ਤਾਜਾ ਖਬਰਾਂ
ਖਡੂਰ ਸਾਹਿਬ ਤੋਂ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨਾਲ ਜੁੜੇ ਦਲਿਤ ਮਹਿਲਾ ਕੁੱਟਮਾਰ ਅਤੇ ਜਾਤੀਵਾਦੀ ਟਿੱਪਣੀਆਂ ਦੇ ਮਾਮਲੇ ਵਿੱਚ ਹਾਈ ਕੋਰਟ ਨੇ ਵੱਡਾ ਹੁਕਮ ਜਾਰੀ ਕੀਤਾ ਹੈ। ਇਸ ਮਾਮਲੇ ਵਿੱਚ ਪੀੜਤ ਮਹਿਲਾ ਵੱਲੋਂ ਪੁਲਿਸ ਦੀ ਕਾਰਵਾਈ ਵਿੱਚ ਹੋ ਰਹੀ ਦੇਰੀ ਨੂੰ ਚੁਣੌਤੀ ਦਿੰਦਿਆਂ ਹਾਈ ਕੋਰਟ ਵਿੱਚ ਰਿੱਟ ਪਟੀਸ਼ਨ ਦਾਇਰ ਕੀਤੀ ਗਈ ਸੀ।
ਹਾਈ ਕੋਰਟ ਨੇ ਤਰਨਤਾਰਨ ਸਦਰ ਪੁਲਿਸ ਤੋਂ ਜਵਾਬ ਮੰਗਿਆ, ਜਿਸ ‘ਤੇ ਪੁਲਿਸ ਨੇ ਅਦਾਲਤ ਨੂੰ ਦੱਸਿਆ ਕਿ ਮਾਮਲੇ ਦੀ ਦੁਬਾਰਾ ਜਾਂਚ ਕੀਤੀ ਜਾਵੇਗੀ ਅਤੇ ਚਾਰ ਹਫ਼ਤਿਆਂ ਦੇ ਅੰਦਰ-ਅੰਦਰ ਚਲਾਨ ਅਦਾਲਤ ਵਿੱਚ ਪੇਸ਼ ਕਰ ਦਿੱਤਾ ਜਾਵੇਗਾ। ਇਸ ਨਾਲ ਲਾਲਪੁਰਾ ਦੀਆਂ ਮੁਸ਼ਕਲਾਂ ਹੋਰ ਵੱਧਦੀਆਂ ਨਜ਼ਰ ਆ ਰਹੀਆਂ ਹਨ, ਕਿਉਂਕਿ ਉਹ ਪਹਿਲਾਂ ਹੀ ਇੱਕ ਹੋਰ ਮਾਮਲੇ ਵਿੱਚ ਸਜ਼ਾ ਕੱਟ ਰਹੇ ਹਨ ਅਤੇ ਉਸ ਸਜ਼ਾ ‘ਤੇ ਰੋਕ ਲਈ ਹਾਈ ਕੋਰਟ ਦਾ ਦਰਵਾਜ਼ਾ ਖੜਕਾ ਚੁੱਕੇ ਹਨ।
ਇਹ ਮਾਮਲਾ 3 ਮਾਰਚ 2013 ਦਾ ਹੈ, ਜਦੋਂ ਤਰਨਤਾਰਨ ਦੇ ਪਿੰਡ ਉਸਮਾਨ ਦੀ ਇੱਕ ਦਲਿਤ ਮਹਿਲਾ ਆਪਣੇ ਪਰਿਵਾਰ ਸਮੇਤ ਗੋਇੰਦਵਾਲ ਬਾਈਪਾਸ ‘ਤੇ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਗਈ ਸੀ। ਦੋਸ਼ ਹੈ ਕਿ ਉਥੇ ਕੁਝ ਵਿਅਕਤੀਆਂ ਵੱਲੋਂ ਉਸ ਨਾਲ ਛੇੜਛਾੜ ਕੀਤੀ ਗਈ, ਜਿਨ੍ਹਾਂ ਵਿੱਚ ਮੌਜੂਦਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਵੀ ਸ਼ਾਮਲ ਸਨ। ਪੀੜਤਾ ਵੱਲੋਂ ਪੁਲਿਸ ਨੂੰ ਸੂਚਿਤ ਕਰਨ ਮਗਰੋਂ, ਪੁਲਿਸ ਦੀ ਮੌਜੂਦਗੀ ਦੌਰਾਨ ਹੀ ਗਲੀ ਦੇ ਵਿਚਕਾਰ ਉਸ ‘ਤੇ ਹਮਲਾ ਕੀਤਾ ਗਿਆ।
ਪੀੜਤ ਮਹਿਲਾ ਦੇ ਚਚੇਰੇ ਭਰਾ ਜਗਜੀਤ ਸਿੰਘ ਨੇ ਇਸ ਹਮਲੇ ਦੀ ਵੀਡੀਓ ਬਣਾਈ, ਜੋ ਬਾਅਦ ਵਿੱਚ ਦੇਸ਼ ਭਰ ਵਿੱਚ ਚਰਚਾ ਦਾ ਵਿਸ਼ਾ ਬਣੀ। ਇਹ ਮਾਮਲਾ ਸੜਕਾਂ ਤੋਂ ਲੈ ਕੇ ਸੰਸਦ ਤੱਕ ਗੂੰਜਿਆ ਅਤੇ ਸੁਪਰੀਮ ਕੋਰਟ ਨੇ ਵੀ ਇਸ ਘਟਨਾ ਦਾ ਸਵੈ-ਸੰਜਾਨ ਲਿਆ ਸੀ।
2013 ਦੇ ਇਸ ਮਾਮਲੇ ਵਿੱਚ ਮਨਜਿੰਦਰ ਸਿੰਘ ਲਾਲਪੁਰਾ ਸਮੇਤ ਚਾਰ ਪੁਲਿਸ ਅਧਿਕਾਰੀਆਂ ਨੂੰ ਤਰਨਤਾਰਨ ਸਿਟੀ ਪੁਲਿਸ ਸਟੇਸ਼ਨ ਵਿੱਚ ਨਿਆਂਇਕ ਹਿਰਾਸਤ ਵਿੱਚ ਭੇਜਿਆ ਗਿਆ ਸੀ। ਇਸ ਤੋਂ ਇਲਾਵਾ, 2015 ਵਿੱਚ ਇਸੀ ਘਟਨਾ ਨਾਲ ਜੁੜਿਆ ਇੱਕ ਹੋਰ ਕਰਾਸ-ਕੇਸ ਦਰਜ ਕੀਤਾ ਗਿਆ ਸੀ, ਜਿਸ ਵਿੱਚ ਹਰਬਿੰਦਰ ਕੌਰ ਅਤੇ ਲਾਲਪੁਰਾ ਸਮੇਤ ਹੋਰ ਵਿਅਕਤੀਆਂ ‘ਤੇ ਕੁੱਟਮਾਰ ਦੇ ਦੋਸ਼ ਲਗਾਏ ਗਏ ਸਨ।
ਹਾਈ ਕੋਰਟ ਦੇ ਤਾਜ਼ਾ ਹੁਕਮ ਤੋਂ ਬਾਅਦ ਇਹ ਮਾਮਲਾ ਇੱਕ ਵਾਰ ਫਿਰ ਸਿਆਸੀ ਅਤੇ ਕਾਨੂੰਨੀ ਚਰਚਾ ਦਾ ਕੇਂਦਰ ਬਣ ਗਿਆ ਹੈ।
Get all latest content delivered to your email a few times a month.