IMG-LOGO
ਹੋਮ ਪੰਜਾਬ: ਅੰਮ੍ਰਿਤਸਰ ਤੋਂ ਗੱਡੀ ਖੋਹ ਕੇ ਭੱਜੇ ਹਥਿਆਰਬੰਦ ਬਦਮਾਸ਼ਾਂ ਨੇ ਤਰਨਤਾਰਨ...

ਅੰਮ੍ਰਿਤਸਰ ਤੋਂ ਗੱਡੀ ਖੋਹ ਕੇ ਭੱਜੇ ਹਥਿਆਰਬੰਦ ਬਦਮਾਸ਼ਾਂ ਨੇ ਤਰਨਤਾਰਨ ‘ਚ AAP ਸਰਪੰਚ ਨੂੰ ਬਣਾਇਆ ਨਿਸ਼ਾਨਾ, ਪਿਸਟਲ ਸਮੇਤ ਗੱਡੀ ਲੁੱਟ ਕੇ ਫਰਾਰ

Admin User - Dec 30, 2025 05:02 PM
IMG

ਅੰਮ੍ਰਿਤਸਰ ‘ਚ ਹਥਿਆਰਾਂ ਦੀ ਨੋਕ ‘ਤੇ ਗੱਡੀ ਖੋਹ ਕੇ ਫਰਾਰ ਹੋਏ ਬਦਮਾਸ਼ਾਂ ਨੇ ਤਰਨਤਾਰਨ ਨੇੜੇ ਦਹਿਸ਼ਤ ਫੈਲਾ ਦਿੱਤੀ। ਬਦਮਾਸ਼ਾਂ ਦੀ ਖੋਹੀ ਹੋਈ ਗੱਡੀ ਤਰਨਤਾਰਨ ਦੇ ਨੇੜੇ ਖ਼ਰਾਬ ਹੋ ਗਈ, ਜਿਸ ਤੋਂ ਬਾਅਦ ਉਨ੍ਹਾਂ ਨੇ ਪਿੰਡ ਪੰਡੋਰੀ ਰਮਾਣਾ ਦੇ ਆਮ ਆਦਮੀ ਪਾਰਟੀ ਦੇ ਮੌਜੂਦਾ ਸਰਪੰਚ ਬਚਿੱਤਰ ਸਿੰਘ ਨੂੰ ਆਪਣਾ ਅਗਲਾ ਨਿਸ਼ਾਨਾ ਬਣਾਇਆ। ਪਿਸਟਲ ਦੀ ਨੋਕ ‘ਤੇ ਸਰਪੰਚ ਨਾਲ ਕੁੱਟਮਾਰ ਕਰਦਿਆਂ ਬਦਮਾਸ਼ ਉਸਦੀ Swift Dzire ਗੱਡੀ, ਲਾਈਸੈਂਸੀ ਪਿਸਟਲ, ਦੋ ਮੋਬਾਈਲ ਫੋਨ ਅਤੇ ਨਕਦੀ ਲੁੱਟ ਕੇ ਮੌਕੇ ਤੋਂ ਫਰਾਰ ਹੋ ਗਏ।

ਪੀੜਤ ਸਰਪੰਚ ਬਚਿੱਤਰ ਸਿੰਘ ਨੇ ਦੱਸਿਆ ਕਿ ਉਹ ਭੰਗੜਾ ਗਰੁੱਪ ਚਲਾਉਂਦਾ ਹੈ। ਬੀਤੀ ਰਾਤ ਗਰੁੱਪ ਦੇ ਮੈਂਬਰ ਪ੍ਰੋਗਰਾਮ ਤੋਂ ਵਾਪਸ ਆ ਰਹੇ ਸਨ ਅਤੇ ਲੜਕੀਆਂ ਨੂੰ ਘਰ ਛੱਡਣ ਲਈ ਉਸ ਨਾਲ ਸੰਪਰਕ ਕੀਤਾ ਗਿਆ। ਜਦੋਂ ਉਹ ਆਪਣੀ ਕਾਰ ਲੈ ਕੇ ਤਰਨਤਾਰਨ ਨੇੜੇ ਰਿਲਾਇੰਸ ਪੈਟਰੋਲ ਪੰਪ ਕੋਲ ਪਹੁੰਚਿਆ, ਤਾਂ ਇੱਕ ਵਿਅਕਤੀ ਨੇ ਉਸਦੀ ਕਾਰ ਰੋਕ ਲਈ ਅਤੇ ਆਪਣੇ ਆਪ ਨੂੰ ਪੁਲਿਸ ਮੁਲਾਜ਼ਮ ਦੱਸਿਆ।

ਹਮਲਾਵਰ ਨੇ ਗੱਡੀ ਖ਼ਰਾਬ ਹੋਣ ਦਾ ਬਹਾਨਾ ਬਣਾਕੇ ਮਦਦ ਮੰਗੀ। ਜਿਵੇਂ ਹੀ ਸਰਪੰਚ ਨੇ ਕਾਰ ਦਾ ਸ਼ੀਸ਼ਾ ਥੱਲੇ ਕੀਤਾ, ਉਸਦੀ ਚਾਬੀ ਖੋਹ ਲਈ ਗਈ। ਤੁਰੰਤ ਹੀ ਉਸਦੇ ਨਾਲ ਮੌਜੂਦ ਚਾਰ ਹੋਰ ਬਦਮਾਸ਼ਾਂ ਨੇ ਸਰਪੰਚ ਨੂੰ ਗੱਡੀ ‘ਚੋਂ ਬਾਹਰ ਕੱਢ ਕੇ ਕੁੱਟਮਾਰ ਕੀਤੀ ਅਤੇ ਪਿਸਟਲ ਦੀ ਨੋਕ ‘ਤੇ ਉਸਦੀ ਗੱਡੀ, ਪਿਸਟਲ, ਦੋ ਮੋਬਾਈਲ ਅਤੇ ਨਕਦੀ ਲੁੱਟ ਲਈ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀ ਸਤਨਾਮ ਸਿੰਘ ਨੇ ਦੱਸਿਆ ਕਿ ਘਟਨਾ ਸਬੰਧੀ ਕੇਸ ਦਰਜ ਕੀਤਾ ਜਾ ਰਿਹਾ ਹੈ ਅਤੇ ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਜਾਰੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.