ਤਾਜਾ ਖਬਰਾਂ
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੂੰ ਸਖ਼ਤ ਸ਼ਬਦਾਂ ਵਿੱਚ ਅਪੀਲ ਕੀਤੀ ਹੈ ਕਿ ਉਹ ਗੁੰਮ ਹੋਏ 328 ਪਾਵਨ ਸਰੂਪਾਂ ਦੇ ਮਾਮਲੇ ਦੀ ਜਾਂਚ ਵਿੱਚ ਪੰਜਾਬ ਸਰਕਾਰ ਦਾ ਪੂਰਾ ਸਹਿਯੋਗ ਕਰੇ। ਉਨ੍ਹਾਂ ਨੇ ਐਸਜੀਪੀਸੀ 'ਤੇ ਦੋਸ਼ ਲਗਾਇਆ ਕਿ ਉਹ ਇਸ ਅਤਿ ਸੰਵੇਦਨਸ਼ੀਲ ਮੁੱਦੇ 'ਤੇ ਰਾਜਨੀਤੀ ਕਰ ਰਹੀ ਹੈ ਅਤੇ ਸੰਗਤ ਨੂੰ ਗੁੰਮਰਾਹ ਕਰ ਰਹੀ ਹੈ।
'ਗੁਰੂ ਸਾਹਿਬ ਜੀ ਦੇ ਗੱਦਾਰਾਂ ਨੂੰ ਸਜ਼ਾ ਮਿਲੇਗੀ'
ਸਪੀਕਰ ਸੰਧਵਾਂ ਨੇ ਕਿਹਾ ਕਿ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇੱਕ ਸਰੂਪ ਦੀ ਬੇਅਦਬੀ ਦੀ ਘਟਨਾ ਦੁਨੀਆ ਭਰ ਦੇ ਸਿੱਖਾਂ ਨੂੰ ਝੰਜੋੜ ਕੇ ਰੱਖ ਦਿੰਦੀ ਹੈ, ਤਾਂ ਸ਼੍ਰੋਮਣੀ ਕਮੇਟੀ 328 ਸਰੂਪਾਂ ਦੇ ਮੁੱਦੇ 'ਤੇ ਕੀਤੀ ਜਾ ਰਹੀ ਕਾਨੂੰਨੀ ਕਾਰਵਾਈ ਦਾ ਸਖ਼ਤ ਵਿਰੋਧ ਕਿਉਂ ਕਰ ਰਹੀ ਹੈ?
ਉਨ੍ਹਾਂ ਸਪੱਸ਼ਟ ਕੀਤਾ ਕਿ ਗੁਰੂ ਸਾਹਿਬ ਨਾਲ ਸਬੰਧਤ ਮੁੱਦਿਆਂ 'ਤੇ ਕੋਈ ਰਾਜਨੀਤੀ ਨਹੀਂ ਹੋਣੀ ਚਾਹੀਦੀ। ਉਨ੍ਹਾਂ ਜ਼ੋਰ ਦੇ ਕੇ ਕਿਹਾ, "ਗੁਰੂ ਸਾਹਿਬ ਜੀ ਦੇ ਗੱਦਾਰਾਂ ਨੂੰ ਸਜ਼ਾ ਦੇਣ ਲਈ ਸੰਵਿਧਾਨਕ ਸ਼ਕਤੀ ਦੀ ਵਰਤੋਂ ਕੀਤੀ ਜਾਵੇਗੀ।"
ਐਸਜੀਪੀਸੀ 'ਤੇ ਗੋਲਕ ਦੀ ਦੁਰਵਰਤੋਂ ਦੇ ਦੋਸ਼
ਸਪੀਕਰ ਸੰਧਵਾਂ ਨੇ ਐਸਜੀਪੀਸੀ 'ਤੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਕਮੇਟੀ ਵੱਖ-ਵੱਖ ਗੁਰੂ ਘਰਾਂ ਦੀ ਗੋਲਕ ਦੀ ਦੁਰਵਰਤੋਂ ਕਰ ਰਹੀ ਹੈ। ਉਨ੍ਹਾਂ ਮੁਤਾਬਕ, ਐਸਜੀਪੀਸੀ 328 ਸਰੂਪਾਂ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਵੱਲੋਂ ਦਰਜ ਕੀਤੀ ਗਈ ਐਫਆਈਆਰ ਸਬੰਧੀ ਸੰਗਤ ਨੂੰ ਗੁੰਮਰਾਹ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਐਸਜੀਪੀਸੀ ਇਹ ਕਹਿ ਕੇ ਸਟੈਂਡ ਲੈ ਰਹੀ ਹੈ ਕਿ ਸਰਕਾਰ ਸਿੱਖ ਧਾਰਮਿਕ ਮਾਮਲਿਆਂ ਵਿੱਚ ਦਖਲ ਦੇ ਰਹੀ ਹੈ। ਸੰਧਵਾਂ ਨੇ ਸਵਾਲ ਕੀਤਾ ਕਿ ਸ਼੍ਰੋਮਣੀ ਕਮੇਟੀ ਨੂੰ ਤੁਰੰਤ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ 328 ਪਵਿੱਤਰ ਸਰੂਪ ਕਿੱਥੇ ਗਏ।
ਟਾਸਕ ਫੋਰਸ ਵੱਲੋਂ ਹਮਲੇ ਅਤੇ ਜ਼ਿੰਮੇਵਾਰੀ
ਸਪੀਕਰ ਨੇ ਐਸਜੀਪੀਸੀ ਦੀ ਕਾਰਜਸ਼ੈਲੀ 'ਤੇ ਸਵਾਲ ਚੁੱਕਦੇ ਹੋਏ ਪੁੱਛਿਆ ਕਿ ਕਿਸ ਦੇ ਹੁਕਮਾਂ 'ਤੇ ਟਾਸਕ ਫੋਰਸ ਵੱਲੋਂ ਉਨ੍ਹਾਂ ਸੰਗਤਾਂ 'ਤੇ ਹਮਲੇ ਕੀਤੇ ਗਏ, ਜੋ ਗੁੰਮ ਹੋਏ ਸਰੂਪਾਂ ਦੇ ਮੁੱਦੇ 'ਤੇ ਕਾਰਵਾਈ ਦੀ ਮੰਗ ਕਰ ਰਹੀਆਂ ਸਨ। ਉਨ੍ਹਾਂ ਅੱਗੇ ਕਿਹਾ ਕਿ ਕੌਣ ਇਸ ਵਿਰੋਧ ਪ੍ਰਦਰਸ਼ਨ ਨੂੰ ਤਸੱਲੀਬਖਸ਼ ਜਵਾਬ ਦੇ ਕੇ ਖਤਮ ਨਹੀਂ ਕਰਨਾ ਚਾਹੁੰਦਾ ਸੀ।
ਸੰਧਵਾਂ ਨੇ ਦੋਸ਼ ਲਗਾਇਆ ਕਿ ਸ਼੍ਰੋਮਣੀ ਕਮੇਟੀ ਆਪਣੀ ਬਣਦੀ ਜ਼ਿੰਮੇਵਾਰੀ ਨਿਭਾਉਣ ਵਿੱਚ ਅਸਫਲ ਰਹੀ, ਜਿਸ ਕਾਰਨ ਪੰਜਾਬ ਸਰਕਾਰ ਨੂੰ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਸਖ਼ਤ ਕਾਰਵਾਈ ਕਰਨੀ ਪਈ।
ਉਨ੍ਹਾਂ ਨੇ ਅੰਤ ਵਿੱਚ ਕਿਹਾ ਕਿ ਸਿੱਖ ਭਾਈਚਾਰਾ ਸਰਕਾਰ ਦੀ ਇਸ ਕਾਰਵਾਈ ਦੀ ਪ੍ਰਸ਼ੰਸਾ ਕਰ ਰਿਹਾ ਹੈ, ਪਰ ਸ਼੍ਰੋਮਣੀ ਕਮੇਟੀ ਦੋਸ਼ੀਆਂ ਨੂੰ ਬਚਾਉਣ ਲਈ ਗੁਰੂ ਘਰ ਦੀ ਗੋਲਕ ਦੀ ਦੁਰਵਰਤੋਂ ਕਰ ਰਹੀ ਹੈ।
Get all latest content delivered to your email a few times a month.