ਤਾਜਾ ਖਬਰਾਂ
ਭਾਰਤੀ ਸਿਨੇਮਾ ਲਈ ਆਸਕਰ ਅਵਾਰਡ 2026 ਦੀ ਦੌੜ ਕਾਫ਼ੀ ਉਮੀਦਾਂ ਨਾਲ ਭਰੀ ਹੋਈ ਨਜ਼ਰ ਆ ਰਹੀ ਹੈ। 2025 ਦੀਆਂ ਸਭ ਤੋਂ ਚਰਚਿਤ ਅਤੇ ਕਾਮਯਾਬ ਫਿਲਮਾਂ ਵਿੱਚ ਸ਼ਾਮਲ ਰਿਸ਼ਭ ਸ਼ੈੱਟੀ ਦੀ ‘ਕਾਂਤਾਰਾ: ਚੈਪਟਰ 1’ ਅਤੇ ਅਨੁਪਮ ਖੇਰ ਦੀ ਨਿਰਦੇਸ਼ਿਤ ਫਿਲਮ ‘ਤਨਵੀ: ਦ ਗ੍ਰੇਟ’ ਨੇ ਅਕੈਡਮੀ ਅਵਾਰਡਜ਼ ਦੀ ਜਨਰਲ ਐਂਟਰੀ ਸੂਚੀ ਵਿੱਚ ਆਪਣੀ ਥਾਂ ਬਣਾ ਲਈ ਹੈ।
‘ਕਾਂਤਾਰਾ: ਚੈਪਟਰ 1’, ਜੋ 2 ਅਕਤੂਬਰ 2025 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ, ਨੇ ਵਿਸ਼ਵ ਭਰ ਵਿੱਚ ₹850 ਕਰੋੜ ਤੋਂ ਵੱਧ ਦਾ ਕਾਰੋਬਾਰ ਕਰਕੇ 2025 ਦੀ ਦੂਜੀ ਸਭ ਤੋਂ ਵੱਡੀ ਭਾਰਤੀ ਫਿਲਮ ਬਣਨ ਦਾ ਦਰਜਾ ਹਾਸਲ ਕੀਤਾ। ਫਿਲਮ ਨੂੰ ਆਲੋਚਕਾਂ ਵੱਲੋਂ ਸ਼ਾਨਦਾਰ ਸਮੀਖਿਆਵਾਂ ਮਿਲੀਆਂ, ਜਦਕਿ ਦਰਸ਼ਕਾਂ ਨੇ ਵੀ ਇਸ ਦੀ ਕਹਾਣੀ, ਸਾਂਸਕ੍ਰਿਤਿਕ ਪਿਛੋਕੜ ਅਤੇ ਰਿਸ਼ਭ ਸ਼ੈੱਟੀ ਦੀ ਅਦਾਕਾਰੀ ਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ। ਹੁਣ ਇਹ ਫਿਲਮ ਆਸਕਰ ਦੀ ਦੌੜ ਵਿੱਚ ਸ਼ਾਮਲ ਹੋ ਕੇ ਭਾਰਤ ਲਈ ਇੱਕ ਹੋਰ ਵੱਡੀ ਉਮੀਦ ਬਣ ਗਈ ਹੈ।
ਇਸਦੇ ਨਾਲ ਹੀ ਅਨੁਪਮ ਖੇਰ ਦੀ ‘ਤਨਵੀ: ਦ ਗ੍ਰੇਟ’ ਨੇ ਵੀ ਆਸਕਰ ਦੀ ਜਨਰਲ ਸ਼੍ਰੇਣੀ ਵਿੱਚ ਦਾਖ਼ਲ ਹੋ ਕੇ ਧਿਆਨ ਖਿੱਚਿਆ ਹੈ। ਅਨੁਪਮ ਖੇਰ ਨੇ ਫਿਲਮ ਵਿੱਚ ਮੁੱਖ ਭੂਮਿਕਾ ਨਿਭਾਉਣ ਦੇ ਨਾਲ-ਨਾਲ ਇਸਦਾ ਨਿਰਦੇਸ਼ਨ ਵੀ ਕੀਤਾ ਹੈ। ਫਿਲਮ ਇੱਕ ਔਟਿਜ਼ਮ ਨਾਲ ਪੀੜਤ ਕੁੜੀ ਦੀ ਸੰਵੇਦਨਸ਼ੀਲ ਕਹਾਣੀ ਹੈ, ਜੋ ਆਪਣੇ ਸ਼ਹੀਦ ਪਿਤਾ ਦੇ ਨਕਸ਼ੇ-ਕਦਮਾਂ ‘ਤੇ ਚਲਦਿਆਂ ਫੌਜ ਵਿੱਚ ਸ਼ਾਮਲ ਹੋਣ ਦਾ ਸੁਪਨਾ ਦੇਖਦੀ ਹੈ। ਫਿਲਮ ਦੀ ਭਾਵਨਾਤਮਕ ਗਹਿਰਾਈ ਅਤੇ ਸਮਾਜਿਕ ਸੰਦੇਸ਼ ਨੂੰ ਦਰਸ਼ਕਾਂ ਅਤੇ ਸਮੀਖਿਆਕਾਰਾਂ ਵੱਲੋਂ ਖੂਬ ਸਹਿਰਾਇਆ ਗਿਆ।
ਅਕੈਡਮੀ ਵੱਲੋਂ ਜਾਰੀ ਕੀਤੀ ਜਾਣਕਾਰੀ ਅਨੁਸਾਰ, ਕੁੱਲ 317 ਫੀਚਰ ਫਿਲਮਾਂ 98ਵੇਂ ਅਕੈਡਮੀ ਅਵਾਰਡਜ਼ ਲਈ ਯੋਗ ਕਰਾਰ ਦਿੱਤੀਆਂ ਗਈਆਂ ਹਨ। ਇਨ੍ਹਾਂ ਵਿੱਚੋਂ 201 ਫਿਲਮਾਂ ਸਰਵੋਤਮ ਫ਼ਿਲਮ ਸ਼੍ਰੇਣੀ ਲਈ ਲੋੜੀਂਦੇ ਵਾਧੂ ਮਾਪਦੰਡਾਂ ‘ਤੇ ਖਰੀ ਉਤਰੀਆਂ ਹਨ।
ਜਨਰਲ ਐਂਟਰੀ ਸ਼੍ਰੇਣੀ ਵਿੱਚ ਸ਼ਾਮਲ ਹੋਣ ਲਈ ਫਿਲਮਾਂ ਦਾ 1 ਜਨਵਰੀ ਤੋਂ 31 ਦਸੰਬਰ 2025 ਦੇ ਦਰਮਿਆਨ ਅਮਰੀਕਾ ਦੇ ਛੇ ਵੱਡੇ ਮਹਾਂਨਗਰਾਂ—ਲਾਸ ਏਂਜਲਸ ਕਾਉਂਟੀ, ਨਿਊਯਾਰਕ ਸਿਟੀ, ਬੇ ਏਰੀਆ, ਸ਼ਿਕਾਗੋ, ਡੱਲਾਸ-ਫੋਰਟ ਵਰਥ ਜਾਂ ਅਟਲਾਂਟਾ—ਵਿੱਚੋਂ ਕਿਸੇ ਇੱਕ ਥੀਏਟਰ ਵਿੱਚ ਘੱਟੋ-ਘੱਟ ਸੱਤ ਲਗਾਤਾਰ ਦਿਨਾਂ ਲਈ ਰਿਲੀਜ਼ ਹੋਣਾ ਲਾਜ਼ਮੀ ਹੁੰਦਾ ਹੈ।
ਸਰਵੋਤਮ ਫ਼ਿਲਮ ਦੀ ਦਾਅਵੇਦਾਰੀ ਲਈ, ਫਿਲਮਾਂ ਨੂੰ ਅਕੈਡਮੀ ਦੇ ਆਮ ਯੋਗਤਾ ਨਿਯਮਾਂ ਦੇ ਨਾਲ-ਨਾਲ RAISE (Representation and Inclusion Standards Entry) ਫਾਰਮ ਜਮ੍ਹਾ ਕਰਵਾਉਣਾ ਹੁੰਦਾ ਹੈ ਅਤੇ ਚਾਰ ਸਮਾਵੇਸ਼ ਮਾਪਦੰਡਾਂ ਵਿੱਚੋਂ ਘੱਟੋ-ਘੱਟ ਦੋ ਨੂੰ ਪੂਰਾ ਕਰਨਾ ਲਾਜ਼ਮੀ ਹੁੰਦਾ ਹੈ।
98ਵਾਂ ਅਕੈਡਮੀ ਅਵਾਰਡ ਸਮਾਰੋਹ 15 ਮਾਰਚ 2026 ਨੂੰ ਹੋਵੇਗਾ, ਜਿਸ ਵਿੱਚ ਕੁੱਲ 24 ਸ਼੍ਰੇਣੀਆਂ ਵਿੱਚ ਇਨਾਮ ਦਿੱਤੇ ਜਾਣਗੇ। ਜਿੱਥੇ ਜ਼ਿਆਦਾਤਰ ਸ਼੍ਰੇਣੀਆਂ ਵਿੱਚ ਪੰਜ ਨਾਮਜ਼ਦਗੀਆਂ ਹੁੰਦੀਆਂ ਹਨ, ਉੱਥੇ ਹੀ ਸਰਵੋਤਮ ਫ਼ਿਲਮ ਸ਼੍ਰੇਣੀ ਵਿੱਚ 10 ਨਾਮਜ਼ਦਗੀਆਂ ਕੀਤੀਆਂ ਜਾਣਗੀਆਂ।
ਭਾਰਤੀ ਸਿਨੇਮਾ ਲਈ ਇਹ ਦੋਵੇਂ ਫਿਲਮਾਂ ਆਸਕਰ ਮੰਚ ‘ਤੇ ਮਜ਼ਬੂਤ ਦਾਅਵੇਦਾਰ ਮੰਨੀ ਜਾ ਰਹੀਆਂ ਹਨ, ਜੋ ਅੰਤਰਰਾਸ਼ਟਰੀ ਪੱਧਰ ‘ਤੇ ਦੇਸ਼ ਦੀ ਸਿਨੇਮਾਈ ਪਛਾਣ ਨੂੰ ਹੋਰ ਮਜ਼ਬੂਤ ਕਰ ਸਕਦੀਆਂ ਹਨ।
Get all latest content delivered to your email a few times a month.