ਤਾਜਾ ਖਬਰਾਂ
ਮਲੇਰਕੋਟਲਾ ਪੁਲਿਸ ਅਤੇ ਸੀਆਈਏ ਸਟਾਫ ਨੇ ਸਾਂਝੀ ਕਾਰਵਾਈ ਕਰਦੇ ਹੋਏ ਇੱਕ ਸ਼ਾਤਿਰ ਲੁਟੇਰਾ ਗੈਂਗ ਦਾ ਪਰਦਾਫਾਸ਼ ਕੀਤਾ ਹੈ, ਜੋ ਢਾਬਿਆਂ ‘ਤੇ ਟਰੱਕ ਡਰਾਈਵਰਾਂ ਨੂੰ ਨਿਸ਼ਾਨਾ ਬਣਾਉਂਦਾ ਸੀ। ਇਸ ਗੈਂਗ ਵਿੱਚ ਸ਼ਾਮਿਲ ਇੱਕ ਮਹਿਲਾ ਟਰੱਕ ਡਰਾਈਵਰਾਂ ਨੂੰ ਪਿਆਰ ਦੇ ਜਾਲ ਵਿੱਚ ਫਸਾਉਂਦੀ ਅਤੇ ਬਾਅਦ ਵਿੱਚ ਆਪਣੇ ਸਾਥੀਆਂ ਨਾਲ ਮਿਲ ਕੇ ਉਨ੍ਹਾਂ ਨੂੰ ਲੁੱਟ ਲੈਂਦੀ ਸੀ।
ਐਸਐਸਪੀ ਮਲੇਰਕੋਟਲਾ ਅਜੀਤ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਹਾਲ ਹੀ ਵਿੱਚ ਇਸ ਗੈਂਗ ਵੱਲੋਂ ਇੱਕ ਟਰੱਕ ਡਰਾਈਵਰ ਨੂੰ ਲੁੱਟਣ ਦੀ ਕੋਸ਼ਿਸ਼ ਦੌਰਾਨ ਉਹ ਟਰੱਕ ਛੱਡ ਕੇ ਭੱਜਣ ਲੱਗਾ, ਜਿਸ ਦੌਰਾਨ ਹੋਏ ਹਾਦਸੇ ਵਿੱਚ ਉਸ ਦੀ ਮੌਤ ਹੋ ਗਈ ਸੀ। ਇਸ ਘਟਨਾ ਤੋਂ ਬਾਅਦ ਪੁਲਿਸ ਨੇ ਤੇਜ਼ੀ ਨਾਲ ਜਾਂਚ ਕਰਦੇ ਹੋਏ ਅਗਿਆਤ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚ ਇੱਕ ਸਾਬਕਾ ਸਰਪੰਚ ਅਤੇ ਇੱਕ ਮਹਿਲਾ ਵੀ ਸ਼ਾਮਿਲ ਹਨ। ਪੁਲਿਸ ਮੁਤਾਬਕ, ਇਸ ਗਿਰੋਹ ਖ਼ਿਲਾਫ਼ ਪਹਿਲਾਂ ਵੀ ਵੱਖ-ਵੱਖ ਥਾਣਿਆਂ ਵਿੱਚ ਕਈ ਮਾਮਲੇ ਦਰਜ ਹਨ।
ਉਧਰ, ਪੁਲਿਸ ਜਦੋਂ ਇੱਕ ਮੁਲਜ਼ਮ ਕੋਲੋਂ ਹਥਿਆਰ ਬਰਾਮਦ ਕਰਨ ਲਈ ਉਸਨੂੰ ਨਾਲ ਲੈ ਕੇ ਜਾ ਰਹੀ ਸੀ ਤਾਂ ਉਸ ਨੇ ਅਚਾਨਕ ਐਸਐਚਓ ‘ਤੇ ਗੋਲੀਆਂ ਚਲਾ ਦਿੱਤੀਆਂ। ਜਵਾਬੀ ਕਾਰਵਾਈ ਵਿੱਚ ਪੁਲਿਸ ਦੀ ਗੋਲੀ ਨਾਲ ਆਰੋਪੀ ਦੇ ਪੈਰ ਵਿੱਚ ਗੋਲੀ ਲੱਗੀ, ਜਿਸ ਨੂੰ ਇਲਾਜ ਲਈ ਮਲੇਰਕੋਟਲਾ ਦੇ ਸਰਕਾਰੀ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ।
ਐਸਐਸਪੀ ਅਜੀਤ ਸਿੰਘ ਨੇ ਇਸ ਸਫਲ ਕਾਰਵਾਈ ਲਈ ਸੀਆਈਏ ਸਟਾਫ ਅਤੇ ਅਮਰਗੜ੍ਹ ਪੁਲਿਸ ਦੀ ਟੀਮ ਨੂੰ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਇਸ ਗਿਰੋਹ ਦੇ ਫੜੇ ਜਾਣ ਨਾਲ ਇਲਾਕੇ ਵਿੱਚ ਹੋ ਰਹੀਆਂ ਕਈ ਵਾਰਦਾਤਾਂ ‘ਤੇ ਰੋਕ ਲੱਗੇਗੀ।
Get all latest content delivered to your email a few times a month.