ਤਾਜਾ ਖਬਰਾਂ
ਅੰਮ੍ਰਿਤਸਰ: ਅੰਮ੍ਰਿਤਸਰ ਵਿੱਚ ਸਕੂਲੀ ਵਿਦਿਆਰਥੀਆਂ ਦੇ ਆਪਸੀ ਝਗੜੇ ਤੋਂ ਬਾਅਦ ਚਲੀ ਗੋਲੀ ਵਿੱਚ 11ਵੀਂ ਜਮਾਤ ਦਾ ਇੱਕ ਵਿਦਿਆਰਥੀ ਜ਼ਖ਼ਮੀ ਹੋਣ ਦੇ ਮਾਮਲੇ ਵਿੱਚ ਨਵਾਂ ਅੱਪਡੇਟ ਸਾਹਮਣੇ ਆਇਆ ਹੈ। ਪੁਲਿਸ ਵੱਲੋਂ ਇਸ ਮਾਮਲੇ ਵਿੱਚ ਕਾਂਗਰਸੀ ਨੇਤਾ ਦਿਨੇਸ਼ ਬੱਸੀ ਦੇ ਪੁੱਤਰ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਸਦੇ ਨਾਲ ਹੀ ਪੂਰੇ ਘਟਨਾ ਕਰਮ ਨੂੰ ਲੈ ਕੇ ਹੁਣ ਸੀਸੀਟੀਵੀ ਫੁਟੇਜ ਵੀ ਸਾਹਮਣੇ ਆ ਗਈ ਹੈ, ਜਿਸ ਨਾਲ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ।
ਜਾਣਕਾਰੀ ਅਨੁਸਾਰ, ਗੋਲੀ ਲੱਗਣ ਨਾਲ ਜ਼ਖ਼ਮੀ ਹੋਏ ਵਿਦਿਆਰਥੀ ਅਤੇ ਹੋਰ ਸਕੂਲੀ ਬੱਚਿਆਂ ਦਰਮਿਆਨ ਘਟਨਾ ਤੋਂ ਪਹਿਲਾਂ ਸਕੂਲ ਦੇ ਬਾਹਰ ਮਾਰਪੀਟ ਹੋਈ ਸੀ। ਸਾਹਮਣੇ ਆਈ ਸੀਸੀਟੀਵੀ ਫੁਟੇਜ ਵਿੱਚ ਵੇਖਿਆ ਗਿਆ ਹੈ ਕਿ ਪਹਿਲਾਂ ਵਿਦਿਆਰਥੀਆਂ ਵਿਚਕਾਰ ਕਹਾਸੁਣੀ ਅਤੇ ਹੱਥਾਪਾਈ ਹੋਈ, ਜਿਸ ਤੋਂ ਬਾਅਦ ਮਾਮਲਾ ਕੁਝ ਸਮੇਂ ਲਈ ਸ਼ਾਂਤ ਹੋ ਗਿਆ। ਕੁਝ ਦੇਰ ਬਾਅਦ ਦੁਬਾਰਾ ਝਗੜਾ ਸ਼ੁਰੂ ਹੋਇਆ, ਜੋ ਅੱਗੇ ਚਲ ਕੇ ਗੋਲੀ ਚਲਣ ਦੀ ਘਟਨਾ ਵਿੱਚ ਬਦਲ ਗਿਆ। ਦੱਸਿਆ ਜਾ ਰਿਹਾ ਹੈ ਕਿ ਜ਼ਖ਼ਮੀ ਵਿਦਿਆਰਥੀ ਨੇ ਪਹਿਲਾਂ ਪੱਗ ਉਤਾਰ ਕੇ ਮਾਰਪੀਟ ਕੀਤੀ ਸੀ, ਜਿਸ ਨਾਲ ਹਾਲਾਤ ਹੋਰ ਵੀ ਵਿਗੜ ਗਏ।
ਇਸ ਮਾਮਲੇ ਵਿੱਚ ਪੁਲਿਸ ਨੇ ਕਾਂਗਰਸੀ ਨੇਤਾ ਦਿਨੇਸ਼ ਬੱਸੀ ਦੇ ਪੁੱਤਰ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਦਿਨੇਸ਼ ਬੱਸੀ ਵੱਲੋਂ ਅੰਮ੍ਰਿਤਸਰ ਵਿੱਚ ਪੱਤਰਕਾਰ ਵਾਰਤਾ ਕੀਤੀ ਗਈ, ਜਿਸ ਦੌਰਾਨ ਉਨ੍ਹਾਂ ਦੇ ਨਾਲ ਕਾਂਗਰਸ ਦੇ ਕਈ ਸੀਨੀਅਰ ਨੇਤਾ ਵੀ ਮੌਜੂਦ ਸਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿਨੇਸ਼ ਬੱਸੀ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਦਾ ਨਾਮ ਗਲਤ ਤਰੀਕੇ ਨਾਲ ਇਸ ਮਾਮਲੇ ਵਿੱਚ ਘਸੀਟਿਆ ਗਿਆ ਹੈ ਅਤੇ ਉਸ ਦਾ ਇਸ ਘਟਨਾ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਦਿਨੇਸ਼ ਬੱਸੀ ਨੇ ਦਾਅਵਾ ਕੀਤਾ ਕਿ ਸੀਸੀਟੀਵੀ ਫੁਟੇਜ ਵਿੱਚ ਉਨ੍ਹਾਂ ਦਾ ਪੁੱਤਰ ਕਿਤੇ ਵੀ ਨਜ਼ਰ ਨਹੀਂ ਆ ਰਿਹਾ ਅਤੇ ਨਾ ਹੀ ਉਹ ਉਸ ਝਗੜੇ ਵਿੱਚ ਸ਼ਾਮਲ ਸੀ। ਉਨ੍ਹਾਂ ਕਿਹਾ ਕਿ ਸਿਰਫ਼ ਉਨ੍ਹਾਂ ਦਾ ਪੁੱਤਰ ਹੀ ਨਹੀਂ, ਸਗੋਂ ਇੱਕ ਹੋਰ ਵਿਦਿਆਰਥੀ ਕੁਨਾਲ ਦਾ ਨਾਮ ਵੀ ਨਾਜਾਇਜ਼ ਤੌਰ ’ਤੇ ਮਾਮਲੇ ਵਿੱਚ ਸ਼ਾਮਲ ਕੀਤਾ ਗਿਆ ਹੈ। ਦਿਨੇਸ਼ ਬੱਸੀ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੇ ਰਾਜਨੀਤਿਕ ਵਿਰੋਧੀ ਉਨ੍ਹਾਂ ਨੂੰ ਬਦਨਾਮ ਕਰਨ ਅਤੇ ਆਉਣ ਵਾਲੀਆਂ ਚੋਣਾਂ ਤੋਂ ਪਹਿਲਾਂ ਫਸਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੇ ਪੁੱਤਰ ਦਾ ਅੱਜ ਤੱਕ ਕਿਸੇ ਵੀ ਕਿਸਮ ਦਾ ਅਪਰਾਧਿਕ ਜਾਂ ਝਗੜੇ ਨਾਲ ਸੰਬੰਧਤ ਕੋਈ ਰਿਕਾਰਡ ਨਹੀਂ ਰਿਹਾ ਹੈ। ਦਿਨੇਸ਼ ਬੱਸੀ ਦੇ ਅਨੁਸਾਰ, ਜਿਸ ਵਿਦਿਆਰਥੀ ਨੂੰ ਗੋਲੀ ਲੱਗੀ ਹੈ, ਉਸ ਨੇ ਪਹਿਲਾਂ ਆਪਣੇ ਸਾਥੀਆਂ ਨਾਲ ਮਿਲ ਕੇ ਸਕੂਲ ਦੇ ਬਾਹਰ ਮਾਰਪੀਟ ਕੀਤੀ ਸੀ, ਜਿਸ ਤੋਂ ਬਾਅਦ ਦੁਬਾਰਾ ਝਗੜਾ ਹੋਇਆ ਅਤੇ ਹਾਲਾਤ ਕਾਬੂ ਤੋਂ ਬਾਹਰ ਹੋ ਗਏ।
ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਸੀਸੀਟੀਵੀ ਫੁਟੇਜ ਸਮੇਤ ਹੋਰ ਸਬੂਤਾਂ ਦੇ ਆਧਾਰ ’ਤੇ ਪੂਰੇ ਘਟਨਾ ਕਰਮ ਦੀ ਜਾਂਚ ਕੀਤੀ ਜਾ ਰਹੀ ਹੈ।
Get all latest content delivered to your email a few times a month.