IMG-LOGO
ਹੋਮ ਪੰਜਾਬ: ਪਿੰਡ ਤਰਮਾਲਾਂ 'ਚ ਬੱਚਿਆਂ ਦੇ ਝਗੜੇ ਨੇ ਲਿਆ ਹਿੰਸਕ ਰੂਪ,...

ਪਿੰਡ ਤਰਮਾਲਾਂ 'ਚ ਬੱਚਿਆਂ ਦੇ ਝਗੜੇ ਨੇ ਲਿਆ ਹਿੰਸਕ ਰੂਪ, ਘਰ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ

Admin User - Dec 21, 2025 07:12 PM
IMG

ਪਿੰਡ ਤਰਮਾਲਾਂ ਵਿੱਚ ਬੱਚਿਆਂ ਦਰਮਿਆਨ ਕਬੂਤਰਾਂ ਨੂੰ ਲੈ ਕੇ ਹੋਇਆ ਇੱਕ ਛੋਟਾ ਝਗੜਾ ਉਸ ਵੇਲੇ ਵੱਡੀ ਹਿੰਸਕ ਘਟਨਾ ਵਿੱਚ ਤਬਦੀਲ ਹੋ ਗਿਆ, ਜਦੋਂ ਰਾਤ ਦੇ ਸਮੇਂ ਇੱਕ ਧਿਰ ਵੱਲੋਂ ਦਰਜਨ ਦੇ ਕਰੀਬ ਵਿਅਕਤੀਆਂ ਨਾਲ ਮਿਲ ਕੇ ਦੂਜੀ ਧਿਰ ਦੇ ਘਰ ‘ਤੇ ਹਮਲਾ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਤੇਜ਼ਧਾਰ ਹਥਿਆਰਾਂ ਨਾਲ ਲੈਸ ਸਨ ਅਤੇ ਉਨ੍ਹਾਂ ਨੇ ਘਰ ਵਿੱਚ ਭਾਰੀ ਭੰਨਤੋੜ ਕੀਤੀ। ਇਸ ਪੂਰੀ ਘਟਨਾ ਦੀ CCTV ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਨਾਲ ਹਮਲੇ ਦੀ ਗੰਭੀਰਤਾ ਸਪਸ਼ਟ ਹੁੰਦੀ ਹੈ।

ਘਰ ਦੀ ਮਾਲਕਣ ਗੁਰਦੀਪ ਕੌਰ ਮੁਤਾਬਕ, ਪਿੰਡ ਦੇ ਕੁਝ ਬੱਚਿਆਂ ਵਿਚ ਕਬੂਤਰਾਂ ਨੂੰ ਲੈ ਕੇ ਪਹਿਲਾਂ ਝਗੜਾ ਹੋਇਆ ਸੀ। ਰਾਤ ਸਮੇਂ ਜਦੋਂ ਉਹ ਅਤੇ ਉਸ ਦੀ ਭੈਣ ਘਰ ਵਿੱਚ ਇਕੱਲੀਆਂ ਮੌਜੂਦ ਸਨ, ਤਾਂ ਕੁਝ ਵਿਅਕਤੀ ਆਪਣੇ ਸਾਥੀਆਂ ਸਮੇਤ ਅਚਾਨਕ ਘਰ ‘ਤੇ ਆ ਧਮਕੇ ਅਤੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਘਰ ਦੇ ਸ਼ੀਸ਼ੇ, ਫਰਨੀਚਰ ਅਤੇ ਹੋਰ ਘਰੇਲੂ ਸਮਾਨ ਨੂੰ ਤੋੜ-ਫੋੜ ਕੇ ਭਾਰੀ ਨੁਕਸਾਨ ਪਹੁੰਚਾਇਆ। ਇਸ ਤੋਂ ਇਲਾਵਾ ਘਰ ਦੇ ਬਾਹਰ ਖੜੀ ਜੀਪ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਅਤੇ ਨਕਦੀ ਲੈ ਜਾਣ ਦੇ ਦੋਸ਼ ਵੀ ਲਗਾਏ ਗਏ ਹਨ।

ਪੀੜਤ ਪਰਿਵਾਰ ਨੇ ਦੱਸਿਆ ਕਿ ਹਮਲੇ ਦੌਰਾਨ ਉਹ ਅੰਦਰੋਂ ਕਮਰੇ ਦਾ ਦਰਵਾਜ਼ਾ ਬੰਦ ਕਰਕੇ ਆਪਣੀ ਜਾਨ ਬਚਾਉਣ ਲਈ ਮਜਬੂਰ ਹੋ ਗਏ। ਰੌਲਾ ਸੁਣ ਕੇ ਜਦੋਂ ਗੁਆਂਢੀ ਇਕੱਠੇ ਹੋਏ ਅਤੇ ਪੁਲਿਸ ਨੂੰ ਸੂਚਨਾ ਦਿੱਤੀ ਗਈ, ਤਾਂ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ।

ਇਸ ਮਾਮਲੇ ‘ਚ ਪੁਲਿਸ ਵੱਲੋਂ 9 ਨਾਮਜ਼ਦ ਅਤੇ ਕੁਝ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਚੌਕੀ ਇੰਚਾਰਜ ਸੁਖਰਾਜ ਸਿੰਘ ਨੇ ਦੱਸਿਆ ਕਿ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਅਨੁਸਾਰ ਲੜਾਈ ਦੀ ਮੁੱਢਲੀ ਵਜ੍ਹਾ ਬੱਚਿਆਂ ਦਾ ਆਪਸੀ ਝਗੜਾ ਹੀ ਦੱਸੀ ਜਾ ਰਹੀ ਹੈ, ਜਦਕਿ ਗ੍ਰਿਫ਼ਤਾਰੀਆਂ ਲਈ ਛਾਪੇਮਾਰੀ ਜਾਰੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.