ਤਾਜਾ ਖਬਰਾਂ
ਕੇਂਦਰ ਸਰਕਾਰ ਵੱਲੋਂ ਮਨਾਏ ਜਾਣ ਵਾਲੇ 'ਵੀਰ ਬਾਲ ਦਿਵਸ' ਦੇ ਨਾਮ ਨੂੰ ਲੈ ਕੇ ਸਿੱਖ ਜਗਤ ਵਿੱਚ ਪੈਦਾ ਹੋਇਆ ਰੋਸ ਹੁਣ ਦੇਸ਼ ਦੀ ਸੰਸਦ ਤੱਕ ਪਹੁੰਚ ਗਿਆ ਹੈ। ਪੰਜਾਬ ਤੋਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਅੱਜ ਸੰਸਦ ਭਵਨ ਦੇ ਬਾਹਰ ਹੱਥਾਂ ਵਿੱਚ ਬੈਨਰ ਫੜ ਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਮੰਗ ਕੀਤੀ ਕਿ ਇਸ ਦਿਨ ਦਾ ਨਾਮ ਬਦਲ ਕੇ 'ਸਾਹਿਬਜ਼ਾਦੇ ਸ਼ਹਾਦਤ ਦਿਵਸ' ਰੱਖਿਆ ਜਾਵੇ, ਕਿਉਂਕਿ ਸਿੱਖ ਪਰੰਪਰਾ ਅਨੁਸਾਰ ਸਾਹਿਬਜ਼ਾਦੇ 'ਬਾਲ' ਨਹੀਂ ਬਲਕਿ 'ਬਾਬੇ' ਹਨ।
ਸੰਸਦ ਦੇ ਬੂਹੇ 'ਤੇ ਪੁੱਜਾ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸੁਨੇਹਾ
ਸੰਤ ਸੀਚੇਵਾਲ ਦੇ ਹੱਥਾਂ ਵਿੱਚ ਫੜੇ ਬੈਨਰ 'ਤੇ ਸਪੱਸ਼ਟ ਲਿਖਿਆ ਸੀ— "ਬਾਲ ਨਹੀਂ ਸਿੱਖ ਜਗਤ ਲਈ ਬਾਬੇ ਆ ਸਾਹਿਬਜ਼ਾਦੇ"। ਇਸ ਬੈਨਰ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜਾਰੀ ਕੀਤਾ ਗਿਆ ਉਹ ਪੱਤਰ ਵੀ ਛੱਪਿਆ ਹੋਇਆ ਸੀ, ਜੋ ਹਾਲ ਹੀ ਵਿੱਚ ਦੇਸ਼ ਦੇ ਸਮੂਹ 14 ਸਿੱਖ ਸੰਸਦ ਮੈਂਬਰਾਂ ਨੂੰ ਭੇਜਿਆ ਗਿਆ ਹੈ। ਜ਼ਿਕਰਯੋਗ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਮੂਹ ਸਿੱਖ ਸਾਂਸਦਾਂ ਨੂੰ ਹਦਾਇਤ ਕੀਤੀ ਸੀ ਕਿ ਉਹ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸੰਸਦ ਵਿੱਚ ਇਸ ਮੁੱਦੇ ਨੂੰ ਮਜ਼ਬੂਤੀ ਨਾਲ ਚੁੱਕਣ।
ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ: "ਸਤਿਕਾਰ ਸਹਿਤ ਇਤਰਾਜ਼"
ਪ੍ਰਦਰਸ਼ਨ ਦੌਰਾਨ ਸੰਤ ਸੀਚੇਵਾਲ ਨੇ ਦੱਸਿਆ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰਾਲੇ ਅਤੇ ਬਾਲ ਵਿਕਾਸ ਵਿਭਾਗ ਨੂੰ ਪੱਤਰ ਲਿਖ ਕੇ ਸਿੱਖ ਕੌਮ ਦੀਆਂ ਭਾਵਨਾਵਾਂ ਤੋਂ ਜਾਣੂ ਕਰਵਾਇਆ ਹੈ। ਉਨ੍ਹਾਂ ਕਿਹਾ, "ਅਸੀਂ ਕੇਂਦਰ ਸਰਕਾਰ ਦਾ ਸਤਿਕਾਰ ਕਰਦੇ ਹਾਂ ਕਿ ਉਨ੍ਹਾਂ ਨੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਕੌਮੀ ਪੱਧਰ 'ਤੇ ਮਾਨਤਾ ਦਿੱਤੀ ਹੈ, ਪਰ 'ਵੀਰ ਬਾਲ ਦਿਵਸ' ਸ਼ਬਦ ਸਿੱਖ ਇਤਿਹਾਸ ਅਤੇ ਮਰਯਾਦਾ ਨਾਲ ਮੇਲ ਨਹੀਂ ਖਾਂਦਾ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਸਲਾਹ-ਮਸ਼ਵਰਾ ਕਰਕੇ ਇਸ ਦਾ ਤੁਰੰਤ ਹੱਲ ਕੱਢੇ।"
ਇਨ੍ਹਾਂ ਸਿੱਖ ਸਾਂਸਦਾਂ ਨੂੰ ਭੇਜੇ ਗਏ ਸਨ ਪੱਤਰ
ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ 8 ਦਸੰਬਰ ਨੂੰ ਜਿਨ੍ਹਾਂ 14 ਸਿੱਖ ਮੈਂਬਰ ਪਾਰਲੀਮੈਂਟ ਨੂੰ ਚਿੱਠੀਆਂ ਭੇਜੀਆਂ ਗਈਆਂ ਸਨ, ਉਨ੍ਹਾਂ ਵਿੱਚ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ, ਹਰਸਿਮਰਤ ਕੌਰ ਬਾਦਲ, ਗੁਰਜੀਤ ਸਿੰਘ ਔਜਲਾ, ਸੁਖਜਿੰਦਰ ਸਿੰਘ ਰੰਧਾਵਾ, ਮਲਵਿੰਦਰ ਸਿੰਘ ਕੰਗ, ਡਾ. ਅਮਰ ਸਿੰਘ, ਹਰਭਜਨ ਸਿੰਘ ਅਤੇ ਸੰਤ ਸੀਚੇਵਾਲ ਸਮੇਤ ਹੋਰ ਨਾਮ ਸ਼ਾਮਲ ਹਨ। ਜਥੇਦਾਰ ਗੜਗੱਜ ਨੇ ਸਪੱਸ਼ਟ ਕੀਤਾ ਹੈ ਕਿ ਇਹ ਕੇਵਲ ਨਾਮ ਬਦਲਣ ਦੀ ਗੱਲ ਨਹੀਂ, ਸਗੋਂ ਸਿੱਖ ਇਤਿਹਾਸ ਦੇ ਸਹੀ ਸਰੂਪ ਨੂੰ ਸੰਭਾਲਣ ਦੀ ਮੰਗ ਹੈ।
ਕੀ ਹੈ ਵਿਵਾਦ ਦੀ ਜੜ੍ਹ?
ਸਿੱਖ ਜਥੇਬੰਦੀਆਂ ਦਾ ਤਰਕ ਹੈ ਕਿ ਦਸਮ ਪਿਤਾ ਦੇ ਸਾਹਿਬਜ਼ਾਦਿਆਂ ਨੇ ਛੋਟੀ ਉਮਰ ਵਿੱਚ ਜੋ ਮਹਾਨ ਸ਼ਹਾਦਤ ਦਿੱਤੀ, ਉਹ ਉਨ੍ਹਾਂ ਨੂੰ 'ਬਾਲ' ਦੀ ਸ਼੍ਰੇਣੀ ਤੋਂ ਉੱਪਰ ਚੁੱਕ ਕੇ 'ਬਾਬਿਆਂ' (ਬਜ਼ੁਰਗਾਂ ਵਰਗੀ ਸੂਝਵਾਨ ਸ਼ਖਸੀਅਤ) ਦਾ ਦਰਜਾ ਦਿੰਦੀ ਹੈ। ਇਸ ਲਈ ਉਨ੍ਹਾਂ ਦੀ ਸ਼ਹਾਦਤ ਨੂੰ 'ਬਾਲ ਦਿਵਸ' ਨਾਲ ਜੋੜਨਾ ਸਿੱਖ ਸਿਧਾਂਤਾਂ ਦੇ ਉਲਟ ਮੰਨਿਆ ਜਾ ਰਿਹਾ ਹੈ।
Get all latest content delivered to your email a few times a month.