ ਅਨੁਸਾਰ 12 ਦਸੰਬਰ ਨੂੰ ਗੁਪਤ ਸੂਚਨਾ ਦੇ ਆਧਾਰ ‘ਤੇ ਵੈਦਿਆ ਮੰਦਰ ਚੌਕ ਨੇੜੇ ਦਰੇਸੀ ਗਰਾਊਂਡ ਤੋਂ ਇਹ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਸਨ।

ਜਾਂਚ ‘ਚ ਸਾਹਮਣੇ ਆਇਆ ਹੈ ਕਿ ਗੋਲਡੀ ਬਰਾੜ ਨੇ ਫਿਰੌਤੀ ਵਸੂਲਣ ਲਈ ਇੱਕ ਸੁਚੱਜਾ ਅਤੇ ਸੰਗਠਿਤ ਅਪਰਾਧੀ ਗਰੁੱਪ ਤਿਆਰ ਕੀਤਾ ਹੋਇਆ ਹੈ, ਜਿਸ ਵਿੱਚ ਸ਼ੁਭਮ ਗਰੋਵਰ, ਵਰਿੰਦਰ ਚਰਨ, ਮਾਨਵ, ਵਿਕਾਸ, ਰਾਜੇਸ਼ ਉਰਫ਼ ਕੰਨੂ, ਸੰਦੀਪ, ਨਰੇਸ਼ ਸੋਨੀ, ਵਿਕਰਮ ਸੰਦੀਪ, ਰਾਜਨ ਸਿੱਧੂ ਉਰਫ਼ ਨੰਨੀ, ਜਸਪ੍ਰੀਤ ਉਰਫ਼ ਜਸ, ਜਤਿਨ ਉਰਫ਼ ਸੈਮ ਅਤੇ ਜਤਿਨ ਕਟਾਰੀਆ ਸ਼ਾਮਲ ਹਨ। ਇਨ੍ਹਾਂ ਵਿਰੁੱਧ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ ਅਤੇ ਪੁਲਿਸ ਬਾਕੀ ਫਰਾਰ ਮੁਲਜ਼ਮਾਂ ਦੀ ਤਲਾਸ਼ ਕਰ ਰਹੀ ਹੈ।

ਜ਼ਿਕਰਯੋਗ ਹੈ ਕਿ ਗੋਲਡੀ ਬਰਾੜ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ UAPA ਤਹਿਤ ਅੱਤਵਾਦੀ ਘੋਸ਼ਿਤ ਕੀਤਾ ਜਾ ਚੁੱਕਾ ਹੈ ਅਤੇ ਉਸ ਦੇ ਸੰਬੰਧ ਖਾਲਿਸਤਾਨੀ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਵੀ ਜੋੜੇ ਜਾਂਦੇ ਹਨ। ਉਹ ਲਾਰੈਂਸ ਬਿਸ਼ਨੋਈ ਦਾ ਨਜ਼ਦੀਕੀ ਸਾਥੀ ਰਹਿ ਚੁੱਕਾ ਹੈ ਅਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਤੋਂ ਬਾਅਦ ਵੱਡੀ ਚਰਚਾ ‘ਚ ਆਇਆ ਸੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.