ਤਾਜਾ ਖਬਰਾਂ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 16 ਦਸੰਬਰ, 2025:
ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਦੇ ਖਰੜ, ਮਾਜਰੀ ਅਤੇ ਡੇਰਾਬੱਸੀ ਬਲਾਕਾਂ ਵਿੱਚ ਹੋਈਆਂ ਪੰਚਾਇਤ ਸੰਮਤੀ ਚੋਣਾਂ-2025 ਦੀ ਨਿਰਪੱਖ ਅਤੇ ਪਾਰਦਰਸ਼ੀ ਗਿਣਤੀ ਨੂੰ ਯਕੀਨੀ ਬਣਾਉਣ ਲਈ ਅੱਜ ਕਾਊਂਟਿੰਗ ਸਟਾਫ਼ ਨੂੰ ਹਲਕਿਆਂ ਦੀ ਵੰਡ ਕਰਨ ਲਈ ਕਾਊਂਟਿੰਗ ਟੀਮਾਂ ਦੀ ਰੈਂਡਮਾਈਜ਼ੇਸ਼ਨ ਚੋਣ ਅਬਜ਼ਰਵਰ ਅੰਮ੍ਰਿਤ ਸਿੰਘ ਦੀ ਮੌਜੂਦਗੀ ਵਿੱਚ ਕੀਤੀ ਗਈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਕੋਮਲ ਮਿੱਤਲ ਨੇ ਦੱਸਿਆ ਕਿ ਹਰੇਕ ਹਲਕੇ ਨੂੰ 14 ਕਾਊਂਟਿੰਗ ਟੇਬਲਾਂ ਦੇ ਮੁਕਾਬਲੇ 5 ਰਾਖਵੀਆਂ ਟੀਮਾਂ ਸਮੇਤ, ਹਰੇਕ ਟੇਬਲ ਤੇ ਚਾਰ-ਚਾਰ ਮੈਂਬਰੀ ਟੀਮ ਦੀ ਵੰਡ ਕੀਤੀ ਗਈ ਹੈ, ਜਿਸ ਵਿੱਚੋਂ ਖਰੜ ਅਤੇ ਮਾਜਰੀ ਪੰਚਾਇਤ ਸੰਮਤੀਆਂ ਦੀ ਗਿਣਤੀ ਸਰਕਾਰੀ ਬਹੁਤਕਨੀਕੀ ਕਾਲਜ, ਖੂਨੀਮਾਜਰਾ, ਜਦਕਿ ਡੇਰਾਬੱਸੀ ਦੀ ਗਿਣਤੀ ਸਰਕਾਰੀ ਕਾਲਜ, ਡੇਰਾਬੱਸੀ ਵਿੱਚ ਕੀਤੀ ਜਾ ਰਹੀ ਹੈ। ਉਨ੍ਹਾਂ ਗਿਣਤੀ ਟੀਮਾਂ ਨੂੰ ਸਵੇਰੇ 6 ਵਜੇ ਗਿਣਤੀ ਕੇਂਦਰਾਂ 'ਤੇ ਰਿਪੋਰਟ ਕਰਨ ਲਈ ਕਿਹਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਗਿਣਤੀ ਅਮਲੇ ਨੂੰ ਗਿਣਤੀ ਪ੍ਰਕਿਰਿਆ ਸਬੰਧੀ ਸਿਖਲਾਈ ਪਹਿਲਾਂ ਹੀ ਦਿੱਤੀ ਜਾ ਚੁੱਕੀ ਹੈ ਤਾਂ ਜੋ ਵੋਟਾਂ ਦੀ ਨਿਰਵਿਘਨ ਗਿਣਤੀ ਨੂੰ ਸਮੇਂ ਸਿਰ ਮੁਕੰਮਲ ਕੀਤਾ ਜਾ ਸਕੇ। ਗਿਣਤੀ ਕੱਲ੍ਹ ਸਵੇਰੇ 8 ਵਜੇ ਸ਼ੁਰੂ ਹੋਵੇਗੀ।
ਗਿਣਤੀ ਟੀਮਾਂ ਦੀ ਰੈਂਡਮਾਈਜ਼ੇਸ਼ਨ ਪ੍ਰਕਿਰਿਆ ਦੌਰਾਨ ਵਧੀਕ ਡਿਪਟੀ ਕਮਿਸ਼ਨਰ–ਕਮ–ਵਧੀਕ ਜ਼ਿਲ੍ਹਾ ਚੋਣ ਅਧਿਕਾਰੀ ਸ਼੍ਰੀਮਤੀ ਸੋਨਮ ਚੌਧਰੀ ਵੀ ਹਾਜ਼ਰ ਸਨ।
Get all latest content delivered to your email a few times a month.