ਤਾਜਾ ਖਬਰਾਂ
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਾਬਕਾ ਮੰਤਰੀ ਨਵਜੋਤ ਕੌਰ ਸਿੱਧੂ ਬਾਰੇ ਚੱਲ ਰਹੇ ਵਿਵਾਦਾਂ 'ਤੇ ਸਖ਼ਤ ਰੁਖ ਅਪਣਾਉਂਦਿਆਂ ਐਲਾਨ ਕੀਤਾ ਹੈ ਕਿ ਇਹ ਮਾਮਲਾ ਹੁਣ ਖਤਮ ਹੋ ਚੁੱਕਿਆ ਹੈ ਅਤੇ ਇਸ 'ਤੇ ਵਾਰ-ਵਾਰ ਚਰਚਾ ਕਰਨ ਦੀ ਕੋਈ ਲੋੜ ਨਹੀਂ ਹੈ।
ਰਾਜਾ ਵੜਿੰਗ ਤੋਂ ਬੀਤੇ ਦਿਨ ਪੱਤਰਕਾਰਾਂ ਨੇ ਸਵਾਲ ਕੀਤਾ ਸੀ ਕਿ ਨਵਜੋਤ ਕੌਰ ਸਿੱਧੂ ਨੇ ਜਿੱਥੇ ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਬਣਾਉਣ ਦੀ ਸ਼ਰਤ 'ਤੇ ਰਾਜਨੀਤੀ ਵਿੱਚ ਸਰਗਰਮ ਹੋਣ ਦੀ ਗੱਲ ਕਹੀ ਸੀ, ਉੱਥੇ ਹੀ ਉਹ ਭਾਜਪਾ ਆਗੂਆਂ ਨਾਲ ਵੀ ਮੁਲਾਕਾਤਾਂ ਕਰ ਰਹੇ ਹਨ।
ਇਸ ਸਵਾਲ ਦੇ ਜਵਾਬ ਵਿੱਚ ਰਾਜਾ ਵੜਿੰਗ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ:
"ਕੋਈ ਕਿਸੇ ਨੂੰ ਵੀ ਮਿਲ ਸਕਦਾ ਹੈ, ਕਿਸੇ ਨੂੰ ਰੋਕ ਥੋੜ੍ਹੇ ਹੈ। ਇਸ ਬਾਰੇ ਵਾਰ-ਵਾਰ ਚਰਚਾ ਨਹੀਂ ਕਰਨੀ ਹੈ। ਜਿਹੜਾ ਕੰਮ ਬੰਦ ਹੋ ਚੁੱਕਿਆ ਹੈ, ਖ਼ਤਮ ਹੋ ਚੱਕਿਆ ਹੈ, ਉਸ ਬਾਰੇ ਵਾਰ-ਵਾਰ ਗੱਲ ਨਹੀਂ ਕਰਾਂਗਾ।"
ਸਿੱਧੂ ਜੋੜੇ ਨੂੰ ਨਜ਼ਰਅੰਦਾਜ਼ ਕਰਨ ਦੇ ਸੰਕੇਤ
ਰਾਜਾ ਵੜਿੰਗ ਦਾ ਇਹ ਬਿਆਨ ਪਿਛਲੇ ਕੁਝ ਸਮੇਂ ਤੋਂ ਚੱਲ ਰਹੇ ਪੰਜਾਬ ਕਾਂਗਰਸ ਦੇ ਅੰਦਰੂਨੀ ਕਲੇਸ਼ ਤੋਂ ਬਾਅਦ ਆਇਆ ਹੈ ਅਤੇ ਇਸ ਨੇ ਰਾਜਨੀਤਿਕ ਹਲਕਿਆਂ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। ਇਸ ਬਿਆਨ ਤੋਂ ਇਹ ਸੰਕੇਤ ਮਿਲਦੇ ਹਨ ਕਿ ਪਾਰਟੀ ਨੇ ਸ਼ਾਇਦ ਸਿੱਧੂ ਜੋੜੇ ਨੂੰ ਪੂਰੀ ਤਰ੍ਹਾਂ ਤਰਜੀਹ ਦੇਣੀ ਛੱਡ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ, ਸੂਬਾ ਪ੍ਰਧਾਨ ਰਾਜਾ ਵੜਿੰਗ ਨੇ ਨਵਜੋਤ ਕੌਰ ਸਿੱਧੂ ਦੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਵੀ ਸਸਪੈਂਡ ਕਰ ਦਿੱਤੀ ਸੀ।
ਭਾਜਪਾ ਨਾਲ ਨਜ਼ਦੀਕੀਆਂ
ਦੂਜੇ ਪਾਸੇ, ਨਵਜੋਤ ਕੌਰ ਸਿੱਧੂ ਨੇ ਇਸ ਮੁੱਦੇ 'ਤੇ ਕੋਈ ਤਾਜ਼ਾ ਬਿਆਨ ਨਹੀਂ ਦਿੱਤਾ ਹੈ। ਹਾਲਾਂਕਿ, ਇਸ ਤੋਂ ਪਹਿਲਾਂ ਉਹ ਕਾਂਗਰਸ ਦੇ ਸੀਨੀਅਰ ਆਗੂਆਂ 'ਤੇ ਲਗਾਤਾਰ ਨਿਸ਼ਾਨਾ ਸਾਧਦੇ ਰਹੇ ਹਨ।
ਇਸ ਸਭ ਦੇ ਦੌਰਾਨ, ਨਵਜੋਤ ਕੌਰ ਸਿੱਧੂ ਦੀਆਂ ਭਾਜਪਾ ਨਾਲ ਨਜ਼ਦੀਕੀਆਂ ਵੀ ਵਧੀਆਂ ਸਨ। ਉਨ੍ਹਾਂ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਕਿਸੇ ਕੰਮ ਨੂੰ ਲੈ ਕੇ ਮੁਲਾਕਾਤ ਕੀਤੀ ਸੀ ਅਤੇ ਬਾਅਦ ਵਿੱਚ ਉਨ੍ਹਾਂ ਦੀ ਕਾਫ਼ੀ ਤਾਰੀਫ਼ ਵੀ ਕੀਤੀ ਸੀ।
ਕਾਂਗਰਸ ਵਿੱਚ ਸਿੱਧੂ ਜੋੜੇ ਦੇ ਰੋਲ ਨੂੰ ਲੈ ਕੇ ਹੁਣ ਪੂਰੀ ਤਰ੍ਹਾਂ ਚੁੱਪ ਛਾ ਗਈ ਹੈ, ਅਤੇ ਇਹ ਦੇਖਣਾ ਬਾਕੀ ਹੈ ਕਿ ਇਹ ਮਾਮਲਾ ਅੰਦਰਖਾਤੇ ਸ਼ਾਂਤ ਹੋਇਆ ਹੈ ਜਾਂ ਫਿਰ ਇਸ ਮੁੱਦੇ 'ਤੇ ਕੋਈ ਹੋਰ ਚਰਚਾ ਚੱਲ ਰਹੀ ਹੈ।
Get all latest content delivered to your email a few times a month.