ਤਾਜਾ ਖਬਰਾਂ
ਪੰਜਾਬ ਦੇ ਸਾਬਕਾ ਉੱਚ ਪੁਲਿਸ ਅਧਿਕਾਰੀ (ਆਈ.ਜੀ.) ਅਮਰ ਸਿੰਘ ਚਾਹਲ ਨਾਲ ਹੋਈ ਕਰੋੜਾਂ ਦੀ ਧੋਖਾਧੜੀ ਦੇ ਮਾਮਲੇ ਵਿੱਚ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇਸ ਬਹੁ-ਚਰਚਿਤ ਕੇਸ ਵਿੱਚ ਨਾਮਜ਼ਦ ਮੁੰਬਈ ਦੇ ਵਸਨੀਕ ਚੰਦਰਕਾਂਤ ਦੀ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਪੁਲਿਸ ਵੱਲੋਂ ਇਸ ਮੁਲਜ਼ਮ ਨੂੰ ਹਾਲ ਹੀ ਵਿੱਚ ਮਹਾਰਾਸ਼ਟਰ ਤੋਂ ਗ੍ਰਿਫ਼ਤਾਰ ਕਰਕੇ ਪੰਜਾਬ ਲਿਆਂਦਾ ਗਿਆ ਸੀ।
ਜਾਂਚ ਏਜੰਸੀਆਂ ਮੁਤਾਬਕ 48 ਸਾਲਾ ਚੰਦਰਕਾਂਤ ਇਸ ਪੂਰੇ ਅੰਤਰਰਾਸ਼ਟਰੀ ਠੱਗੀ ਨੈੱਟਵਰਕ ਦੀ ਇੱਕ ਅਹਿਮ ਕੜੀ ਸੀ। ਉਹ ਕਥਿਤ ਤੌਰ 'ਤੇ ਫਰਜ਼ੀ ਸਿਮ ਕਾਰਡ ਐਕਟੀਵੇਟ ਕਰਕੇ ਦੁਬਈ ਬੈਠੇ ਮਾਸਟਰਮਾਈਂਡ ਅਤੇ ਹੋਰ ਦੋਸ਼ੀਆਂ ਨੂੰ ਸਪਲਾਈ ਕਰਦਾ ਸੀ। ਇਹਨਾਂ ਹੀ ਸਿਮਾਂ ਰਾਹੀਂ 8.10 ਕਰੋੜ ਰੁਪਏ ਦੇ ਇਸ ਵੱਡੇ ਘੁਟਾਲੇ ਨੂੰ ਅੰਜਾਮ ਦਿੱਤਾ ਗਿਆ ਸੀ।
ਗ੍ਰਿਫ਼ਤਾਰੀ ਤੋਂ ਬਾਅਦ ਵਿਗੜੀ ਸੀ ਸਿਹਤ
ਪੁਲਿਸ ਸੂਤਰਾਂ ਅਨੁਸਾਰ ਚੰਦਰਕਾਂਤ ਪੁਰਾਣੀਆਂ ਬਿਮਾਰੀਆਂ (ਸ਼ੂਗਰ ਤੇ ਬਲੱਡ ਪ੍ਰੈਸ਼ਰ) ਤੋਂ ਪੀੜਤ ਸੀ। 3 ਜਨਵਰੀ ਨੂੰ ਟ੍ਰਾਂਜ਼ਿਟ ਰਿਮਾਂਡ 'ਤੇ ਪਟਿਆਲਾ ਪਹੁੰਚਣ ਤੋਂ ਬਾਅਦ ਹੀ ਉਸ ਦੀ ਤਬੀਅਤ ਨਾਸਾਜ਼ ਰਹਿਣ ਲੱਗੀ। ਹਾਲਾਂਕਿ ਅਦਾਲਤ ਨੇ ਉਸ ਨੂੰ 8 ਜਨਵਰੀ ਤੱਕ ਪੁਲਿਸ ਹਿਰਾਸਤ ਵਿੱਚ ਭੇਜਿਆ ਸੀ, ਪਰ 5 ਜਨਵਰੀ ਨੂੰ ਸ਼ੂਗਰ ਲੈਵਲ ਜ਼ਿਆਦਾ ਵਧਣ ਕਾਰਨ ਉਸ ਨੂੰ ਤੁਰੰਤ ਹਸਪਤਾਲ ਦਾਖ਼ਲ ਕਰਵਾਉਣਾ ਪਿਆ, ਜਿੱਥੇ ਉਸ ਨੇ ਆਖਰੀ ਸਾਹ ਲਏ।
ਬੀਤੇ ਦਿਨੀਂ ਮੁਲਜ਼ਮ ਦੇ ਵਕੀਲ ਨੇ ਸਿਹਤ ਦੇ ਅਧਾਰ 'ਤੇ ਜ਼ਮਾਨਤ ਦੀ ਮੰਗ ਵੀ ਕੀਤੀ ਸੀ, ਪਰ ਅਦਾਲਤ ਕੋਲ ਮੈਡੀਕਲ ਰਿਕਾਰਡ ਪਹੁੰਚਣ ਤੋਂ ਪਹਿਲਾਂ ਹੀ ਇਹ ਭਾਣਾ ਵਰਤ ਗਿਆ। ਪੁਲਿਸ ਪ੍ਰਸ਼ਾਸਨ ਮੁਤਾਬਕ:
ਮ੍ਰਿਤਕ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਸ਼ਨੀਵਾਰ ਨੂੰ ਡਾਕਟਰਾਂ ਦਾ ਪੈਨਲ ਵੀਡੀਓਗ੍ਰਾਫੀ ਦੇ ਹੇਠ ਪੋਸਟਮਾਰਟਮ ਕਰੇਗਾ।
ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦੀ ਪੁਸ਼ਟੀ ਹੋਵੇਗੀ।
Get all latest content delivered to your email a few times a month.