ਤਾਜਾ ਖਬਰਾਂ
ਰਾਜਸਥਾਨ ਦੇ ਕੋਟਾ ਜ਼ਿਲ੍ਹੇ ਵਿੱਚ ਚੋਰੀ ਦੀ ਇੱਕ ਅਜੀਬੋ-ਗਰੀਬ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਚੋਰ ਘਰ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਦੌਰਾਨ ਰਸੋਈ ਦੇ ਐਗਜ਼ੌਸਟ ਫੈਨ ਵਾਲੇ ਹੋਲ ਵਿੱਚ ਫਸ ਗਿਆ। ਇਸ ਕਾਰਨ ਘਰ ਵਿੱਚ ਚੋਰੀ ਹੋਣ ਤੋਂ ਬਚਾਅ ਹੋ ਗਿਆ, ਪਰ ਚੋਰ ਨੂੰ ਬਾਹਰ ਕੱਢਣ ਲਈ ਲੋਕਾਂ ਨੂੰ ਕਾਫ਼ੀ ਮਸ਼ੱਕਤ ਕਰਨੀ ਪਈ। ਇਸ ਪੂਰੇ ਵਾਕਏ ਦੀ ਵੀਡੀਓ ਹੁਣ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਇਹ ਘਟਨਾ ਕੋਟਾ ਸ਼ਹਿਰ ਦੇ ਬੋਰਖੇੜਾ ਥਾਣਾ ਖੇਤਰ ਅਧੀਨ ਪ੍ਰਤਾਪ ਨਗਰ ਇਲਾਕੇ ਦੀ ਹੈ। ਜਾਣਕਾਰੀ ਮੁਤਾਬਕ, ਘਰ ਦੇ ਮਾਲਕ ਸੁਭਾਸ਼ ਕੁਮਾਰ ਰਾਵਤ ਆਪਣੀ ਪਤਨੀ ਸਮੇਤ 3 ਜਨਵਰੀ ਨੂੰ ਖਾਟੂ ਸ਼ਿਆਮ ਜੀ ਦੇ ਦਰਸ਼ਨਾਂ ਲਈ ਗਏ ਹੋਏ ਸਨ ਅਤੇ 4 ਜਨਵਰੀ ਦੀ ਰਾਤ ਨੂੰ ਵਾਪਸ ਘਰ ਆਏ। ਜਦੋਂ ਸੁਭਾਸ਼ ਸਕੂਟਰ ’ਤੇ ਘਰ ਦੇ ਅੰਦਰ ਦਾਖਲ ਹੋ ਰਹੇ ਸਨ, ਤਾਂ ਸਕੂਟਰ ਦੀ ਲਾਈਟ ਵਿੱਚ ਉਨ੍ਹਾਂ ਨੂੰ ਰਸੋਈ ਦੇ ਐਗਜ਼ੌਸਟ ਹੋਲ ਵਿੱਚ ਇੱਕ ਆਦਮੀ ਫਸਿਆ ਹੋਇਆ ਦਿਖਾਈ ਦਿੱਤਾ।
ਇਹ ਦ੍ਰਿਸ਼ ਵੇਖਦੇ ਹੀ ਸੁਭਾਸ਼ ਨੇ ਸ਼ੋਰ ਮਚਾ ਦਿੱਤਾ, ਜਿਸ ਨਾਲ ਘਰ ਦੇ ਅੰਦਰ ਮੌਜੂਦ ਇੱਕ ਹੋਰ ਚੋਰ ਮੌਕੇ ਤੋਂ ਭੱਜ ਗਿਆ। ਘਰ ਦੇ ਬਾਹਰ ਇੱਕ ਕਾਰ ਵੀ ਖੜੀ ਮਿਲੀ, ਜਿਸ ’ਤੇ ਪੁਲਿਸ ਦਾ ਸਟੀਕਰ ਲੱਗਿਆ ਹੋਇਆ ਸੀ। ਪੁਲਿਸ ਦੇ ਅਨੁਸਾਰ, ਚੋਰ ਇਸ ਕਾਰ ਰਾਹੀਂ ਹੀ ਮੌਕੇ ’ਤੇ ਪਹੁੰਚੇ ਸਨ।
ਸ਼ੋਰ-ਸ਼ਰਾਬਾ ਸੁਣ ਕੇ ਗੁਆਂਢੀ ਵੀ ਜਾਗ ਪਏ ਅਤੇ ਉਨ੍ਹਾਂ ਦੀ ਮਦਦ ਨਾਲ ਐਗਜ਼ੌਸਟ ਵਿੱਚ ਫਸੇ ਚੋਰ ਨੂੰ ਕਾਬੂ ਕਰ ਲਿਆ ਗਿਆ। ਇਸ ਤੋਂ ਬਾਅਦ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਗਈ। ਬੋਰਖੇੜਾ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਮੁਲਜ਼ਮ ਚੋਰ ਨੂੰ ਗ੍ਰਿਫ਼ਤਾਰ ਕਰਕੇ ਜਾਂਚ ਸ਼ੁਰੂ ਕਰ ਦਿੱਤੀ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਲਾਕੇ ਵਿੱਚ ਅਕਸਰ ਸ਼ੱਕੀ ਵਿਅਕਤੀ ਘੁੰਮਦੇ ਦਿਖਾਈ ਦਿੰਦੇ ਹਨ, ਜਿਸ ਕਾਰਨ ਲੋਕਾਂ ਵਿੱਚ ਡਰ ਦਾ ਮਾਹੌਲ ਹੈ। ਇਸ ਮਾਮਲੇ ਸਬੰਧੀ ਬੋਰਖੇੜਾ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ ਅਤੇ ਪੁਲਿਸ ਹੋਰ ਫਰਾਰ ਚੋਰ ਦੀ ਭਾਲ ਵਿੱਚ ਜੁੱਟੀ ਹੋਈ ਹੈ।
Get all latest content delivered to your email a few times a month.