ਤਾਜਾ ਖਬਰਾਂ
ਜਲੰਧਰ ਦੇ ਕਿਸ਼ਨਗੜ੍ਹ ਅੱਡੇ ਨੇੜੇ ਸਥਿਤ ਇੱਕ ਪੈਟਰੋਲ ਪੰਪ ‘ਤੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਕਾਲਜ ਦੀ ਪ੍ਰਧਾਨਗੀ ਨੂੰ ਲੈ ਕੇ ਦੋ ਵਿਦਿਆਰਥੀ ਗਰੁੱਪਾਂ ਵਿਚਕਾਰ ਚੱਲ ਰਹੇ ਵਿਵਾਦ ਨੇ ਹਿੰਸਕ ਰੂਪ ਧਾਰ ਲਿਆ। ਜਾਣਕਾਰੀ ਮੁਤਾਬਕ, ਇੱਕ ਗਰੁੱਪ ਨੇ ਦੂਜੇ ਗਰੁੱਪ ‘ਤੇ ਅੰਧਾਧੁੰਦ ਫਾਇਰਿੰਗ ਕਰ ਦਿੱਤੀ, ਜਿਸ ਦੌਰਾਨ ਲਗਭਗ 15 ਗੋਲੀਆਂ ਚਲਾਈਆਂ ਗਈਆਂ। ਇਸ ਗੋਲੀਬਾਰੀ ‘ਚ ਇੱਕ ਵਿਦਿਆਰਥੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ, ਜਿਸਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਘਟਨਾ ਵੇਲੇ ਕੁਝ ਵਿਦਿਆਰਥੀ ਪੈਟਰੋਲ ਪੰਪ ਦੇ ਨੇੜੇ ਮੌਜੂਦ ਸਨ। ਅਚਾਨਕ ਕਈ ਗੱਡੀਆਂ ‘ਚ ਸਵਾਰ ਹੋ ਕੇ ਆਏ ਦੂਜੇ ਗਰੁੱਪ ਦੇ ਵਿਦਿਆਰਥੀਆਂ ਨਾਲ ਤਕਰਾਰ ਹੋ ਗਈ, ਜੋ ਕੁਝ ਹੀ ਸਮੇਂ ‘ਚ ਭਿਆਨਕ ਗੋਲੀਬਾਰੀ ‘ਚ ਤਬਦੀਲ ਹੋ ਗਈ। ਗੋਲੀਆਂ ਦੀ ਆਵਾਜ਼ ਨਾਲ ਇਲਾਕੇ ‘ਚ ਹੜਕੰਪ ਮਚ ਗਿਆ ਅਤੇ ਆਸ-ਪਾਸ ਦੇ ਲੋਕ ਜਾਨ ਬਚਾਉਣ ਲਈ ਘਰਾਂ ਅਤੇ ਦੁਕਾਨਾਂ ਅੰਦਰ ਲੁੱਕ ਗਏ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਜਲੰਧਰ ਪੁਲਿਸ ਤੁਰੰਤ ਮੌਕੇ ‘ਤੇ ਪਹੁੰਚੀ। ਪੁਲਿਸ ਵੱਲੋਂ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕੀਤੀ ਗਈ। ਇਸ ਮਾਮਲੇ ‘ਚ ਵੱਡੀ ਕਾਰਵਾਈ ਕਰਦਿਆਂ ਪੁਲਿਸ ਨੇ ਫਾਇਰਿੰਗ ਕਰਨ ਵਾਲੇ ਮੁੱਖ ਆਰੋਪੀ ਨਾਲ ਐਨਕਾਊਂਟਰ ਕੀਤਾ, ਜਿਸ ‘ਚ ਆਰੋਪੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਲਖਵਿੰਦਰ ਲੱਖਾ, ਵਾਸੀ ਨਵਾਂ ਗਾਂਵ ਵਜੋਂ ਹੋਈ ਹੈ।
ਰਾਹਤ ਦੀ ਗੱਲ ਇਹ ਰਹੀ ਕਿ ਘਟਨਾ ਸਮੇਂ ਪੈਟਰੋਲ ਪੰਪ ਦੇ ਕਰਮਚਾਰੀ ਅਤੇ ਮਾਲਕ ਦਫ਼ਤਰ ਅੰਦਰ ਦੁਪਹਿਰ ਦਾ ਖਾਣਾ ਖਾ ਰਹੇ ਸਨ, ਜਿਸ ਕਾਰਨ ਕੋਈ ਹੋਰ ਜਾਨੀ ਨੁਕਸਾਨ ਨਹੀਂ ਹੋਇਆ। ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਜਾਰੀ ਹੈ ਅਤੇ ਹੋਰ ਸ਼ਾਮਲ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ।
Get all latest content delivered to your email a few times a month.