ਤਾਜਾ ਖਬਰਾਂ
ਵੇਦਾਂਤਾ ਸਮੂਹ ਦੇ ਚੇਅਰਮੈਨ, ਅਨਿਲ ਅਗਰਵਾਲ ਦੇ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਉਨ੍ਹਾਂ ਦੇ ਪੁੱਤਰ, ਅਗਨੀਵੇਸ਼ ਅਗਰਵਾਲ ਦਾ 49 ਸਾਲ ਦੀ ਉਮਰ ਵਿੱਚ ਅਮਰੀਕਾ ਵਿੱਚ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਅਗਨੀਵੇਸ਼ ਵੇਦਾਂਤਾ ਸਮੂਹ ਦੀ ਕੰਪਨੀ ਤਲਵੰਡੀ ਸਾਬੋ ਪਾਵਰ ਲਿਮਟਿਡ ਦੇ ਡਾਇਰੈਕਟਰ ਬੋਰਡ ਵਿੱਚ ਵੀ ਸ਼ਾਮਲ ਸਨ।
ਅਨਿਲ ਅਗਰਵਾਲ ਨੇ ਖੁਦ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇੱਕ ਭਾਵੁਕ ਪੋਸਟ ਸਾਂਝੀ ਕਰਕੇ ਇਸ ਦੁਖਦ ਖ਼ਬਰ ਦੀ ਪੁਸ਼ਟੀ ਕੀਤੀ।
ਸਕੀਇੰਗ ਹਾਦਸੇ ਤੋਂ ਬਾਅਦ ਆ ਰਿਹਾ ਸੀ ਸੁਧਾਰ
ਅਨਿਲ ਅਗਰਵਾਲ ਨੇ ਆਪਣੇ ਦਰਦ ਨੂੰ ਬਿਆਨ ਕਰਦਿਆਂ ਕਿਹਾ, "ਅੱਜ ਮੇਰੀ ਜ਼ਿੰਦਗੀ ਦਾ ਸਭ ਤੋਂ ਕਾਲਾ ਦਿਨ ਹੈ। ਮੇਰਾ ਪਿਆਰਾ ਪੁੱਤ ਅਗਨੀਵੇਸ਼ ਸਾਨੂੰ ਬਹੁਤ ਜਲਦੀ ਛੱਡ ਕੇ ਚਲਾ ਗਿਆ ਹੈ।" ਉਨ੍ਹਾਂ ਦੱਸਿਆ ਕਿ ਅਗਨੀਵੇਸ਼ ਸਿਰਫ਼ 49 ਸਾਲਾਂ ਦਾ ਸੀ ਅਤੇ ਉਹ ਬਿਲਕੁਲ ਸਿਹਤਮੰਦ, ਜੀਵਨ ਨਾਲ ਭਰਪੂਰ ਅਤੇ ਸੁਪਨਿਆਂ ਨਾਲ ਭਰਿਆ ਹੋਇਆ ਸੀ।
ਉਨ੍ਹਾਂ ਨੇ ਦੱਸਿਆ ਕਿ ਅਮਰੀਕਾ ਵਿੱਚ ਸਕੀਇੰਗ ਦੌਰਾਨ ਇੱਕ ਹਾਦਸੇ ਤੋਂ ਬਾਅਦ, ਅਗਨੀਵੇਸ਼ ਨਿਊਯਾਰਕ ਦੇ ਮਾਊਂਟ ਸੀਨਾਈ ਹਸਪਤਾਲ ਵਿੱਚ ਇਲਾਜ ਕਰਵਾ ਰਿਹਾ ਸੀ ਅਤੇ ਉਸਦੀ ਸਿਹਤ ਵਿੱਚ ਚੰਗਾ ਸੁਧਾਰ ਹੋ ਰਿਹਾ ਸੀ। ਪਿਤਾ ਨੂੰ ਲੱਗਿਆ ਸੀ ਕਿ ਸਭ ਤੋਂ ਬੁਰਾ ਸਮਾਂ ਬੀਤ ਚੁੱਕਾ ਹੈ।
ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ
ਅਨਿਲ ਅਗਰਵਾਲ ਨੇ ਦੱਸਿਆ ਕਿ ਸੁਧਾਰ ਦੇ ਬਾਵਜੂਦ, ਅਚਾਨਕ ਆਏ ਦਿਲ ਦੇ ਦੌਰੇ ਨੇ ਉਨ੍ਹਾਂ ਦੇ ਪੁੱਤਰ ਨੂੰ ਉਨ੍ਹਾਂ ਤੋਂ ਹਮੇਸ਼ਾ ਲਈ ਖੋਹ ਲਿਆ।
ਉਨ੍ਹਾਂ ਨੇ ਪਿਤਾ ਦੇ ਦਰਦ ਨੂੰ ਜ਼ਾਹਰ ਕਰਦਿਆਂ ਕਿਹਾ ਕਿ ਕੋਈ ਵੀ ਸ਼ਬਦ ਉਸ ਦਰਦ ਨੂੰ ਬਿਆਨ ਨਹੀਂ ਕਰ ਸਕਦਾ, ਜੋ ਇੱਕ ਮਾਤਾ-ਪਿਤਾ ਉਦੋਂ ਮਹਿਸੂਸ ਕਰਦੇ ਹਨ ਜਦੋਂ ਉਨ੍ਹਾਂ ਨੂੰ ਆਪਣੇ ਬੱਚੇ ਨੂੰ ਹਮੇਸ਼ਾ ਲਈ ਅਲਵਿਦਾ ਕਹਿਣਾ ਪਵੇ। "ਇੱਕ ਪੁੱਤ ਨੂੰ ਪਿਤਾ ਤੋਂ ਪਹਿਲਾਂ ਨਹੀਂ ਜਾਣਾ ਚਾਹੀਦਾ," ਉਨ੍ਹਾਂ ਨੇ ਲਿਖਿਆ। ਅਨਿਲ ਅਗਰਵਾਲ ਨੇ ਕਿਹਾ ਕਿ ਇਸ ਨੁਕਸਾਨ ਨੇ ਉਨ੍ਹਾਂ ਨੂੰ ਇਸ ਤਰ੍ਹਾਂ ਤੋੜ ਦਿੱਤਾ ਹੈ, ਜਿਸ ਨੂੰ ਉਹ ਅਜੇ ਪੂਰੀ ਤਰ੍ਹਾਂ ਸਮਝ ਵੀ ਨਹੀਂ ਪਾ ਰਹੇ ਹਨ।
ਅਗਨੀਵੇਸ਼ ਅਗਰਵਾਲ ਦਾ ਅਚਾਨਕ ਦਿਹਾਂਤ ਵੇਦਾਂਤਾ ਸਮੂਹ ਅਤੇ ਕਾਰਪੋਰੇਟ ਜਗਤ ਲਈ ਇੱਕ ਵੱਡਾ ਘਾਟਾ ਹੈ।
Get all latest content delivered to your email a few times a month.