ਤਾਜਾ ਖਬਰਾਂ
ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋਂ ਅਪਰਾਧਿਕ ਤੱਤਾਂ ਖ਼ਿਲਾਫ਼ ਲਗਾਤਾਰ ਚਲਾਈ ਜਾ ਰਹੀ ਮੁਹਿੰਮ ਤਹਿਤ ਵੱਡੀ ਸਫ਼ਲਤਾ ਹਾਸਿਲ ਕੀਤੀ ਗਈ ਹੈ। ਸੀਆਈਏ-ਸਟਾਫ ਜਲੰਧਰ ਦੀ ਟੀਮ ਨੇ ਇਕ ਵਿਸ਼ੇਸ਼ ਨਾਕਾਬੰਦੀ ਦੌਰਾਨ ਦੋ ਵਿਅਕਤੀਆਂ ਨੂੰ ਨਾਜਾਇਜ਼ ਅਸਲਿਆਂ ਸਮੇਤ ਕਾਬੂ ਕਰ ਲਿਆ। ਪੁਲਿਸ ਨੇ ਦੋਸ਼ੀਆਂ ਦੇ ਕਬਜ਼ੇ ਵਿੱਚੋਂ ਕੁੱਲ 3 ਪਿਸਟਲ (32 ਬੋਰ) ਅਤੇ 6 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮਿਸ਼ਨਰ ਪੁਲਿਸ ਜਲੰਧਰ ਧੰਨਪ੍ਰੀਤ ਕੌਰ ਨੇ ਦੱਸਿਆ ਕਿ ਇਹ ਕਾਰਵਾਈ ਮਨਪ੍ਰੀਤ ਸਿੰਘ ਢਿੱਲੋਂ ਜਯੰਤ ਪੁਰੀ ਅਤੇ ਅਮਰਬੀਰ ਸਿੰਘ ਦੀ ਨਿਗਰਾਨੀ ਹੇਠ ਇੰਸਪੈਕਟਰ ਸੁਰਿੰਦਰ ਕੁਮਾਰ, ਇੰਚਾਰਜ ਸੀਆਈਏ-ਸਟਾਫ ਜਲੰਧਰ ਦੀ ਅਗਵਾਈ ਵਿੱਚ ਅਮਲ ਵਿੱਚ ਲਿਆਂਦੀ ਗਈ।
ਉਨ੍ਹਾਂ ਅਨੁਸਾਰ ਮਿਤੀ 21 ਦਸੰਬਰ 2025 ਨੂੰ ਸੀਆਈਏ-ਸਟਾਫ ਦੀ ਟੀਮ ਨੇ ਨਾਖਾ ਵਾਲੇ ਬਾਗ, ਜਲੰਧਰ ਦੇ ਨੇੜੇ ਨਾਕਾਬੰਦੀ ਦੌਰਾਨ ਦੋ ਸ਼ੱਕੀ ਵਿਅਕਤੀਆਂ ਨੂੰ ਰੋਕ ਕੇ ਤਲਾਸ਼ੀ ਲਈ। ਤਲਾਸ਼ੀ ਦੌਰਾਨ ਰੋਸ਼ਨ ਸਾਰਕੀ ਉਰਫ਼ ਨੇਪਾਲੀ ਕੋਲੋਂ 2 ਪਿਸਟਲ 32 ਬੋਰ ਅਤੇ 4 ਜਿੰਦਾ ਕਾਰਤੂਸ, ਜਦਕਿ ਰੋਹਨ ਕਲਿਆਣ ਕੋਲੋਂ 1 ਪਿਸਟਲ 32 ਬੋਰ ਅਤੇ 2 ਜਿੰਦਾ ਕਾਰਤੂਸ ਬਰਾਮਦ ਹੋਏ।
ਗ੍ਰਿਫ਼ਤਾਰ ਦੋਸ਼ੀਆਂ ਦੀ ਪਛਾਣ ਰੋਹਨ ਕਲਿਆਣ ਪੁੱਤਰ ਰਵੀ ਕਲਿਆਣ ਵਾਸੀ ਬੂਟਾ ਪਿੰਡ, ਜਲੰਧਰ ਅਤੇ ਰੋਸ਼ਨ ਸਾਰਕੀ ਉਰਫ਼ ਨੇਪਾਲੀ ਪੁੱਤਰ ਰਿੰਕੂ ਸਾਰਕੀ ਵਾਸੀ ਬੂਟਾ ਮੰਡੀ, ਜਲੰਧਰ ਵਜੋਂ ਹੋਈ ਹੈ। ਇਸ ਮਾਮਲੇ ਸਬੰਧੀ ਥਾਣਾ ਭਾਰਗੋ ਕੈਂਪ, ਜਲੰਧਰ ਵਿੱਚ ਮੁਕੱਦਮਾ ਨੰਬਰ 207 ਮਿਤੀ 21.12.2025 ਅਧੀਨ ਧਾਰਾਵਾਂ 25-54-59 ਆਰਮਜ਼ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਪੁਲਿਸ ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਦੋਸ਼ੀ ਰੋਹਨ ਕਲਿਆਣ ਖ਼ਿਲਾਫ਼ ਪਹਿਲਾਂ ਵੀ ਥਾਣਾ ਡਿਵੀਜ਼ਨ ਨੰਬਰ 2, ਜਲੰਧਰ ਵਿੱਚ ਕੇਸ ਦਰਜ ਹੈ ਅਤੇ ਉਹ ਉਸ ਮਾਮਲੇ ਵਿੱਚ ਭਗੌੜਾ ਕਰਾਰ ਦਿੱਤਾ ਗਿਆ ਸੀ। ਦੋਹਾਂ ਦੋਸ਼ੀਆਂ ਤੋਂ ਪੁੱਛਗਿੱਛ ਜਾਰੀ ਹੈ। ਜਲੰਧਰ ਪੁਲਿਸ ਨੇ ਸਪਸ਼ਟ ਕੀਤਾ ਹੈ ਕਿ ਸ਼ਹਿਰ ਵਿੱਚ ਕਾਨੂੰਨ-ਵਿਵਸਥਾ ਨੂੰ ਭੰਗ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਅਜਿਹੀਆਂ ਗੈਰਕਾਨੂੰਨੀ ਗਤੀਵਿਧੀਆਂ ਵਿਰੁੱਧ ਸਖ਼ਤ ਕਾਰਵਾਈ ਜਾਰੀ ਰਹੇਗੀ।
Get all latest content delivered to your email a few times a month.