IMG-LOGO
ਹੋਮ ਅੰਤਰਰਾਸ਼ਟਰੀ: ਸੀਰੀਆ ’ਚ ISIS ਖ਼ਿਲਾਫ਼ ਅਮਰੀਕਾ ਦਾ ਵੱਡਾ ‘ਐਕਸ਼ਨ’, 70 ਟਿਕਾਣਿਆਂ...

ਸੀਰੀਆ ’ਚ ISIS ਖ਼ਿਲਾਫ਼ ਅਮਰੀਕਾ ਦਾ ਵੱਡਾ ‘ਐਕਸ਼ਨ’, 70 ਟਿਕਾਣਿਆਂ ’ਤੇ ਵਰ੍ਹਾਈਆਂ ਮਿਜ਼ਾਈਲਾਂ

Admin User - Dec 20, 2025 11:21 AM
IMG

ਅਮਰੀਕੀ ਸੈਨਿਕਾਂ ਅਤੇ ਇੱਕ ਅਮਰੀਕੀ ਨਾਗਰਿਕ ਦੀ ਹੱਤਿਆ ਤੋਂ ਬਾਅਦ ਟਰੰਪ ਪ੍ਰਸ਼ਾਸਨ ਨੇ ਸੀਰੀਆ ਵਿੱਚ ਇਸਲਾਮਿਕ ਸਟੇਟ (ISIS) ਵਿਰੁੱਧ ਇੱਕ ਵਿਆਪਕ ਫੌਜੀ ਮੁਹਿੰਮ ਵਿੱਢ ਦਿੱਤੀ ਹੈ। ਸ਼ੁੱਕਰਵਾਰ ਨੂੰ ਅਮਰੀਕੀ ਹਵਾਈ ਸੈਨਾ ਨੇ ਮੱਧ ਸੀਰੀਆ ਵਿੱਚ ਅੱਤਵਾਦੀਆਂ ਦੇ ਲਗਭਗ 70 ਟਿਕਾਣਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਭਾਰੀ ਬੰਬਾਰੀ ਕੀਤੀ। ਵ੍ਹਾਈਟ ਹਾਊਸ ਨੇ ਸਪੱਸ਼ਟ ਕੀਤਾ ਹੈ ਕਿ ਇਹ ਕਾਰਵਾਈ ਕਿਸੇ ਨਵੀਂ ਜੰਗ ਦਾ ਆਗਾਜ਼ ਨਹੀਂ, ਸਗੋਂ ਅਮਰੀਕੀ ਖ਼ੂਨ ਵਹਾਉਣ ਵਾਲਿਆਂ ਨੂੰ ਦਿੱਤਾ ਗਿਆ ਮੂੰਹ-ਤੋੜ ਜਵਾਬ ਹੈ।


ਅਤਿ-ਆਧੁਨਿਕ ਜਹਾਜ਼ਾਂ ਤੇ ਰਾਕੇਟਾਂ ਨਾਲ ਬੋਲਿਆ ਹੱਲਾ ਅਮਰੀਕੀ ਰੱਖਿਆ ਅਧਿਕਾਰੀਆਂ ਅਨੁਸਾਰ ਇਸ ਹਮਲੇ ਵਿੱਚ F-15 ਈਗਲ ਜੈੱਟ, A-10 ਥੰਡਰਬੋਲਟ ਅਤੇ ਅਪਾਚੇ ਹੈਲੀਕਾਪਟਰਾਂ ਦੀ ਵਰਤੋਂ ਕੀਤੀ ਗਈ। ਇਸ ਤੋਂ ਇਲਾਵਾ ਜਾਰਡਨ ਸਥਿਤ ਟਿਕਾਣਿਆਂ ਤੋਂ F-16 ਲੜਾਕੂ ਜਹਾਜ਼ਾਂ ਅਤੇ HIMARS ਰਾਕੇਟ ਤੋਪਖਾਨੇ ਰਾਹੀਂ ISIS ਦੇ ਹਥਿਆਰਾਂ ਦੇ ਭੰਡਾਰਾਂ ਅਤੇ ਹੈੱਡਕੁਆਰਟਰਾਂ ਨੂੰ ਤਬਾਹ ਕਰ ਦਿੱਤਾ ਗਿਆ। ਰੱਖਿਆ ਸਕੱਤਰ ਪੀਟ ਹੇਗਸੇਥ ਨੇ ਇਸ ਨੂੰ ‘ਬਦਲੇ ਦੀ ਘੋਸ਼ਣਾ’ ਕਰਾਰ ਦਿੰਦਿਆਂ ਕਿਹਾ ਕਿ ਰਾਸ਼ਟਰਪਤੀ ਟਰੰਪ ਦੀ ਅਗਵਾਈ ਹੇਠ ਅਮਰੀਕਾ ਆਪਣੇ ਨਾਗਰਿਕਾਂ ਦੀ ਰੱਖਿਆ ਲਈ ਕਿਸੇ ਵੀ ਹੱਦ ਤੱਕ ਜਾਵੇਗਾ।


ਟਰੰਪ ਦੀ ਦੁਸ਼ਮਣਾਂ ਨੂੰ ਸਿੱਧੀ ਧਮਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਸ਼ਲ ਮੀਡੀਆ ’ਤੇ ਸਖ਼ਤ ਲਹਿਜੇ ਵਿੱਚ ਕਿਹਾ, "ਜੇਕਰ ਤੁਸੀਂ ਅਮਰੀਕਾ ’ਤੇ ਹਮਲਾ ਕਰਦੇ ਹੋ ਜਾਂ ਧਮਕੀ ਦਿੰਦੇ ਹੋ, ਤਾਂ ਤੁਹਾਨੂੰ ਪਹਿਲਾਂ ਨਾਲੋਂ ਵੀ ਭਿਆਨਕ ਨਤੀਜੇ ਭੁਗਤਣੇ ਪੈਣਗੇ।" ਟਰੰਪ ਨੇ ਸੀਰੀਆ ਦੇ ਰਾਸ਼ਟਰਪਤੀ ਅਹਿਮਦ ਅਲ-ਸ਼ਾਰਾ ਦੀ ਸਰਕਾਰ ਪ੍ਰਤੀ ਵੀ ਸਮਰਥਨ ਜਤਾਇਆ ਹੈ, ਜੋ ਇਸ ਮੁਹਿੰਮ ਵਿੱਚ ਅਮਰੀਕਾ ਦੇ ਨਾਲ ਖੜ੍ਹੇ ਹਨ। ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਪਾਲਮੀਰਾ ਨੇੜੇ ਇੱਕ ਸ਼ੱਕੀ ISIS ਘੁਸਪੈਠੀਏ ਨੇ ਅਮਰੀਕੀ ਅਤੇ ਸੀਰੀਆਈ ਅਧਿਕਾਰੀਆਂ ਦੀ ਮੀਟਿੰਗ ਦੌਰਾਨ ਗੋਲੀਬਾਰੀ ਕੀਤੀ ਸੀ, ਜਿਸ ਵਿੱਚ ਦੋ ਸਾਰਜੈਂਟ ਅਤੇ ਇੱਕ ਅਨੁਵਾਦਕ ਮਾਰੇ ਗਏ ਸਨ।


ਸੀਰੀਆ ਤੇ ਅਮਰੀਕਾ ਦੇ ਬਦਲਦੇ ਸਬੰਧ ਬਸ਼ਰ ਅਲ-ਅਸਦ ਦੀ ਸੱਤਾ ਦੇ ਪਤਨ ਤੋਂ ਬਾਅਦ ਅਮਰੀਕਾ ਅਤੇ ਸੀਰੀਆ ਦੇ ਸਬੰਧਾਂ ਵਿੱਚ ਸੁਧਾਰ ਦੇਖਣ ਨੂੰ ਮਿਲ ਰਿਹਾ ਹੈ। ਸੀਰੀਆ ਦੇ ਵਿਦੇਸ਼ ਮੰਤਰਾਲੇ ਨੇ ਵੀ ਅਮਰੀਕੀ ਹਮਲਿਆਂ ਦਾ ਸਮਰਥਨ ਕਰਦਿਆਂ ਕਿਹਾ ਕਿ ਅੱਤਵਾਦ ਨੂੰ ਜੜ੍ਹੋਂ ਖ਼ਤਮ ਕਰਨ ਲਈ ਅੰਤਰਰਾਸ਼ਟਰੀ ਸਹਿਯੋਗ ਜ਼ਰੂਰੀ ਹੈ। ਦੂਜੇ ਪਾਸੇ, ISIS ਨੇ ਅਲ-ਸ਼ਾਰਾ ਦੀ ਸਰਕਾਰ ਨੂੰ ‘ਧਰਮ-ਤਿਆਗੀ’ ਦੱਸਦਿਆਂ ਹਮਲੇ ਜਾਰੀ ਰੱਖਣ ਦੀ ਧਮਕੀ ਦਿੱਤੀ ਹੈ।


ਸ਼ਹੀਦਾਂ ਨੂੰ ਦਿੱਤੀ ਅੰਤਿਮ ਵਿਦਾਈ ਰਾਸ਼ਟਰਪਤੀ ਟਰੰਪ ਨੇ ਡੋਵਰ ਏਅਰ ਫੋਰਸ ਬੇਸ ’ਤੇ ਸ਼ਹੀਦ ਹੋਏ ਸੈਨਿਕਾਂ—ਸਾਰਜੈਂਟ ਐਡਗਰ ਟੋਰੇਸ-ਟੋਵਰ ਅਤੇ ਸਾਰਜੈਂਟ ਵਿਲੀਅਮ ਹਾਵਰਡ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀ ਸ਼ਹਾਦਤ ਨੂੰ ਸਲਾਮ ਕੀਤਾ। ਫਿਲਹਾਲ ਸੀਰੀਆ ਦੇ ਡੇਰ ਏਜ਼-ਜ਼ੋਰ, ਰੱਕਾ ਅਤੇ ਪਾਲਮੀਰਾ ਦੇ ਇਲਾਕਿਆਂ ਵਿੱਚ ਅਮਰੀਕੀ ਫੌਜ ਦੀ ਨਿਗਰਾਨੀ ਸਖ਼ਤ ਕਰ ਦਿੱਤੀ ਗਈ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਹਮਲਿਆਂ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.