ਤਾਜਾ ਖਬਰਾਂ
ਮਾਨਸਾ ਜ਼ਿਲ੍ਹੇ ਦੇ ਬਰੇਟਾ ਇਲਾਕੇ ਵਿੱਚ ਸੰਘਣੀ ਧੁੰਦ ਕਾਰਨ ਵੱਡਾ ਹਾਦਸਾ ਵਾਪਰ ਗਿਆ, ਜਦੋਂ ਇੱਕ ਬੋਲੇਰੋ ਪਿਕਅੱਪ ਗੱਡੀ ਬੇਕਾਬੂ ਹੋ ਕੇ ਨਹਿਰ ਵਿੱਚ ਡਿੱਗ ਗਈ। ਇਹ ਹਾਦਸਾ ਬਰੇਟਾ ਦੇ ਨੇੜਲੇ ਪਿੰਡ ਬਖ਼ਸ਼ੀਵਾਲਾ ਕੋਲ ਸਵੇਰੇ ਕਰੀਬ 11 ਵਜੇ ਹੋਇਆ। ਧੁੰਦ ਕਾਰਨ ਪਿਕਅੱਪ ਗੱਡੀ ਦੀ ਇੱਕ ਆਲਟੋ ਕਾਰ ਨਾਲ ਟੱਕਰ ਹੋ ਗਈ, ਜਿਸ ਤੋਂ ਬਾਅਦ ਪਿਕਅੱਪ ਡਰਾਈਵਰ ਦਾ ਕੰਟਰੋਲ ਖੋ ਬੈਠਾ ਅਤੇ ਗੱਡੀ ਸਿੱਧੀ ਨਹਿਰ ਵਿੱਚ ਜਾ ਡਿੱਗੀ।
ਪਿਕਅੱਪ ਵਿੱਚ 13 ਵੱਡੇ ਅਤੇ ਇੱਕ ਬੱਚਾ ਸਵਾਰ ਸਨ। ਹਾਦਸੇ ਤੋਂ ਤੁਰੰਤ ਬਾਅਦ ਨੇੜਲੇ ਪਿੰਡਾਂ ਦੇ ਲੋਕ ਮੌਕੇ ‘ਤੇ ਪਹੁੰਚ ਗਏ ਅਤੇ ਆਪਣੀ ਸਮਝਦਾਰੀ ਅਤੇ ਹਿੰਮਤ ਨਾਲ ਨਹਿਰ ਵਿੱਚ ਡਿੱਗੀ ਗੱਡੀ ਵਿੱਚੋਂ ਸਾਰੀਆਂ 14 ਸਵਾਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਗਨੀਮਤ ਰਹੀ ਕਿ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਆਲਟੋ ਕਾਰ ਵਿੱਚ ਸਵਾਰ ਲੋਕ ਵੀ ਸੁਰੱਖਿਅਤ ਹਨ।
ਜਾਣਕਾਰੀ ਮੁਤਾਬਕ, ਪਿਕਅੱਪ ਵਿੱਚ ਸਵਾਰ ਸਾਰੇ ਲੋਕ ਬਖ਼ਸ਼ੀਵਾਲਾ ਪਿੰਡ ਤੋਂ ਸੇਖੂਵਾਸ ਵਿਖੇ ਹੋ ਰਹੇ ਇੱਕ ਭੋਗ ਸਮਾਗਮ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਸਨ। ਘਟਨਾ ਦੀ ਸੂਚਨਾ ਮਿਲਦੇ ਹੀ ਬਰੇਟਾ ਪੁਲਿਸ ਮੌਕੇ ‘ਤੇ ਪਹੁੰਚੀ। ਬਰੇਟਾ ਥਾਣੇ ਦੇ ਇੰਚਾਰਜ ਮੇਲਾ ਸਿੰਘ ਅਤੇ ਕੁਲਦੀਪ ਸਿੰਘ ਨੇ ਦੱਸਿਆ ਕਿ ਧੁੰਦ ਕਾਰਨ ਦਿੱਖ ਘੱਟ ਹੋਣ ਨਾਲ ਹਾਦਸਾ ਵਾਪਰਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Get all latest content delivered to your email a few times a month.