ਤਾਜਾ ਖਬਰਾਂ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅੱਜ ਮੇਘਾਲਿਆ ਦੇ ਸ਼ਿਲੌਂਗ ਸ਼ਹਿਰ ਦੀ ਇਤਿਹਾਸਕ ਪੰਜਾਬੀ ਲੇਨ ਦਾ ਦੌਰਾ ਕਰਦਿਆਂ ਇੱਥੇ ਵੱਸਦੇ ਸਿੱਖ ਪਰਿਵਾਰਾਂ ਨਾਲ ਰੂਬਰੂ ਮੁਲਾਕਾਤ ਕੀਤੀ। ਜਥੇਦਾਰ ਗੜਗੱਜ ਨੇ ਸਿੱਖਾਂ ਦੀਆਂ ਸਮੱਸਿਆਵਾਂ, ਮੌਜੂਦਾ ਹਾਲਾਤ ਅਤੇ ਸਥਿਤੀ ਬਾਰੇ ਵਿਸਥਾਰ ਨਾਲ ਜਾਣਕਾਰੀ ਹਾਸਲ ਕੀਤੀ ਅਤੇ ਉਨ੍ਹਾਂ ਨੂੰ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ।
ਇਸ ਮੌਕੇ ਜਥੇਦਾਰ ਗੜਗੱਜ ਗੁਰਦੁਆਰਾ ਗੁਰੂ ਨਾਨਕ ਦਰਬਾਰ ਵਿਖੇ ਨਤਮਸਤਕ ਹੋਏ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਲਾਏ ਜਾ ਰਹੇ ਗੁਰੂ ਨਾਨਕ ਸਕੂਲ ਦਾ ਵੀ ਦੌਰਾ ਕੀਤਾ। ਉਨ੍ਹਾਂ ਨੇ ਸਕੂਲ ਦੀ ਕਾਰਗੁਜ਼ਾਰੀ ਦੀ ਸਰਾਹਨਾ ਕਰਦਿਆਂ ਕਿਹਾ ਕਿ ਇਹ ਸੰਸਥਾਵਾਂ ਸਿੱਖੀ ਦੀ ਸੋਚ ਅਤੇ ਸਿੱਖਿਆ ਦੇ ਪ੍ਰਸਾਰ ਵਿੱਚ ਅਹਿਮ ਭੂਮਿਕਾ ਨਿਭਾ ਰਹੀਆਂ ਹਨ।
ਜਥੇਦਾਰ ਗੜਗੱਜ ਨੇ ਕਿਹਾ ਕਿ ਸ਼ਿਲੌਂਗ ਦੀ ਪੰਜਾਬੀ ਲੇਨ ਵਿੱਚ ਵੱਸਦੇ ਸਿੱਖ ਪੂਰੀ ਚੜ੍ਹਦੀ ਕਲਾ ਵਿੱਚ ਹਨ ਅਤੇ ਗੁਰੂ ਘਰ ਨਾਲ ਡੂੰਘੀ ਸ਼ਰਧਾ ਨਾਲ ਜੁੜੇ ਹੋਏ ਹਨ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਸਿੱਖ ਇੱਥੇ ਸਦੀਆਂ ਤੋਂ ਵੱਸਦੇ ਆ ਰਹੇ ਹਨ ਅਤੇ ਪੰਜਾਬੀ ਲੇਨ ਸਿੱਖ ਵੱਸੋਂ ਦਾ ਸਭ ਤੋਂ ਪੁਰਾਣਾ ਤੇ ਇਤਿਹਾਸਕ ਇਲਾਕਾ ਹੈ।
ਉਨ੍ਹਾਂ ਕਿਹਾ ਕਿ ਸਿੱਖਾਂ ਅਤੇ ਪੰਜਾਬੀਆਂ ਨੇ ਆਪਣੀ ਮਿਹਨਤ, ਇਮਾਨਦਾਰੀ ਅਤੇ ਸਮਾਜ ਸੇਵਾ ਰਾਹੀਂ ਮੇਘਾਲਿਆ ਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਜਥੇਦਾਰ ਗੜਗੱਜ ਨੇ ਸਾਫ਼ ਕੀਤਾ ਕਿ ਪੰਜਾਬੀ ਲੇਨ ਜੱਦੀ ਪੁਸ਼ਤੀ ਸਿੱਖਾਂ ਦਾ ਇਲਾਕਾ ਹੈ ਅਤੇ ਇੱਥੇ ਵੱਸਦੇ ਸਿੱਖ ਮੇਘਾਲਿਆ ਅਤੇ ਸ਼ਿਲੌਂਗ ਦੇ ਸਥਾਈ ਵਾਸੀ ਹਨ। ਇਸ ਮੌਕੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਜੀਤ ਸਿੰਘ ਸਮੇਤ ਹੋਰ ਪਤਵੰਤੇ ਵੀ ਮੌਜੂਦ ਰਹੇ।
Get all latest content delivered to your email a few times a month.