ਤਾਜਾ ਖਬਰਾਂ
ਜ਼ਿਲ੍ਹਾ ਸੰਗਰੂਰ ਵਿੱਚ ਪੰਚਾਇਤ ਸੰਮਤੀ ਚੋਣਾਂ ਦੇ ਅਧਿਕਾਰਤ ਨਤੀਜਿਆਂ ਤੋਂ ਪਹਿਲਾਂ ਹੀ 20 ਉਮੀਦਵਾਰਾਂ ਨੇ ਜਿੱਤ ਦਾ ਪਰਚਮ ਲਹਿਰਾ ਦਿੱਤਾ ਹੈ। ਜ਼ਿਲ੍ਹੇ ਦੇ ਕੁੱਲ 162 ਜ਼ੋਨਾਂ ਵਿੱਚੋਂ 20 ਅਜਿਹੇ ਹਲਕੇ ਹਨ ਜਿੱਥੇ ਵਿਰੋਧੀ ਧਿਰ ਦਾ ਕੋਈ ਉਮੀਦਵਾਰ ਮੈਦਾਨ ਵਿੱਚ ਨਾ ਹੋਣ ਕਾਰਨ ਇਨ੍ਹਾਂ ਨੁਮਾਇੰਦਿਆਂ ਨੂੰ ਨਿਰਵਿਰੋਧ ਜੇਤੂ ਕਰਾਰ ਦਿੱਤਾ ਗਿਆ ਹੈ।
ਡਿਪਟੀ ਕਮਿਸ਼ਨਰ ਵੱਲੋਂ ਪੁਸ਼ਟੀ
ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਚਾਬਾ ਨੇ ਵੇਰਵੇ ਸਾਂਝੇ ਕਰਦਿਆਂ ਦੱਸਿਆ ਕਿ ਚੋਣ ਪ੍ਰਕਿਰਿਆ ਦੌਰਾਨ ਇਨ੍ਹਾਂ 20 ਜ਼ੋਨਾਂ ਵਿੱਚ ਕੇਵਲ ਇੱਕ-ਇੱਕ ਉਮੀਦਵਾਰ ਦੇ ਮੈਦਾਨ ਵਿੱਚ ਰਹਿ ਜਾਣ ਕਾਰਨ ਉਹ ਬਿਨਾਂ ਮੁਕਾਬਲਾ ਚੁਣੇ ਗਏ ਹਨ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਨਿਯਮਾਂ ਅਨੁਸਾਰ ਇਨ੍ਹਾਂ ਜੇਤੂਆਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ।
ਕਿਹੜੇ ਜ਼ੋਨਾਂ ਵਿੱਚ ਕਿਸ ਨੇ ਮਾਰੀ ਬਾਜ਼ੀ?
ਨਿਰਵਿਰੋਧ ਚੁਣੇ ਗਏ ਉਮੀਦਵਾਰਾਂ ਦੇ ਮੁੱਖ ਹਲਕੇ ਇਸ ਪ੍ਰਕਾਰ ਹਨ:
ਧੂਰੀ ਬਲਾਕ: ਇੱਥੇ ਸਭ ਤੋਂ ਵੱਧ 7 ਜ਼ੋਨਾਂ (ਨੱਤ, ਕੱਕੜਵਾਲ, ਈਸੜਾ, ਧਾਦਰਾ, ਢਢੋਗਲ, ਮੀਮਸਾ ਅਤੇ ਭੁੱਲਰਹੇੜੀ) ਵਿੱਚ ਉਮੀਦਵਾਰ ਨਿਰਵਿਰੋਧ ਚੁਣੇ ਗਏ।
ਦਿੜ੍ਹਬਾ ਤੇ ਮੂਨਕ: ਦਿੜ੍ਹਬਾ ਦੇ ਸ਼ਾਦੀਹਰੀ, ਤੂਰਬੰਨਜਾਰਾ ਤੇ ਕਮਾਲਪੁਰ ਅਤੇ ਮੂਨਕ (ਅੰਨਦਾਣਾ) ਦੇ ਗੁਲਾੜ੍ਹੀ ਤੇ ਕਰੋਦਾ ਜ਼ੋਨ ਵਿੱਚ ਜਿੱਤ ਦਰਜ ਹੋਈ।
ਲਹਿਰਾਗਾਗਾ ਤੇ ਸੁਨਾਮ: ਲਹਿਰਾਗਾਗਾ ਦੇ ਚੂੜਲ ਕਲਾਂ ਤੇ ਰਾਏਧਰਾਣਾ ਜਦਕਿ ਸੁਨਾਮ ਦੇ ਕੋਟੜਾ ਅਮਰੂ, ਈਲਵਾਲ ਅਤੇ ਖੁਰਾਣਾ ਜ਼ੋਨਾਂ ਵਿੱਚ ਵੀ ਬਿਨਾਂ ਮੁਕਾਬਲਾ ਜਿੱਤ ਹਾਸਲ ਕੀਤੀ ਗਈ।
ਹੋਰ ਹਲਕੇ: ਭਵਾਨੀਗੜ੍ਹ ਦਾ ਕਾਲਾਝਾੜ, ਛਾਜਲੀ ਦਾ ਹਰਿਆਊ ਅਤੇ ਸ਼ੇਰਪੁਰ ਬਲਾਕ ਦਾ ਮਾਹਮਦਪੁਰ ਜ਼ੋਨ ਵੀ ਇਸੇ ਸੂਚੀ ਵਿੱਚ ਸ਼ਾਮਲ ਹਨ।
ਇਨ੍ਹਾਂ ਨਿਰਵਿਰੋਧ ਜਿੱਤਾਂ ਨੇ ਸਥਾਨਕ ਸਿਆਸਤ ਵਿੱਚ ਇੱਕ ਪਾਸੜ ਰੁਝਾਨ ਦੇ ਸੰਕੇਤ ਦਿੱਤੇ ਹਨ। ਹੁਣ ਸਭ ਦੀਆਂ ਨਜ਼ਰਾਂ ਬਾਕੀ ਰਹਿ ਗਏ 142 ਜ਼ੋਨਾਂ ਦੇ ਨਤੀਜਿਆਂ 'ਤੇ ਟਿਕੀਆਂ ਹੋਈਆਂ ਹਨ, ਜਿਨ੍ਹਾਂ ਦੀ ਤਸਵੀਰ ਗਿਣਤੀ ਤੋਂ ਬਾਅਦ ਪੂਰੀ ਤਰ੍ਹਾਂ ਸਾਫ਼ ਹੋ ਜਾਵੇਗੀ।
Get all latest content delivered to your email a few times a month.