ਤਾਜਾ ਖਬਰਾਂ
ਪੰਜਾਬ ਦੇ ਸਮੂਹ ਅਧਿਆਪਕ ਜਥੇਬੰਦੀਆਂ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੌਰਾਨ ਅਧਿਆਪਕਾਂ ਦੀਆਂ ਡਿਊਟੀਆਂ ਦੂਸਰੇ ਬਲਾਕਾਂ ਵਿੱਚ ਲਗਾਉਣ ਅਤੇ ਬੀ.ਐਲ.ਓ ਡਿਊਟੀਆਂ ਨਾ ਘਟਾਉਣ ਨੂੰ ਲੈ ਕੇ ਸਰਕਾਰ ਖ਼ਿਲਾਫ਼ ਅਰਥੀ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਹ ਪ੍ਰਦਰਸ਼ਨ ਫਤਿਹਗੜ੍ਹ ਸਾਹਿਬ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੱਗੇ ਕੀਤਾ ਗਿਆ, ਜਿੱਥੇ ਅਧਿਆਪਕਾਂ ਨੇ ਚੋਣ ਦੌਰਾਨ ਹੋਏ ਹਾਦਸਿਆਂ ਵਿੱਚ ਦੋ ਅਧਿਆਪਕਾਂ ਦੀ ਮੌਤ ਅਤੇ ਵੱਖ-ਵੱਖ ਥਾਵਾਂ 'ਤੇ ਜ਼ਖ਼ਮੀ ਹੋਏ ਅਧਿਆਪਕਾਂ ਲਈ ਮੁਆਵਜ਼ੇ ਦੀ ਮੰਗ ਰੱਖੀ।
ਸੁਖਵਿੰਦਰ ਸਿੰਘ ਚਾਹਲ, ਸੂਬਾ ਪ੍ਰਧਾਨ ਗਵਰਨਮੈਂਟ ਟੀਚਰਜ਼ ਯੂਨੀਅਨ, ਨੇ ਕਿਹਾ ਕਿ ਮੌਤ ਹੋਏ ਅਧਿਆਪਕਾਂ ਦੇ ਪਰਿਵਾਰ ਨੂੰ 2-2 ਕਰੋੜ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ ਅਤੇ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਅਤੇ ਬਾਲਗ ਹੋਣ 'ਤੇ ਸਰਕਾਰੀ ਨੌਕਰੀ ਦਾ ਪ੍ਰਬੰਧ ਕੀਤਾ ਜਾਵੇ। ਨਾਲ ਹੀ ਜ਼ਖ਼ਮੀ ਹੋਏ ਅਧਿਆਪਕਾਂ ਨੂੰ 20 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ ਅਤੇ ਹੋਰ ਹਾਦਸਿਆਂ ਵਿੱਚ ਜ਼ਖ਼ਮੀ ਹੋਏ ਅਧਿਆਪਕਾਂ ਦਾ ਇਲਾਜ ਸਰਕਾਰੀ ਖ਼ਰਚ 'ਤੇ ਕੀਤਾ ਜਾਵੇ।
ਉਨ੍ਹਾਂ ਨੇ ਸਰਕਾਰ ਤੋਂ ਇਹ ਵੀ ਮੰਗ ਕੀਤੀ ਕਿ ਚੋਣ ਦੌਰਾਨ ਅਧਿਆਪਕਾਂ 'ਤੇ ਲੱਗੀਆਂ ਐਫ.ਆਈ.ਆਰ. ਸਿਫਾਰਸ਼ਾਂ ਤੁਰੰਤ ਰੱਦ ਕੀਤੀਆਂ ਜਾਣ, ਬੀ.ਐਲ.ਓਜ਼ ਨੂੰ ਡਿਊਟੀ ਤੋਂ ਛੋਟ ਮਿਲੇ ਅਤੇ ਭਵਿੱਖ ਵਿੱਚ ਸਾਰੇ ਅਧਿਆਪਕਾਂ ਦੀ ਡਿਊਟੀ ਉਹਨਾਂ ਦੇ ਨਜ਼ਦੀਕੀ ਹਲਕੇ ਜਾਂ ਵਰਕਿੰਗ ਬਲਾਕ ਵਿੱਚ ਲਗਾਈ ਜਾਵੇ।
ਬਠਿੰਡਾ ਵਿਖੇ ਵੀ ਅਧਿਆਪਕਾਂ ਨੇ ਅਰਥੀ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਦੱਸਿਆ ਕਿ ਮੋਗੇ ਦੇ ਅਧਿਆਪਕ ਸਾਥੀ ਜਸਕਰਨ ਸਿੰਘ ਅਤੇ ਉਨ੍ਹਾਂ ਦੀ ਧਰਮ ਪਤਨੀ ਕਮਲਜੀਤ ਕੌਰ ਨੂੰ ਚੋਣ ਡਿਊਟੀ 'ਤੇ ਜਾਣ ਦੌਰਾਨ ਹਾਦਸੇ ਵਿੱਚ ਜਾਨ ਗਵਾਉਣੀ ਪਈ। ਉਨ੍ਹਾਂ ਦੀ ਮੰਗ ਹੈ ਕਿ ਪਰਿਵਾਰ ਨੂੰ ਉਚਿਤ ਮੁਆਵਜ਼ਾ ਮਿਲੇ ਅਤੇ ਉਨ੍ਹਾਂ ਦੇ ਬੱਚਿਆਂ ਦੀ ਪੜ੍ਹਾਈ ਅਤੇ ਭਵਿੱਖ ਲਈ ਜ਼ਿੰਮੇਵਾਰ ਸਰਕਾਰੀ ਪ੍ਰਬੰਧ ਕੀਤੇ ਜਾਣ। ਜੇਕਰ ਇਹ ਮੰਗ ਪੂਰੀ ਨਹੀਂ ਕੀਤੀ ਗਈ, ਤਾਂ ਅਧਿਆਪਕ ਜਥੇਬੰਦੀ ਵੱਲੋਂ ਤਿੱਖਾ ਸੰਘਰਸ਼ ਕਰਨ ਦਾ ਇਸ਼ਾਰਾ ਦਿੱਤਾ ਗਿਆ ਹੈ।
Get all latest content delivered to your email a few times a month.