ਤਾਜਾ ਖਬਰਾਂ
ਭਾਰਤ ਅਤੇ ਸ਼੍ਰੀਲੰਕਾ ਦੀ ਸਾਂਝੀ ਮੇਜ਼ਬਾਨੀ ਵਿੱਚ ਹੋਣ ਵਾਲੇ ਆਈਸੀਸੀ ਟੀ20 ਵਰਲਡ ਕੱਪ 2026 ਦੀ ਸ਼ੁਰੂਆਤ ਵਿੱਚ ਹੁਣ ਇੱਕ ਮਹੀਨੇ ਤੋਂ ਵੀ ਘੱਟ ਸਮਾਂ ਬਾਕੀ ਰਹਿ ਗਿਆ ਹੈ। ਇਸ ਦੌਰਾਨ, ਜਦੋਂ ਤੋਂ ਬੀਸੀਸੀਆਈ ਨੇ ਮੁਸਤਫਿਜ਼ੁਰ ਰਹਿਮਾਨ ਨੂੰ ਆਈਪੀਐਲ ਤੋਂ ਬਾਹਰ ਕਰਨ ਦਾ ਫੈਸਲਾ ਸੁਣਾਇਆ ਹੈ, ਉਸ ਤੋਂ ਬਾਅਦ ਬੰਗਲਾਦੇਸ਼ ਕ੍ਰਿਕਟ ਬੋਰਡ (ਬੀਸੀਬੀ) ਕਾਫ਼ੀ ਨਾਰਾਜ਼ ਦਿਖਾਈ ਦੇ ਰਿਹਾ ਹੈ।
ਬੀਸੀਬੀ ਨੇ ਟੀ20 ਵਰਲਡ ਕੱਪ 2026 ਵਿੱਚ ਭਾਰਤ ਵਿੱਚ ਹੋਣ ਵਾਲੇ ਆਪਣੇ ਮੈਚਾਂ ਦੇ ਵੇਨਿਊ ਬਦਲਣ ਲਈ ਆਈਸੀਸੀ ਨੂੰ ਹੁਣ ਤੱਕ ਦੋ ਵਾਰ ਚਿੱਠੀ ਲਿਖੀ ਹੈ। ਇੱਥੋਂ ਤੱਕ ਕਿ ਬੰਗਲਾਦੇਸ਼ ਕ੍ਰਿਕਟ ਬੋਰਡ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਉਨ੍ਹਾਂ ਦੇ ਮੈਚਾਂ ਦੇ ਵੇਨਿਊ ਨਹੀਂ ਬਦਲੇ ਗਏ, ਤਾਂ ਉਹ ਵਰਲਡ ਕੱਪ ਲਈ ਆਪਣੀ ਟੀਮ ਨਹੀਂ ਭੇਜਣਗੇ। ਇਸੇ ਵਿਚਕਾਰ ਹੁਣ ਇਸ ਪੂਰੇ ਮਾਮਲੇ ‘ਤੇ ਬੰਗਲਾਦੇਸ਼ ਟੀਮ ਦੇ ਟੈਸਟ ਕਪਤਾਨ ਨਜਮੁਲ ਹੁਸੈਨ ਸ਼ਾਂਤੋ ਦਾ ਬਿਆਨ ਸਾਹਮਣੇ ਆਇਆ ਹੈ, ਜਿਸ ਵਿੱਚ ਉਨ੍ਹਾਂ ਨੇ ਆਪਣੇ ਹੀ ਬੋਰਡ ਨੂੰ ਘੇਰਿਆ ਹੈ।
ਬੰਗਲਾਦੇਸ਼ ਕ੍ਰਿਕਟ ਟੀਮ ਦੇ ਟੈਸਟ ਕਪਤਾਨ ਨਜਮੁਲ ਹੁਸੈਨ ਸ਼ਾਂਤੋ ਨੇ ਕ੍ਰਿਕਬਜ਼ ‘ਚ ਛਪੀ ਰਿਪੋਰਟ ਮੁਤਾਬਕ ਆਪਣੇ ਦੇਸ਼ ਦੀ ਪ੍ਰੈਸ ਨਾਲ ਗੱਲਬਾਤ ਦੌਰਾਨ ਕਿਹਾ ਕਿ ਖਿਡਾਰੀ ਸਿਰਫ਼ ਇਹ ਦਿਖਾਵਾ ਕਰ ਰਹੇ ਹਨ ਕਿ ਉਨ੍ਹਾਂ ਨੂੰ ਇਨ੍ਹਾਂ ਸਭ ਗੱਲਾਂ ਨਾਲ ਕੋਈ ਫ਼ਰਕ ਨਹੀਂ ਪੈਂਦਾ। ਉਨ੍ਹਾਂ ਕਿਹਾ, “ਸਭ ਤੋਂ ਪਹਿਲਾਂ ਜੇ ਤੁਸੀਂ ਸਾਡੇ ਵਰਲਡ ਕੱਪ ਦੇ ਨਤੀਜੇ ਵੇਖੋ ਤਾਂ ਅਸੀਂ ਕਦੇ ਵੀ ਲਗਾਤਾਰ ਚੰਗਾ ਪ੍ਰਦਰਸ਼ਨ ਨਹੀਂ ਕੀਤਾ। ਪਿਛਲੇ ਸਾਲ ਅਸੀਂ ਚੰਗਾ ਖੇਡਿਆ ਸੀ, ਪਰ ਹੋਰ ਵੀ ਬਿਹਤਰ ਕਰ ਸਕਦੇ ਸੀ। ਅਸੀਂ ਉਸਦਾ ਪੂਰਾ ਫ਼ਾਇਦਾ ਨਹੀਂ ਉਠਾ ਸਕੇ। ਪਰ ਤੁਸੀਂ ਦੇਖੋਗੇ ਕਿ ਹਰ ਵਰਲਡ ਕੱਪ ਤੋਂ ਪਹਿਲਾਂ ਕੁਝ ਨਾ ਕੁਝ ਹੋ ਹੀ ਜਾਂਦਾ ਹੈ।”
ਸ਼ਾਂਤੋ ਨੇ ਅੱਗੇ ਕਿਹਾ, “ਮੈਂ ਆਪਣੇ ਤਿੰਨ ਵਰਲਡ ਕੱਪਾਂ ਦੇ ਤਜਰਬੇ ਦੇ ਆਧਾਰ ‘ਤੇ ਕਹਿ ਸਕਦਾ ਹਾਂ ਕਿ ਇਸਦਾ ਅਸਰ ਤੁਹਾਡੇ ਪ੍ਰਦਰਸ਼ਨ ‘ਤੇ ਪੈਂਦਾ ਹੈ। ਹੁਣ ਅਸੀਂ ਇਹ ਦਿਖਾਉਂਦੇ ਹਾਂ ਕਿ ਸਾਡੇ ‘ਤੇ ਕਿਸੇ ਗੱਲ ਦਾ ਅਸਰ ਨਹੀਂ ਹੁੰਦਾ। ਤੁਸੀਂ ਲੋਕ ਵੀ ਸਮਝਦੇ ਹੋ ਕਿ ਅਸੀਂ ਐਕਟਿੰਗ ਕਰ ਰਹੇ ਹਾਂ ਅਤੇ ਇਹ ਕਰਨਾ ਬਿਲਕੁਲ ਵੀ ਆਸਾਨ ਨਹੀਂ ਹੈ। ਜੇ ਇਹ ਸਭ ਗੱਲਾਂ ਨਾ ਹੁੰਦੀਆਂ ਤਾਂ ਵਧੀਆ ਹੁੰਦਾ, ਪਰ ਇਹ ਕੁਝ ਹੱਦ ਤੱਕ ਸਾਡੇ ਕੰਟਰੋਲ ਤੋਂ ਬਾਹਰ ਹੈ।”
ਮੈਨੂੰ ਨਹੀਂ ਪਤਾ ਇਹ ਸਭ ਕਿਵੇਂ ਹੋਇਆ
ਨਜਮੁਲ ਹੁਸੈਨ ਸ਼ਾਂਤੋ ਨੇ ਆਪਣੇ ਬਿਆਨ ਵਿੱਚ ਅੱਗੇ ਕਿਹਾ ਕਿ ਮੈਨੂੰ ਨਹੀਂ ਪਤਾ ਇਹ ਮਾਮਲਾ ਇੰਨਾ ਵੱਡਾ ਕਿਵੇਂ ਬਣ ਗਿਆ ਜਾਂ ਇਸਨੂੰ ਹੋਰ ਚੰਗੇ ਤਰੀਕੇ ਨਾਲ ਕਿਵੇਂ ਸੰਭਾਲਿਆ ਜਾ ਸਕਦਾ ਸੀ। ਮੈਂ ਸਿਰਫ਼ ਇਹ ਕਹਿਣਾ ਚਾਹੁੰਦਾ ਹਾਂ ਕਿ ਐਸੇ ਹਾਲਾਤਾਂ ਵਿੱਚ ਖਿਡਾਰੀਆਂ ਲਈ ਆਪਣੇ ਆਪ ਨੂੰ ਸੰਭਾਲ ਕੇ ਰੱਖਣਾ ਮੁਸ਼ਕਲ ਹੁੰਦਾ ਹੈ। ਜੇ ਅਸੀਂ ਸਹੀ ਸੋਚ ਨਾਲ ਵਰਲਡ ਕੱਪ ਵਿੱਚ ਜਾਈਏ ਅਤੇ ਕਿਤੇ ਵੀ ਖੇਡੀਏ, ਤਾਂ ਸਾਨੂੰ ਇਸ ਗੱਲ ‘ਤੇ ਧਿਆਨ ਦੇਣਾ ਚਾਹੀਦਾ ਹੈ ਕਿ ਅਸੀਂ ਟੀਮ ਲਈ ਆਪਣਾ ਸਭ ਤੋਂ ਵਧੀਆ ਕਿਵੇਂ ਦੇ ਸਕਦੇ ਹਾਂ।
Get all latest content delivered to your email a few times a month.