ਤਾਜਾ ਖਬਰਾਂ
ਬਾਲੀਵੁੱਡ ਦੇ ਮੈਗਾਸਟਾਰ ਸਲਮਾਨ ਖਾਨ ਦੀ ਬਹੁ-ਉਡੀਕੀ ਫਿਲਮ “ਬੈਟਲ ਆਫ ਗਲਵਾਨ” ਦਾ ਟੀਜ਼ਰ ਰਿਲੀਜ਼ ਹੁੰਦੇ ਹੀ ਚੀਨੀ ਮੀਡੀਆ ਵਿੱਚ ਖਲਬਲੀ ਮਚ ਗਈ ਹੈ। ਇਹ ਫਿਲਮ 2020 ਵਿੱਚ ਗਲਵਾਨ ਘਾਟੀ ਵਿੱਚ ਭਾਰਤੀ ਅਤੇ ਚੀਨੀ ਸੈਨਿਕਾਂ ਵਿਚਕਾਰ ਹੋਈਆਂ ਹਿੰਸਕ ਝੜਪਾਂ 'ਤੇ ਆਧਾਰਿਤ ਹੈ, ਜਿਸ ਨੂੰ ਚੀਨ ਤੱਥਾਂ ਦੀ ਘਾਟ ਵਾਲੀ ਅਤੇ 'ਭਾਵਨਾਵਾਂ ਭੜਕਾਉਣ ਵਾਲੀ' ਕੋਸ਼ਿਸ਼ ਦੱਸ ਰਿਹਾ ਹੈ।
ਚੀਨੀ ਸਰਕਾਰੀ ਅਖਬਾਰ 'ਗਲੋਬਲ ਟਾਈਮਜ਼' ਨੇ ਫਿਲਮ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਚੀਨੀ ਮਾਹਿਰਾਂ ਦਾ ਕਹਿਣਾ ਹੈ ਕਿ ਭਾਵੇਂ ਬਾਲੀਵੁੱਡ ਭਾਵਨਾਤਮਕ ਫਿਲਮਾਂ ਬਣਾਉਂਦਾ ਰਵੇ, ਪਰ ਇਹ 'ਸਾਡੀ ਪਵਿੱਤਰ ਧਰਤੀ' ਬਾਰੇ ਸੱਚਾਈ ਨੂੰ ਨਹੀਂ ਬਦਲ ਸਕਦੀ।
ਸਲਮਾਨ ਖਾਨ ਕਰਨਲ ਸੰਤੋਸ਼ ਬਾਬੂ ਦੇ ਰੋਲ ਵਿੱਚ
ਫਿਲਮ ਵਿੱਚ ਸਲਮਾਨ ਖਾਨ ਕਰਨਲ ਬਿੱਕੁਮੱਲਾ ਸੰਤੋਸ਼ ਬਾਬੂ ਦਾ ਕਿਰਦਾਰ ਨਿਭਾ ਰਹੇ ਹਨ, ਜਿਨ੍ਹਾਂ ਨੇ ਗਲਵਾਨ ਸੰਘਰਸ਼ ਦੌਰਾਨ ਅਹਿਮ ਭੂਮਿਕਾ ਨਿਭਾਈ ਸੀ। ਚੀਨੀ ਮੀਡੀਆ ਨੇ ਮੰਨਿਆ ਕਿ ਉਹ ਸਲਮਾਨ ਖਾਨ ਨੂੰ ਫਿਲਮ 'ਬਜਰੰਗੀ ਭਾਈਜਾਨ' ਰਾਹੀਂ ਜ਼ਿਆਦਾ ਜਾਣਦੇ ਹਨ।
ਟੀਜ਼ਰ ਰਿਲੀਜ਼ ਹੋਣ ਤੋਂ ਬਾਅਦ, ਚੀਨੀ ਮਾਹਿਰਾਂ ਨੇ ਇਸ ਦੇ ਤੱਥਾਂ 'ਤੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਕਿਹਾ ਕਿ ਬਾਲੀਵੁੱਡ ਫਿਲਮਾਂ ਜ਼ਿਆਦਾਤਰ ਮਨੋਰੰਜਨ 'ਤੇ ਅਧਾਰਤ ਹੁੰਦੀਆਂ ਹਨ, ਪਰ ਕੋਈ ਵੀ 'ਅਤਿਕਥਨੀ ਇਤਿਹਾਸ ਨੂੰ ਬਦਲ ਨਹੀਂ ਸਕਦੀ' ਜਾਂ ਚੀਨੀ ਫੌਜ (PLA) ਦੇ ਆਪਣੇ ਖੇਤਰ ਦੀ ਰੱਖਿਆ ਕਰਨ ਦੇ ਸੰਕਲਪ ਨੂੰ ਕਮਜ਼ੋਰ ਨਹੀਂ ਕਰ ਸਕਦੀ।
ਚੀਨ ਦਾ ਦਾਅਵਾ ਅਤੇ LAC ਵਿਵਾਦ
ਚੀਨ ਦਾ ਜ਼ੋਰ ਹੈ ਕਿ ਗਲਵਾਨ ਘਾਟੀ ਅਸਲ ਕੰਟਰੋਲ ਰੇਖਾ (LAC) ਦੇ ਚੀਨੀ ਪਾਸੇ ਹੈ ਅਤੇ ਉੱਥੇ PLA ਲੰਬੇ ਸਮੇਂ ਤੋਂ ਗਸ਼ਤ ਕਰ ਰਹੀ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਤਣਾਅ ਉਦੋਂ ਵਧਿਆ ਜਦੋਂ ਭਾਰਤ ਨੇ ਪਹਿਲਾਂ ਸੜਕਾਂ ਅਤੇ ਢਾਂਚੇ ਬਣਾ ਕੇ ਸਥਿਤੀ ਬਦਲੀ ਅਤੇ ਫਿਰ LAC ਨੂੰ ਪਾਰ ਕੀਤਾ।
ਚੀਨੀ ਸਾਈਟ ਵੀਬੋ 'ਤੇ ਇੱਕ ਯੂਜ਼ਰ ਨੇ ਫਿਲਮ ਨੂੰ 'ਤੱਥਾਂ ਦੇ ਬਿਲਕੁਲ ਉਲਟ' ਅਤੇ 'ਓਵਰਡਰਾਮੈਟਿਕ' ਕਿਹਾ। ਚੀਨ ਦਾ ਦਾਅਵਾ ਹੈ ਕਿ 15 ਜੂਨ, 2020 ਨੂੰ ਭਾਰਤੀ ਫੌਜਾਂ ਨੇ ਸਮਝੌਤੇ ਦੀ ਉਲੰਘਣਾ ਕਰਦੇ ਹੋਏ ਗੱਲਬਾਤ ਲਈ ਆਏ ਚੀਨੀ ਫੌਜੀਆਂ 'ਤੇ ਹਮਲਾ ਕੀਤਾ, ਜਿਸ ਕਾਰਨ ਝੜਪ ਹੋਈ।
ਇਸ ਦੇ ਉਲਟ, ਆਸਟ੍ਰੇਲੀਆਈ ਅਖਬਾਰ 'ਦਿ ਕਲੈਕਸ਼ਨ' ਨੇ ਰਿਪੋਰਟ ਦਿੱਤੀ ਸੀ ਕਿ ਝੜਪ ਵਿੱਚ 38 ਚੀਨੀ ਸੈਨਿਕ ਮਾਰੇ ਗਏ ਸਨ, ਹਾਲਾਂਕਿ ਚੀਨ ਸਿਰਫ਼ ਚਾਰ ਸੈਨਿਕਾਂ ਦੀ ਮੌਤ ਨੂੰ ਮੰਨਦਾ ਹੈ।
ਚੀਨੀ ਫੌਜੀ ਮਾਹਰ ਸੋਂਗ ਝੋਂਗਪਿੰਗ ਨੇ ਕਿਹਾ ਕਿ, "ਫਿਲਮਾਂ ਰਾਹੀਂ ਰਾਸ਼ਟਰਵਾਦੀ ਭਾਵਨਾਵਾਂ ਨੂੰ ਭੜਕਾਉਣਾ ਭਾਰਤ ਵਿੱਚ ਨਵਾਂ ਨਹੀਂ ਹੈ, ਪਰ ਫਿਲਮਾਂ ਹਕੀਕਤ ਨੂੰ ਨਹੀਂ ਬਦਲ ਸਕਦੀਆਂ।"
ਗਲਵਾਨ ਘਾਟੀ ਝੜਪ ਦਾ ਅਸਰ
15 ਅਤੇ 16 ਜੂਨ 2020 ਦੀ ਰਾਤ ਨੂੰ ਗਲਵਾਨ ਘਾਟੀ ਵਿੱਚ ਹੋਈ ਹਿੰਸਕ ਝੜਪ ਵਿੱਚ 20 ਭਾਰਤੀ ਸੈਨਿਕ ਸ਼ਹੀਦ ਹੋ ਗਏ ਸਨ। ਇਸ ਘਟਨਾ ਨੇ ਦੋਵਾਂ ਦੇਸ਼ਾਂ ਦੇ ਸਬੰਧਾਂ ਵਿੱਚ ਵੱਡਾ ਤਣਾਅ ਪੈਦਾ ਕਰ ਦਿੱਤਾ ਸੀ, ਜਿਸ ਤੋਂ ਬਾਅਦ ਭਾਰਤ ਨੇ ਕਈ ਚੀਨੀ ਐਪਸ 'ਤੇ ਪਾਬੰਦੀ ਲਗਾ ਦਿੱਤੀ ਸੀ।
Get all latest content delivered to your email a few times a month.