ਤਾਜਾ ਖਬਰਾਂ
ਜ਼ਿਲ੍ਹੇ ਦੇ ਪਿੰਡ ਫਤਿਹਗੜ੍ਹ ਕੋਰੋਟਾਣਾ ਵਿੱਚ ਦੋ ਧਿਰਾਂ ਵਿਚਾਲੇ ਚੱਲ ਰਹੀ ਲੰਬੀ ਦੁਸ਼ਮਣੀ ਨੇ ਬੁੱਧਵਾਰ ਰਾਤ ਨੂੰ ਖ਼ੂਨੀ ਰੂਪ ਧਾਰਨ ਕਰ ਲਿਆ। ਇਸ ਭਿਆਨਕ ਹਮਲੇ ਦੌਰਾਨ ਇੱਕ ਨੌਜਵਾਨ ਲਵਪ੍ਰੀਤ ਸਿੰਘ (25) ਦੀ ਮੌਤ ਹੋ ਗਈ, ਜਦੋਂ ਕਿ ਉਸਦਾ ਸਾਥੀ ਦਿਲਪ੍ਰੀਤ ਸਿੰਘ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ।
ਮੇਲੇ ਤੋਂ ਪਰਤਦਿਆਂ ਹੋਇਆ ਹਮਲਾ
ਪ੍ਰਾਪਤ ਜਾਣਕਾਰੀ ਅਨੁਸਾਰ, ਲਵਪ੍ਰੀਤ ਅਤੇ ਦਿਲਪ੍ਰੀਤ ਬੁੱਧਵਾਰ ਰਾਤ ਨੂੰ ਕਰੀਬ 9:30 ਵਜੇ ਮੋਗਾ ਵਿੱਚ ਇੱਕ ਮੇਲਾ ਵੇਖ ਕੇ ਆਪਣੇ ਮੋਟਰਸਾਈਕਲ 'ਤੇ ਵਾਪਸ ਘਰ ਪਰਤ ਰਹੇ ਸਨ। ਜਦੋਂ ਉਹ ਕੋਰੋਟਾਣਾ ਦੇ ਇਲਾਕੇ ਵਿੱਚ ਪਹੁੰਚੇ ਤਾਂ ਪਿੱਛੋਂ ਤੇਜ਼ ਰਫ਼ਤਾਰ ਨਾਲ ਆ ਰਹੀ ਇੱਕ ਕਾਰ ਨੇ ਉਨ੍ਹਾਂ ਦੇ ਵਾਹਨ ਨੂੰ ਜ਼ਬਰਦਸਤੀ ਟੱਕਰ ਮਾਰੀ। ਮੋਟਰਸਾਈਕਲ ਡਿੱਗਦੇ ਹੀ ਕਾਰ ਸਵਾਰ ਨੌਜਵਾਨਾਂ ਨੇ ਹਥਿਆਰਾਂ ਨਾਲ ਦੋਵਾਂ 'ਤੇ ਹਮਲਾ ਕਰ ਦਿੱਤਾ।
ਹਮਲਾਵਰਾਂ ਨੇ ਲਵਪ੍ਰੀਤ ਸਿੰਘ ਨੂੰ ਬੇਰਹਿਮੀ ਨਾਲ ਕੁੱਟਿਆ। ਇਸ ਕੁੱਟਮਾਰ ਦੌਰਾਨ ਉਹ ਇੰਨਾ ਜ਼ਖ਼ਮੀ ਹੋ ਗਿਆ ਕਿ ਮੌਕੇ 'ਤੇ ਹੀ ਉਸਦੀ ਹਾਲਤ ਵਿਗੜ ਗਈ।
ਇਲਾਜ ਦੌਰਾਨ ਹੋਈ ਮੌਤ
ਜ਼ਖ਼ਮੀ ਹਾਲਤ ਵਿੱਚ ਦੋਵਾਂ ਦੋਸਤਾਂ ਨੂੰ ਤੁਰੰਤ ਕੋਟ ਈਸੇ ਖਾਂ ਦੇ ਹਸਪਤਾਲ ਪਹੁੰਚਾਇਆ ਗਿਆ। ਪਰ ਹਾਲਤ ਦੀ ਨਾਜ਼ੁਕਤਾ ਨੂੰ ਦੇਖਦਿਆਂ ਡਾਕਟਰਾਂ ਨੇ ਉਨ੍ਹਾਂ ਨੂੰ ਮੋਗਾ ਸਿਵਲ ਹਸਪਤਾਲ ਲਈ ਰੈਫ਼ਰ ਕਰ ਦਿੱਤਾ। ਦੱਸਿਆ ਜਾਂਦਾ ਹੈ ਕਿ ਲਵਪ੍ਰੀਤ ਸਿੰਘ ਨੇ ਇਲਾਜ ਦੌਰਾਨ ਹੀ ਦਮ ਤੋੜ ਦਿੱਤਾ, ਜਦੋਂ ਕਿ ਦਿਲਪ੍ਰੀਤ ਸਿੰਘ ਜੇਰੇ ਇਲਾਜ ਹੈ ਅਤੇ ਉਸਦੀ ਹਾਲਤ ਅਜੇ ਵੀ ਖ਼ਤਰੇ ਤੋਂ ਬਾਹਰ ਨਹੀਂ ਹੈ।
ਪੁਲਿਸ ਨੇ ਦਰਜ ਕੀਤਾ ਕੇਸ
ਮ੍ਰਿਤਕ ਲਵਪ੍ਰੀਤ ਦੇ ਭਰਾ ਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਦੀ ਦੋਸ਼ੀਆਂ ਨਾਲ ਲੰਬੇ ਸਮੇਂ ਤੋਂ ਦੁਸ਼ਮਣੀ ਚੱਲ ਰਹੀ ਸੀ। ਪਰਿਵਾਰ ਨੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਘਟਨਾ ਦੀ ਪੁਸ਼ਟੀ ਕਰਦਿਆਂ ਡੀਐਸਪੀ ਧਰਮਕੋਟ ਜਸਵਿੰਦਰ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਮ੍ਰਿਤਕ ਅਤੇ ਹਮਲਾਵਰਾਂ ਦਰਮਿਆਨ ਪੁਰਾਣਾ ਤਕਰਾਰ ਚੱਲ ਰਿਹਾ ਸੀ। ਉਨ੍ਹਾਂ ਇਹ ਵੀ ਖੁਲਾਸਾ ਕੀਤਾ ਕਿ ਲਵਪ੍ਰੀਤ ਸਿੰਘ 'ਤੇ ਪਹਿਲਾਂ ਵੀ ਹਿੰਸਕ ਝਗੜਿਆਂ ਦੇ ਕੇਸ ਦਰਜ ਸਨ। ਪੁਲਿਸ ਨੇ ਲਵਪ੍ਰੀਤ ਦੇ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ।
Get all latest content delivered to your email a few times a month.