ਤਾਜਾ ਖਬਰਾਂ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 16 ਦਸੰਬਰ:
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਮੋਹਾਲੀ ਸ਼ਹਿਰ ਦੇ ਸਰਬਪੱਖੀ ਵਿਕਾਸ ਤਹਿਤ ਵਿਧਾਇਕ ਕੁਲਵੰਤ ਸਿੰਘ ਨੇ 17. 71 ਕਰੋੜ ਦੀ ਲਾਗਤ ਨਾਲ ਬਣਨ ਜਾ ਰਹੇ ਚੌਂਕਾਂ ਅਤੇ ਟੀ-ਜੰਕਸ਼ਨਾਂ ਦੇ ਕੰਮ ਦਾ ਅੱਜ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਸਾਹਮਣੇ ਪੈਂਦੇ ਨਵੇਂ ਬਣਨ ਵਾਲੇ ਚੌਂਕ ਦੀ ਸ਼ੁਰੂਆਤ ਕਰਵਾ ਕੇ ਕੀਤਾ।
ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਚਲਾ ਇਹ ਚੌਂਕ ਅਤੇ ਇਸ ਦੇ ਨਾਲ ਹੀ ਹੋਰ ਚੌਂਕ ਸੈਕਟਰ 78/79 ਜੰਕਸ਼ਨ ਅਤੇ ਸੀ ਪੀ 67 ਮਾਲ ਵਾਲਾ ਜੰਕਸ਼ਨ ਨਵੇਂ ਬਣਾਏ ਜਾਣਗੇ ਜਦਕਿ ਅਪਗ੍ਰੇਡ ਹੋ ਰਹੇ ਜੰਕਸ਼ਨਾਂ ਵਿੱਚੋਂ ਇੱਕ ਏਅਰਪੋਰਟ ਰੋਡ ਤੇ ਆਈਸਰ - ਟੀ ਪੁਆਇੰਟ, ਜੋ ਕਿ 90% ਤਿਆਰ ਹੋ ਚੁੱਕਿਆ ਹੈ, ਤੋਂ ਇਲਾਵਾ ਚੀਮਾ ਬਾਇਲਰ ਚੌਂਕ ਟੀ ਪੁਆਇੰਟ ਅਤੇ ਕੁਆਰਕ ਸਿਟੀ ਜੰਕਸ਼ਨ ਹੈ। ਇਨ੍ਹਾਂ ਦਾ ਕੰਮ ਮੈ: ਗ੍ਰਿਫਟਕੋਨ ਇੰਫਰਾਸਟਰਕਚਰ ਕੰਪਨੀ ਨੂੰ ਦਿੱਤਾ ਗਿਆ ਹੈ ਅਤੇ ਤੈਅ ਸਮਾਂ ਸੀਮਾ ਦੇ ਅਨੁਸਾਰ, ਅਕਤੂਬਰ 2026 ਤੱਕ ਇਸ ਕੰਮ ਨੂੰ ਪੂਰਾ ਕਰਕੇ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ।
ਕੰਮ ਸ਼ੁਰੂ ਕਰਨ ਲਈ ਟੱਕ ਲਾਉਣ ਤੋਂ ਪਹਿਲਾਂ ਗੁਰਦੁਆਰਾ ਸਿੰਘ ਸ਼ਹੀਦਾਂ ਦੀ ਪੂਰੀ ਪ੍ਰਬੰਧਕ ਕਮੇਟੀ ਦੀ ਮੌਜੂਦਗੀ ਵਿੱਚ ਅਰਦਾਸ ਕੀਤੀ ਗਈ ਅਤੇ ਕੰਮ ਦੀ ਸ਼ੁਰੂਆਤ ਦੇ ਲਈ ਪਰਮਾਤਮਾ ਦਾ ਓਟ ਆਸਰਾ ਲਿਆ ਗਿਆ। ਗੁਰਦੁਆਰਾ ਸਿੰਘ ਸ਼ਹੀਦਾਂ ਪ੍ਰਬੰਧਕ ਕਮੇਟੀ ਵੱਲੋਂ ਵਿਧਾਇਕ ਕੁਲਵੰਤ ਸਿੰਘ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਇਸ ਚੌਂਕ ਦਾ ਨਾਂ ਬਾਬਾ ਜੀ ਦੇ ਨਾਮ ਤੇ ਰੱਖਿਆ ਜਾਵੇ। ਇਸ ਤੇ ਹਲਕਾ ਵਿਧਾਇਕ ਵੱਲੋਂ ਉਨ੍ਹਾਂ ਨੂੰ ਭਰੋਸਾ ਦਵਾਇਆ ਗਿਆ ਕਿ ਉਹ ਇਸ ਚੌਂਕ ਦਾ ਨਾਮ ‘ਅਮਰ ਸ਼ਹੀਦ ਜੱਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦੇ ਨਾਮ 'ਤੇ ਰੱਖਣ ਸਬੰਧੀ ਸਰਕਾਰ ਨਾਲ ਗੱਲ ਕਰਨਗੇ ਅਤੇ ਆਪਣੀ ਹਰ ਸੰਭਵ ਕੋਸ਼ਿਸ਼ ਕਰਨਗੇ ਤਾਂ ਜੋ ਇਹ ਚੌਂਕ ‘ਅਮਰ ਸ਼ਹੀਦ ਜੱਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਨੂੰ ਸਮਰਪਿਤ ਹੋ ਸਕੇ। ਇਸ ਮੌਕੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਿੱਚ ਸ. ਸਤਵਿੰਦਰ ਸਿੰਘ, ਸ. ਹਰਜਿੰਦਰ ਸਿੰਘ, ਜਰਨੈਲ ਸਿੰਘ, ਬਲਦੇਵ ਸਿੰਘ ਅਤੇ ਪ੍ਰੇਮ ਸਿੰਘ ਮੌਜੂਦ ਸਨ।
ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਮੋਹਾਲੀ ਦੇ ਵਿੱਚ 5 ਚੌਂਕ ਪਹਿਲਾਂ ਹੀ ਬਣਾਏ ਜਾ ਚੁੱਕੇ ਹਨ ਅਤੇ ਅੱਜ ਸ਼ੁਰੂ ਕੀਤੇ ਇਨ੍ਹਾਂ ਚੌਂਕਾਂ ਨਾਲ ਆਵਾਜਾਈ ਵਿੱਚ ਹੋਰ ਅਸਾਨੀ ਹੋਵੇਗੀ। ਇਸ ਮੌਕੇ ਗਮਾਡਾ ਦੇ ਚੀਫ ਇੰਜੀਨੀਅਰ ਅਜੇ ਗਰਗ, ਐਸ.ਈ. ਪਰਮਿੰਦਰ ਸਿੰਘ, ਐਕਸੀਅਨ (ਸਿਵਿਲ) ਸੁਖਵਿੰਦਰ ਸਿੰਘ ਵੀ ਹਾਜ਼ਰ ਸਨ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਗਮਾਡਾ ਦੀ ਇਸ ਟੀਮ ਵੱਲੋਂ ਪੂਰੇ ਯੋਜਨਾ ਵੱਧ ਢੰਗ ਨਾਲ ਇਹ ਕੰਮ ਕਰਵਾਇਆ ਜਾ ਰਿਹਾ ਜਾਵੇਗਾ। ਅਤੇ ਕੰਮ ਦੇ ਦੌਰਾਨ ਟ੍ਰੈਫਿਕ ਕਿਸੇ ਵੀ ਢੰਗ ਨਾਲ ਪ੍ਰਭਾਵਿਤ ਨਾ ਹੋਵੇ ਇਸ ਗੱਲ ਦਾ ਵੀ ਉਚੇਚੇ ਤੌਰ ਤੇ ਧਿਆਨ ਰੱਖਣਾ ਰੱਖਿਆ ਜਾਵੇਗਾ।
ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸੈਕਟਰ -66 ਵਿਖੇ ਵੂਮੈਨ ਹੋਸਟਲ ਦਾ ਨੀਂਹ ਪੱਥਰ ਵੀ ਰੱਖਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਮੋਹਾਲੀ ਕਾਰਪੋਰੇਸ਼ਨ ਦੀ ਹੱਦ ਵਿੱਚ ਵਾਧਾ ਹੋਣ ਨਾਲ ਬਕਾਇਆ ਰਹਿੰਦੇ ਵਿਕਾਸ ਕਾਰਜ ਅਤੇ ਲੋਕਾਂ ਦੇ ਕੰਮ ਅਤੇ ਲੋੜਾਂ ਸਮੇਂ ਸਿਰ ਪੂਰੀਆਂ ਹੋ ਸਕਣਗੀਆਂ।
ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਮੋਹਾਲੀ ਦੇ ਵਿੱਚ ਜੋ ਨਜਾਇਜ਼ ਕਬਜ਼ਿਆਂ ਨੂੰ ਹਟਾਉਣ ਦਾ ਕੰਮ ਚੱਲ ਰਿਹਾ ਹੈ, ਇਹ ਮਾਨਯੋਗ ਅਦਾਲਤ ਦੇ ਹੁਕਮਾਂ ਤੇ ਚੱਲ ਰਿਹਾ ਰਿਹਾ ਹੈ ਅਤੇ ਇਸ ਬਾਬਤ ਕੁਝ ਲੋਕਾਂ ਵੱਲੋਂ ਆਮ ਲੋਕਾਂ ਨੂੰ ਗੁੰਮਰਾਹ ਕਰਨਾ ਤੇ ਇਸ ਕੰਮ ਦੀ ਆਲੋਚਨਾ ਕਰਨੀ, ਮਾਣਯੋਗ ਅਦਾਲਤ ਦੇ ਹੁਕਮਾਂ ਦੀ ਹੱਤਕ ਦੇ ਬਰਾਬਰ ਹੈ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਸਿੱਧੂ ਭਰਾਵਾਂ ਨੇ ਪਿਛਲੇ 15 ਵਰ੍ਹਿਆਂ ਤੋਂ ਮੋਹਾਲੀ ਦੇ ਲੋਕਾਂ ਨਾਲ ਝੂਠ ਬੋਲਿਆ ਹੈ, ਅਤੇ ਆਪਣੀ ਅਸਫਲਤਾ ਨੂੰ ਛੁਪਾਉਣ ਦੇ ਲਈ ਸਿਰਫ ਫੋਕੀ ਅਤੇ ਝੂਠੀ ਬਿਆਨਬਾਜ਼ੀ ਹੀ ਕਰਦੇ ਹਨ, ਪ੍ਰੰਤੂ ਹੁਣ ਮੋਹਾਲੀ ਦੇ ਲੋਕ ਬਹੁਤ ਸਮਝਦਾਰ ਹਨ।
ਇਸ ਮੌਕੇ ਤੇ ਡਾ. ਕੁਲਦੀਪ ਸਿੰਘ, ਰਮਨਪ੍ਰੀਤ ਕੌਰ ਕੁੰਬੜਾ ਕੌਂਸਲਰ, ਹਰਪਾਲ ਸਿੰਘ ਚੰਨਾ, ਸੁਖਚੈਨ ਸਿੰਘ, ਨੰਬਰਦਾਰ ਹਰਸੰਗਤ ਸਿੰਘ ਸੋਹਾਣਾ, ਸੁਰਿੰਦਰ ਸਿੰਘ ਰੋਡਾ ਸੁਹਾਣਾ, ਸੁਸ਼ੀਲ ਅਤਰੀ, ਹਰਵਿੰਦਰ ਸਿੰਘ ਸੈਣੀ, ਸਤਵਿੰਦਰ ਸਿੰਘ ਮਿੱਠੂ, ਅਕਵਿੰਦਰ ਸਿੰਘ ਗੋਸਲ, ਜਸਪਾਲ ਸਿੰਘ ਮਟੌਰ, ਅਰੁਣ ਗੋਇਲ, ਸਾਬਕਾ ਕੌਂਸਲਰ ਗੁਰਮੁਖ ਸਿੰਘ ਸੋਹਲ, ਸਾਬਕਾ ਕੌਂਸਲਰ ਰਜਿੰਦਰ ਪ੍ਰਸਾਦ ਸ਼ਰਮਾ, ਹਰਪਾਲ ਸਿੰਘ ਬਰਾੜ, ਸੁਖਦੇਵ ਸਿੰਘ ਪਟਵਾਰੀ, ਗੁਰਪ੍ਰੀਤ ਸਿੰਘ ਬਰਿਆਲੀ, ਗੁਰਪ੍ਰੀਤ ਸਿੰਘ ਕੁਰੜਾ, ਸਤਨਾਮ ਸਿੰਘ ਸਰਪੰਚ ਗੀਗੇ ਮਾਜਰਾ, ਜਸਪ੍ਰੀਤ ਸਿੰਘ ਸਰਪੰਚ, ਅਰੁਣ ਗੋਇਲ, ਪਰਮਿੰਦਰ ਵੈਦਵਾਨ ਵੀ ਹਾਜ਼ਰ ਸਨ।
Get all latest content delivered to your email a few times a month.