ਤਾਜਾ ਖਬਰਾਂ
ਚੰਡੀਗੜ੍ਹ ਯੂਨੀਵਰਸਿਟੀ, ਘੜੂੰਆਂ ਦੇ ਖੇਡ ਮੈਦਾਨਾਂ ਵਿੱਚ ਚੱਲ ਰਹੀ ਆਲ ਇੰਡੀਆ ਇੰਟਰ ਯੂਨੀਵਰਸਿਟੀ (ਏਆਈਯੂ) ਕੁਸ਼ਤੀ ਚੈਂਪੀਅਨਸ਼ਿਪ ਫਾਰ ਮੈਨਜ਼ (ਫਰੀਸਟਾਈਲ ਅਤੇ ਗ੍ਰੀਕੋ–ਰੋਮਨ) ਦੇ ਮੁਕਾਬਲੇ ਵੀਰਵਾਰ ਨੂੰ ਚੌਥੇ ਦਿਨ ਵਿੱਚ ਦਾਖ਼ਲ ਹੋ ਗਏ। ਐਸੋਸੀਏਸ਼ਨ ਆਫ਼ ਇੰਡੀਅਨ ਯੂਨੀਵਰਸਿਟੀਜ਼ ਵੱਲੋਂ ਕਰਵਾਏ ਜਾ ਰਹੇ ਪੰਜ ਦਿਨਾਂ ਦੇ ਇਸ ਵੱਡੇ ਖੇਡ ਮੇਲੇ ਵਿੱਚ ਦੇਸ਼ ਭਰ ਦੀਆਂ 218 ਤੋਂ ਵੱਧ ਯੂਨੀਵਰਸਿਟੀਆਂ ਦੇ 2700 ਤੋਂ ਜ਼ਿਆਦਾ ਪਹਿਲਵਾਨ ਹਿੱਸਾ ਲੈ ਰਹੇ ਹਨ।
ਹੁਣ ਤੱਕ ਫਰੀਸਟਾਈਲ ਅਤੇ ਗ੍ਰੀਕੋ–ਰੋਮਨ ਦੋਵਾਂ ਸ਼੍ਰੇਣੀਆਂ ਦੇ 20 ਭਾਰ ਵਰਗਾਂ ਵਿੱਚ 1500 ਤੋਂ ਵੱਧ ਰੋਮਾਂਚਕ ਮੁਕਾਬਲੇ ਕਰਵਾਏ ਜਾ ਚੁੱਕੇ ਹਨ। ਹਰ ਮੁਕਾਬਲੇ ਵਿੱਚ ਦੇਸ਼ ਦੇ ਕੋਨੇ–ਕੋਨੇ ਤੋਂ ਆਏ ਪਹਿਲਵਾਨ ਆਪਣੀ ਤਾਕਤ, ਫੁਰਤੀ ਅਤੇ ਤਕਨੀਕ ਦਾ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ।
ਚੈਂਪੀਅਨਸ਼ਿਪ ਦੀ ਸ਼ੁਰੂਆਤ ਮੌਕੇ ਸਾਬਕਾ ਭਾਰਤੀ ਪਹਿਲਵਾਨ, ਓਲੰਪਿਕ ਮੈਡਲ ਜੇਤੂ, ਅਰਜੁਨਾ ਅਵਾਰਡੀ, ਖੇਡ ਰਤਨ ਅਤੇ ਪਦਮਸ਼੍ਰੀ ਨਾਲ ਸਨਮਾਨਿਤ ਯੋਗੇਸ਼ਵਰ ਦੱਤ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਦੇ ਨਾਲ ਸਾਬਕਾ ਭਾਰਤੀ ਕਬੱਡੀ ਖਿਡਾਰੀ ਅਤੇ ਅਰਜੁਨਾ ਅਵਾਰਡੀ ਮਨਜੀਤ ਛਿੱਲਰ ਨੇ ਵਿਸ਼ੇਸ਼ ਮਹਿਮਾਨ ਵਜੋਂ ਮੁਕਾਬਲਿਆਂ ਦੀ ਸ਼ਾਨ ਵਧਾਈ।
ਚੰਡੀਗੜ੍ਹ ਯੂਨੀਵਰਸਿਟੀ ਦੇ ਪਹਿਲਵਾਨਾਂ ਨੇ ਵੱਖ–ਵੱਖ ਭਾਰ ਵਰਗਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਯੂਨੀਵਰਸਿਟੀ ਦਾ ਨਾਮ ਰੌਸ਼ਨ ਕੀਤਾ। 65 ਕਿਲੋਗ੍ਰਾਮ ਫਰੀਸਟਾਈਲ ਦੇ ਫਾਈਨਲ ਵਿੱਚ ਸੀਯੂ ਦੇ ਦੀਪਾਂਸ਼ੂ ਨੇ ਪੀਯੂ ਚੰਡੀਗੜ੍ਹ ਦੇ ਸਚਿਨ ਨੂੰ 10–0 ਨਾਲ ਹਰਾ ਕੇ ਸੋਨੇ ਦਾ ਤਮਗਾ ਜਿੱਤਿਆ। ਇਸੇ ਭਾਰ ਵਰਗ ਵਿੱਚ ਐੱਮਡੀਯੂ ਹਰਿਆਣਾ ਦੇ ਰੋਹਿਤ ਨੇ ਭਾਰਤੀ ਵਿਦਿਆਪੀਠ ਯੂਨੀਵਰਸਿਟੀ, ਮਹਾਰਾਸ਼ਟਰ ਦੇ ਆਦਰਸ਼ ਨੂੰ 11–0 ਨਾਲ ਹਰਾਕੇ ਕਾਂਸੀ ਦਾ ਤਮਗਾ ਹਾਸਲ ਕੀਤਾ।
79 ਕਿਲੋਗ੍ਰਾਮ ਫਰੀਸਟਾਈਲ ਸ਼੍ਰੇਣੀ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਦੇ ਪਾਰਸ ਨੇ ਐੱਮਐੱਸਬੀਯੂ ਰਾਜਸਥਾਨ ਦੇ ਅੰਕਿਤ ਨੂੰ 11–8 ਦੇ ਕਰੀਬੀ ਮੁਕਾਬਲੇ ਵਿੱਚ ਹਰਾ ਕੇ ਸੋਨਾ ਆਪਣੇ ਨਾਮ ਕੀਤਾ। ਇਸ ਵਰਗ ਵਿੱਚ ਸਿੰਘਾਨੀਆ ਯੂਨੀਵਰਸਿਟੀ ਦੇ ਵਿਜੇ ਅਤੇ ਸੀਬੀਐਲਯੂ ਹਰਿਆਣਾ ਦੇ ਅਮਿਤ ਨੂੰ ਕਾਂਸੀ ਦੇ ਤਮਗਿਆਂ ਨਾਲ ਸੰਤੁਸ਼ਟ ਰਹਿਣਾ ਪਿਆ।
ਗ੍ਰੀਕੋ–ਰੋਮਨ ਸ਼੍ਰੇਣੀ ਦੇ 60 ਕਿਲੋਗ੍ਰਾਮ ਵਰਗ ਵਿੱਚ ਸੀਯੂ ਦੇ ਕਪਿਲ ਦਲਾਲ ਨੇ ਬੀਐੱਮਯੂ ਹਰਿਆਣਾ ਦੇ ਸਾਹਿਲ ਨੂੰ 15–7 ਨਾਲ ਹਰਾਕੇ ਸੋਨੇ ਦਾ ਤਮਗਾ ਜਿੱਤਿਆ, ਜਦਕਿ ਐੱਲਪੀਯੂ ਪੰਜਾਬ ਦੇ ਸ਼ੁਭਮ ਸ਼ਰਮਾ ਅਤੇ ਡੀਆਰਐੱਸਪੀਐੱਮ ਝਾਰਖੰਡ ਦੇ ਅਭਿਸ਼ੇਕ ਕੁਮਾਰ ਨੇ ਕਾਂਸੀ ਦੇ ਤਮਗੇ ਹਾਸਲ ਕੀਤੇ।
97 ਕਿਲੋਗ੍ਰਾਮ ਗ੍ਰੀਕੋ–ਰੋਮਨ ਸ਼੍ਰੇਣੀ ਦੇ ਫਾਈਨਲ ਵਿੱਚ ਆਈਪੀ ਯੂਨੀਵਰਸਿਟੀ ਦੇ ਬਿੰਦੂ ਨੂੰ ਪੀਯੂ ਦੇ ਜਸਕਰਨ ਵਿਰੁੱਧ ਵਾਕਓਵਰ ਮਿਲਣ ਕਾਰਨ ਬਿਨਾਂ ਖੇਡਿਆਂ ਹੀ ਜੇਤੂ ਕਰਾਰ ਦਿੱਤਾ ਗਿਆ। ਇਸ ਸ਼੍ਰੇਣੀ ਵਿੱਚ ਯੂਨੀਵਰਸਿਟੀ ਆਫ਼ ਟੈਕਨਾਲੋਜੀ ਜੈਪੁਰ ਦੇ ਨਿਸ਼ਾਂਤ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਸੋਨੂੰ ਨੇ ਕਾਂਸੀ ਦੇ ਤਮਗੇ ਜਿੱਤੇ।
125 ਕਿਲੋਗ੍ਰਾਮ ਫਰੀਸਟਾਈਲ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਦੇ ਲੱਕੀ ਨੇ ਲਗਾਤਾਰ ਸ਼ਾਨਦਾਰ ਜਿੱਤਾਂ ਦਰਜ ਕਰਦਿਆਂ ਸੈਮੀਫਾਈਨਲ ਤੱਕ ਦਾ ਸਫ਼ਰ ਤੈਅ ਕੀਤਾ ਅਤੇ ਆਪਣੇ ਮੁਕਾਬਲਿਆਂ ਵਿੱਚ ਵੱਡੇ ਅੰਤਰ ਨਾਲ ਵਿਰੋਧੀਆਂ ਨੂੰ ਮਾਤ ਦਿੱਤੀ। ਇਸ ਦੇ ਨਾਲ ਹੀ ਹੋਰ ਕਈ ਭਾਰ ਵਰਗਾਂ ਵਿੱਚ ਵੀ ਵੱਖ–ਵੱਖ ਯੂਨੀਵਰਸਿਟੀਆਂ ਦੇ ਪਹਿਲਵਾਨਾਂ ਨੇ ਰੌਣਕਦਾਰ ਮੁਕਾਬਲੇ ਪੇਸ਼ ਕੀਤੇ।
ਇਸ ਮੌਕੇ ਚੰਡੀਗੜ੍ਹ ਯੂਨੀਵਰਸਿਟੀ ਦੇ ਸੀਨੀਅਰ ਮੈਨੇਜਿੰਗ ਡਾਇਰੈਕਟਰ ਦੀਪਇੰਦਰ ਸਿੰਘ ਸੰਧੂ ਨੇ ਕਿਹਾ ਕਿ ਕੁਸ਼ਤੀ ਸਿਰਫ਼ ਖੇਡ ਨਹੀਂ, ਸਗੋਂ ਭਾਰਤੀ ਸੱਭਿਆਚਾਰ ਅਤੇ ਵਿਰਾਸਤ ਦਾ ਅਹਿਮ ਹਿੱਸਾ ਹੈ। ਯੂਨੀਵਰਸਿਟੀ ਨੌਜਵਾਨਾਂ ਨੂੰ ਰਵਾਇਤੀ ਖੇਡਾਂ ਨਾਲ ਜੋੜਨ ਅਤੇ ਉਨ੍ਹਾਂ ਨੂੰ ਅੰਤਰਰਾਸ਼ਟਰੀ ਪੱਧਰ ਤੱਕ ਲਿਜਾਣ ਲਈ ਵਚਨਬੱਧ ਹੈ।
ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਯੂਨੀਵਰਸਿਟੀ ਨੇ ਸਾਲ 2024 ਵਿੱਚ ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼ ਵਿੱਚ 71 ਮੈਡਲ ਜਿੱਤ ਕੇ ਮੌਲਾਨਾ ਅਬੁਲ ਕਲਾਮ ਆਜ਼ਾਦ ਟਰਾਫੀ ਹਾਸਲ ਕੀਤੀ ਅਤੇ ਇਹ ਉਪਲਬਧੀ ਪ੍ਰਾਪਤ ਕਰਨ ਵਾਲੀ ਦੇਸ਼ ਦੀ ਪਹਿਲੀ ਪ੍ਰਾਈਵੇਟ ਯੂਨੀਵਰਸਿਟੀ ਬਣੀ। ਇਸ ਦੇ ਨਾਲ ਹੀ ਯੂਨੀਵਰਸਿਟੀ ਆਪਣੇ ਵਿਦਿਆਰਥੀ ਅਥਲੀਟਾਂ ਨੂੰ ਵਿਸ਼ਵ ਪੱਧਰੀ ਸਹੂਲਤਾਂ, ਸਕਾਲਰਸ਼ਿਪ, ਕੋਚਿੰਗ ਅਤੇ ਹੋਰ ਸਹਾਇਕ ਸਹੂਲਤਾਂ ਪ੍ਰਦਾਨ ਕਰ ਰਹੀ ਹੈ, ਜਿਸ ਨਾਲ ਭਵਿੱਖ ਦੇ ਚੈਂਪੀਅਨ ਤਿਆਰ ਹੋ ਰਹੇ ਹਨ।
Get all latest content delivered to your email a few times a month.