ਤਾਜਾ ਖਬਰਾਂ
ਸ਼ਹੀਦੀ ਜੋੜ ਮੇਲੇ ਦੇ ਪਵਿੱਤਰ ਮੌਕੇ 'ਤੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਪਤਨੀ ਅਤੇ ਪਰਿਵਾਰ ਸਮੇਤ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਪਹੁੰਚੇ। ਉਨ੍ਹਾਂ ਗੁਰੂ ਘਰ ਵਿੱਚ ਮੱਥਾ ਟੇਕਿਆ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਅਦੁੱਤੀ ਅਤੇ ਮਹਾਨ ਸ਼ਹਾਦਤ ਨੂੰ ਪ੍ਰਣਾਮ ਕੀਤਾ।
ਸੇਵਾ ਲਈ ਪੁਖਤਾ ਪ੍ਰਬੰਧਾਂ ਦਾ ਦਾਅਵਾ
ਮੀਡੀਆ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜੋ ਸੇਵਾ ਪੰਜਾਬ ਦੇ ਲੋਕਾਂ ਨੇ ਉਨ੍ਹਾਂ ਨੂੰ ਸੌਂਪੀ ਹੈ, ਉਹ ਉਸ ਨੂੰ ਪੂਰੀ ਜ਼ਿੰਮੇਵਾਰੀ ਨਾਲ ਨਿਭਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸ਼ਹੀਦੀ ਜੋੜ ਮੇਲੇ 'ਤੇ ਵੱਡੀ ਗਿਣਤੀ ਵਿੱਚ ਪਹੁੰਚ ਰਹੀ ਸੰਗਤ ਲਈ ਸਾਰੇ ਜ਼ਰੂਰੀ ਪ੍ਰਬੰਧ ਕੀਤੇ ਗਏ ਹਨ।
ਉਨ੍ਹਾਂ ਕਿਹਾ, "ਸੁਰੱਖਿਆ ਪ੍ਰਬੰਧਾਂ ਤੋਂ ਲੈ ਕੇ ਲੋਕਾਂ ਦੇ ਆਉਣ-ਜਾਣ ਦੇ ਸਾਧਨਾਂ, ਸਾਫ਼-ਸਫ਼ਾਈ ਅਤੇ ਸਿਹਤ ਸਹੂਲਤਾਂ ਤੱਕ ਦਾ ਇੰਤਜ਼ਾਮ ਕੀਤਾ ਗਿਆ ਹੈ। ਸੰਗਤ ਨੂੰ ਨਤਮਸਤਕ ਹੋਣ ਵਿੱਚ ਕੋਈ ਮੁਸ਼ਕਿਲ ਨਾ ਆਵੇ, ਇਸ ਲਈ ਟਰਾਂਸਪੋਰਟ ਅਤੇ ਪਾਰਕਿੰਗ ਤੱਕ ਦੇ ਸੁਚੱਜੇ ਪ੍ਰਬੰਧ ਕੀਤੇ ਗਏ ਹਨ।"
'ਵੀਰ ਬਾਲ ਦਿਵਸ' 'ਤੇ ਅਕਾਲੀ ਦਲ ਨੂੰ ਘੇਰਿਆ
ਇਸ ਮੌਕੇ ਸੀਐੱਮ ਮਾਨ ਨੇ ਕੇਂਦਰ ਸਰਕਾਰ ਵੱਲੋਂ ਮਨਾਏ ਜਾ ਰਹੇ 'ਵੀਰ ਬਾਲ ਦਿਵਸ' ਦੇ ਮੁੱਦੇ 'ਤੇ ਇੱਕ ਸਵਾਲ ਦਾ ਜਵਾਬ ਦਿੱਤਾ। ਦੱਸਣਯੋਗ ਹੈ ਕਿ ਇਸ ਦਿਵਸ ਦੇ ਨਾਮਕਰਨ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਤਰਾਜ਼ ਜਤਾਇਆ ਗਿਆ ਸੀ।
ਮੁੱਖ ਮੰਤਰੀ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿਰੋਧ ਨੂੰ ਪਾਖੰਡ ਦੱਸਦੇ ਹੋਏ ਕਿਹਾ, "ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਹੁਣ ਵਿਰੋਧ ਕਰਦੇ ਹਨ, ਉਨ੍ਹਾਂ ਦੇ ਹੀ ਪੁਰਾਣੇ ਟਵੀਟ ਪਏ ਹਨ, ਜਿਸ ਵਿੱਚ ਉਹ ਕਹਿੰਦੇ ਸਨ ਕਿ 'ਵੀਰ ਬਾਲ ਦਿਵਸ' ਮਨਾਉਣਾ ਚਾਹੀਦਾ ਹੈ। ਉਹ ਕਹਿੰਦੇ ਸੀ ਕਿ ਇਹ ਬਹੁਤ ਵੱਡਾ ਬਲਿਦਾਨ ਹੈ ਅਤੇ ਇਸ ਨੂੰ ਇਸੇ ਵਜੋਂ ਮਨਾਉਣਾ ਚਾਹੀਦਾ ਹੈ।"
ਉਨ੍ਹਾਂ ਅੱਗੇ ਦੋਸ਼ ਲਾਇਆ, "ਸ਼ਾਇਦ ਉਹ (ਅਕਾਲੀ ਦਲ) ਆਪ ਬਿਆਨ ਦੇ ਕੇ ਯਾਦ ਨਹੀਂ ਰੱਖਦੇ। ਜਾਂ ਫਿਰ ਉਨ੍ਹਾਂ ਨੂੰ ਧਰਮ ਨਾਲ ਜਾਂ ਵਿਰਸੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।" ਭਾਜਪਾ ਵੱਲੋਂ ਵੀ ਉਨ੍ਹਾਂ ਪੁਰਾਣੇ ਟਵੀਟਾਂ ਨੂੰ ਜਾਰੀ ਕੀਤਾ ਗਿਆ ਹੈ।
Get all latest content delivered to your email a few times a month.