ਤਾਜਾ ਖਬਰਾਂ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੇਸ਼ ਦੀ ਸੁਰੱਖਿਆ ਅਤੇ ਇਮੀਗ੍ਰੇਸ਼ਨ ਨੀਤੀ ਨੂੰ ਲੈ ਕੇ ਇੱਕ ਵੱਡਾ ਧਮਾਕਾ ਕੀਤਾ ਹੈ। ਟਰੰਪ ਪ੍ਰਸ਼ਾਸਨ ਨੇ ਅਮਰੀਕਾ ਵਿੱਚ ਦਾਖਲੇ 'ਤੇ ਪਾਬੰਦੀ ਵਾਲੇ ਦੇਸ਼ਾਂ ਦੀ ਸੂਚੀ ਨੂੰ ਦੁੱਗਣਾ ਕਰਦਿਆਂ ਹੁਣ 39 ਦੇਸ਼ਾਂ ਤੱਕ ਪਹੁੰਚਾ ਦਿੱਤਾ ਹੈ। ਇਸ ਫੈਸਲੇ ਨਾਲ ਉਨ੍ਹਾਂ ਦੇਸ਼ਾਂ ਦੇ ਨਾਗਰਿਕਾਂ ਲਈ ਅਮਰੀਕਾ ਆਉਣਾ ਜਾਂ ਉੱਥੇ ਵਸਣਾ ਲਗਭਗ ਅਸੰਭਵ ਹੋ ਜਾਵੇਗਾ ਜਿਨ੍ਹਾਂ ਦਾ ਰਿਕਾਰਡ ਜਾਂ ਜਾਂਚ ਪ੍ਰਕਿਰਿਆ ਅਮਰੀਕੀ ਮਾਪਦੰਡਾਂ 'ਤੇ ਖਰੀ ਨਹੀਂ ਉਤਰਦੀ।
ਭ੍ਰਿਸ਼ਟਾਚਾਰ ਅਤੇ ਸੁਰੱਖਿਆ ਨੂੰ ਦੱਸਿਆ ਮੁੱਖ ਕਾਰਨ
ਵਾਈਟ ਹਾਊਸ ਵੱਲੋਂ ਜਾਰੀ ਬਿਆਨ ਅਨੁਸਾਰ, ਨਵੀਂ ਸੂਚੀ ਵਿੱਚ ਸ਼ਾਮਲ ਕੀਤੇ ਗਏ ਬਹੁਤੇ ਦੇਸ਼ਾਂ ਵਿੱਚ ਵਿਆਪਕ ਭ੍ਰਿਸ਼ਟਾਚਾਰ, ਪਛਾਣ ਦਸਤਾਵੇਜ਼ਾਂ ਵਿੱਚ ਧੋਖਾਧੜੀ ਅਤੇ ਅਪਰਾਧਿਕ ਗਤੀਵਿਧੀਆਂ ਜ਼ਿਆਦਾ ਹਨ। ਟਰੰਪ ਪ੍ਰਸ਼ਾਸਨ ਦਾ ਤਰਕ ਹੈ ਕਿ ਇਨ੍ਹਾਂ ਦੇਸ਼ਾਂ ਦੇ ਨਾਗਰਿਕਾਂ ਦੀ ਪਿਛੋਕੜ ਦੀ ਜਾਂਚ (Background Check) ਕਰਨਾ ਬੇਹੱਦ ਮੁਸ਼ਕਿਲ ਹੈ, ਜਿਸ ਕਾਰਨ ਅਮਰੀਕਾ ਦੀ ਅੰਦਰੂਨੀ ਸੁਰੱਖਿਆ ਨੂੰ ਖ਼ਤਰਾ ਹੋ ਸਕਦਾ ਹੈ।
ਕੌਣ-ਕੌਣ ਹੋਏਗਾ ਪ੍ਰਭਾਵਿਤ?
ਨਵੀਂ ਘੋਸ਼ਣਾ ਅਨੁਸਾਰ ਪਾਬੰਦੀਆਂ ਨੂੰ ਤਿੰਨ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ:
ਪੂਰਨ ਪਾਬੰਦੀ: ਅਫਗਾਨਿਸਤਾਨ, ਈਰਾਨ, ਲੀਬੀਆ, ਸੋਮਾਲੀਆ, ਯਮਨ, ਹੈਤੀ ਅਤੇ ਬਰਮਾ ਸਣੇ 12 ਪੁਰਾਣੇ ਦੇਸ਼ਾਂ 'ਤੇ ਪਾਬੰਦੀ ਜਾਰੀ ਰਹੇਗੀ। ਹੁਣ ਇਸ ਵਿੱਚ ਸੀਰੀਆ, ਮਾਲੀ, ਨਾਈਜਰ, ਬੁਰਕੀਨਾ ਫਾਸੋ ਅਤੇ ਦੱਖਣੀ ਸੁਡਾਨ ਨੂੰ ਵੀ ਜੋੜ ਦਿੱਤਾ ਗਿਆ ਹੈ। ਫਲਸਤੀਨੀ ਅਥਾਰਟੀ ਦੇ ਦਸਤਾਵੇਜ਼ਾਂ 'ਤੇ ਸਫ਼ਰ ਕਰਨ ਵਾਲਿਆਂ 'ਤੇ ਵੀ ਰੋਕ ਲਗਾ ਦਿੱਤੀ ਗਈ ਹੈ।
ਅੰਸ਼ਕ ਪਾਬੰਦੀਆਂ: ਨਾਈਜੀਰੀਆ, ਤਨਜ਼ਾਨੀਆ, ਸੇਨੇਗਲ, ਮਲਾਵੀ ਅਤੇ ਜ਼ਿੰਬਾਬਵੇ ਵਰਗੇ 15 ਨਵੇਂ ਦੇਸ਼ਾਂ 'ਤੇ ਅੰਸ਼ਕ ਪਾਬੰਦੀਆਂ ਲਗਾਈਆਂ ਗਈਆਂ ਹਨ।
ਵੀਜ਼ਾ ਸੀਮਾ: ਲਾਓਸ ਅਤੇ ਸੀਅਰਾ ਲਿਓਨ ਵਰਗੇ ਦੇਸ਼ਾਂ 'ਤੇ ਪਹਿਲਾਂ ਅੰਸ਼ਕ ਰੋਕ ਸੀ, ਜਿਨ੍ਹਾਂ ਨੂੰ ਹੁਣ ਪੂਰਨ ਪਾਬੰਦੀ ਦੀ ਸ਼੍ਰੇਣੀ ਵਿੱਚ ਸ਼ਾਮਲ ਕਰ ਲਿਆ ਗਿਆ ਹੈ।
ਕਿਨ੍ਹਾਂ ਨੂੰ ਮਿਲੇਗੀ ਛੋਟ?
ਰਾਹਤ ਦੀ ਗੱਲ ਇਹ ਹੈ ਕਿ ਜਿਨ੍ਹਾਂ ਕੋਲ ਪਹਿਲਾਂ ਹੀ ਅਮਰੀਕਾ ਦਾ ਵੈਧ ਵੀਜ਼ਾ ਹੈ, ਜੋ ਅਮਰੀਕਾ ਦੇ ਪੱਕੇ ਨਿਵਾਸੀ (ਗ੍ਰੀਨ ਕਾਰਡ ਹੋਲਡਰ) ਹਨ, ਜਾਂ ਜਿਨ੍ਹਾਂ ਕੋਲ ਡਿਪਲੋਮੈਟਿਕ ਅਤੇ ਖੇਡ ਵੀਜ਼ਾ ਵਰਗੀਆਂ ਵਿਸ਼ੇਸ਼ ਸ਼੍ਰੇਣੀਆਂ ਹਨ, ਉਨ੍ਹਾਂ 'ਤੇ ਇਹ ਨਿਯਮ ਲਾਗੂ ਨਹੀਂ ਹੋਣਗੇ। ਇਸ ਤੋਂ ਇਲਾਵਾ, ਤੁਰਕਮੇਨਿਸਤਾਨ ਨੂੰ ਚੰਗੇ ਸਹਿਯੋਗ ਦੇ ਚੱਲਦਿਆਂ ਇਸ ਸੂਚੀ ਵਿੱਚੋਂ ਬਾਹਰ ਕਰ ਦਿੱਤਾ ਗਿਆ ਹੈ।
ਇਹ ਨਵੀਆਂ ਪਾਬੰਦੀਆਂ ਕਦੋਂ ਤੋਂ ਲਾਗੂ ਹੋਣਗੀਆਂ, ਇਸ ਬਾਰੇ ਅਜੇ ਅਧਿਕਾਰਤ ਤਾਰੀਖ਼ ਦਾ ਐਲਾਨ ਹੋਣਾ ਬਾਕੀ ਹੈ। ਪਰ ਟਰੰਪ ਦੇ ਇਸ ਕਦਮ ਨੇ ਵਿਸ਼ਵ ਪੱਧਰ 'ਤੇ ਇਮੀਗ੍ਰੇਸ਼ਨ ਬਹਿਸ ਨੂੰ ਮੁੜ ਗਰਮਾ ਦਿੱਤਾ ਹੈ।
Get all latest content delivered to your email a few times a month.