ਤਾਜਾ ਖਬਰਾਂ
ਮੁਹਾਲੀ ਦੇ ਸੋਹਾਣਾ ਇਲਾਕੇ ਵਿੱਚ ਕਬੱਡੀ ਟੂਰਨਾਮੈਂਟ ਦੌਰਾਨ ਗੋਲੀ ਮਾਰ ਕੇ ਕਤਲ ਕੀਤੇ ਗਏ ਪ੍ਰਸਿੱਧ ਕਬੱਡੀ ਖਿਡਾਰੀ ਅਤੇ ਪ੍ਰਮੋਟਰ ਦਿਗਵਿਜੇ ਸਿੰਘ ਉਰਫ਼ ਰਾਣਾ ਬਲਾਚੌਰੀਆ ਦਾ ਅੰਤਿਮ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਚਨਕੋਆ ਵਿੱਚ ਭਾਰੀ ਗਮਗੀਨ ਮਾਹੌਲ ਵਿੱਚ ਕੀਤਾ ਗਿਆ। ਇਸ ਮੌਕੇ ਪਰਿਵਾਰਕ ਮੈਂਬਰਾਂ, ਦੋਸਤਾਂ, ਖੇਡ ਜਗਤ ਨਾਲ ਜੁੜੀਆਂ ਸ਼ਖਸੀਅਤਾਂ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਨੇ ਨਮ ਅੱਖਾਂ ਨਾਲ ਰਾਣਾ ਨੂੰ ਅੰਤਿਮ ਵਿਦਾਈ ਦਿੱਤੀ। ਰਾਣਾ ਦੀ ਚਿਤਾ ਨੂੰ ਉਨ੍ਹਾਂ ਦੇ ਛੋਟੇ ਭਰਾ ਰਣਵਿਜੇ ਸਿੰਘ ਨੇ ਮੁੱਖ ਅਗਨੀ ਦਿੱਤੀ, ਜਦਕਿ ਪਤਨੀ ਸਮੇਤ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਸੀ।
ਇਸ ਤੋਂ ਪਹਿਲਾਂ ਮੁਹਾਲੀ ਦੇ ਫੇਜ਼ ਸਰਕਾਰੀ ਹਸਪਤਾਲ ਵਿੱਚ ਰਾਣਾ ਬਲਾਚੌਰੀਆ ਦਾ ਪੋਸਟਮਾਰਟਮ ਕੀਤਾ ਗਿਆ, ਜਿਸ ਉਪਰੰਤ ਮ੍ਰਿਤਕ ਦੇਹ ਪਿੰਡ ਚਨਕੋਆ ਲਿਆਂਦੀ ਗਈ। ਦੱਸਣਯੋਗ ਹੈ ਕਿ ਬੀਤੀ ਰਾਤ ਸੋਹਾਣਾ ਦੇ ਸੈਕਟਰ-82 ਸਥਿਤ ਮੈਦਾਨ ਵਿੱਚ ਕਬੱਡੀ ਟੂਰਨਾਮੈਂਟ ਚੱਲ ਰਿਹਾ ਸੀ। ਮੈਚ ਦੇ ਕੁਮੈਂਟੇਟਰ ਸੇਵਕ ਸ਼ੇਰਗੜ੍ਹ ਮੁਤਾਬਕ, ਰਾਣਾ ਬਲਾਚੌਰੀਆ ਜਲੰਧਰ ਤੋਂ ਸ਼ਕਰਪੁਰ ਟੀਮ ਦਾ ਮੈਨੇਜਰ ਸੀ ਅਤੇ ਉਹ ਟੂਰਨਾਮੈਂਟ ਵਿੱਚ ਦੋ ਟੀਮਾਂ ਲੈ ਕੇ ਸ਼ਾਮਲ ਹੋਇਆ ਸੀ।
ਜਦੋਂ ਸੈਮੀਫਾਈਨਲ ਮੈਚ ਬਰਾਬਰੀ ’ਤੇ ਖਤਮ ਹੋਇਆ ਅਤੇ ਰਾਣਾ ਮੈਦਾਨ ਤੋਂ ਬਾਹਰ ਜਾ ਰਿਹਾ ਸੀ, ਤਦ ਇੱਕ ਹਮਲਾਵਰ ਸੈਲਫੀ ਖਿੱਚਣ ਦੇ ਬਹਾਨੇ ਉਸ ਦੇ ਨੇੜੇ ਆਇਆ ਅਤੇ ਅਚਾਨਕ ਉਸ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ। ਇਸ ਘਟਨਾ ਨਾਲ ਟੂਰਨਾਮੈਂਟ ’ਚ ਮੌਜੂਦ ਦਰਸ਼ਕਾਂ ਵਿੱਚ ਦਹਿਸ਼ਤ ਫੈਲ ਗਈ।
ਮੁਹਾਲੀ ਪੁਲਿਸ ਨੇ ਮਾਮਲੇ ਵਿੱਚ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਜਾਂਚ ਤੇਜ਼ ਕਰ ਦਿੱਤੀ ਹੈ। ਰਾਤ ਭਰ ਸੋਹਾਣਾ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਗਈ। ਪੁਲਿਸ ਮੁਤਾਬਕ, ਹਮਲਾਵਰ ਬੋਲੈਰੋ ਗੱਡੀ ਵਿੱਚ ਆਏ ਹੋ ਸਕਦੇ ਹਨ, ਹਾਲਾਂਕਿ ਕੁਝ ਚਸ਼ਮਦੀਦਾਂ ਨੇ ਉਨ੍ਹਾਂ ਨੂੰ ਮੋਟਰਸਾਈਕਲਾਂ ’ਤੇ ਭੱਜਦੇ ਵੀ ਦੇਖਿਆ।
ਇਸ ਦੌਰਾਨ ਬੰਬੀਹਾ ਗੈਂਗ ਵੱਲੋਂ ਸੋਸ਼ਲ ਮੀਡੀਆ ’ਤੇ ਕਤਲ ਦੀ ਜ਼ਿੰਮੇਵਾਰੀ ਲੈਣ ਦਾ ਦਾਅਵਾ ਕੀਤਾ ਗਿਆ ਹੈ, ਜਿਸ ਵਿੱਚ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਲੈਣ ਦੀ ਗੱਲ ਆਖੀ ਗਈ। ਪਰ ਪੀਟੀਸੀ ਨਿਊਜ਼ ਵੱਲੋਂ ਇਸ ਪੋਸਟ ਦੀ ਪੁਸ਼ਟੀ ਨਹੀਂ ਕੀਤੀ ਗਈ। ਪੁਲਿਸ ਦਾ ਕਹਿਣਾ ਹੈ ਕਿ ਸਾਰੇ ਪੱਖਾਂ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇਗਾ।
Get all latest content delivered to your email a few times a month.