ਤਾਜਾ ਖਬਰਾਂ
ਆਮ ਆਦਮੀ ਪਾਰਟੀ (AAP) ਪੰਜਾਬ ਦੇ ਬੁਲਾਰੇ ਅਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਅੰਮ੍ਰਿਤਸਰ ਵਿਖੇ ਪ੍ਰੈਸ ਕਾਨਫਰੰਸ ਕਰਦਿਆਂ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਨਾਲ ਜੁੜੇ ਵਿਵਾਦਤ ਵੀਡੀਓ ਮਾਮਲੇ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ (BJP) 'ਤੇ ਤਿੱਖਾ ਹਮਲਾ ਕੀਤਾ ਹੈ।
ਗੁਰੂ ਸਾਹਿਬਾਨਾਂ ਨੂੰ ਰਾਜਨੀਤੀ ਵਿੱਚ ਘਸੀਟਣ ਦਾ ਦੋਸ਼:
ਕੁਲਦੀਪ ਧਾਲੀਵਾਲ ਨੇ ਬੀਜੇਪੀ 'ਤੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਭਾਜਪਾ ਨੇ ਘਟੀਆ ਰਾਜਨੀਤੀ ਦੀ ਹੱਦ ਪਾਰ ਕਰਦਿਆਂ ਗੁਰੂ ਸਾਹਿਬਾਨਾਂ ਨੂੰ ਵੀ ਆਪਣੀ ਸਿਆਸਤ ਦਾ ਹਥਿਆਰ ਬਣਾਇਆ ਹੈ।
ਉਨ੍ਹਾਂ ਕਿਹਾ, "ਦਿੱਲੀ ਵਿੱਚ ਆਤਿਸ਼ੀ ਦੇ ਖ਼ਿਲਾਫ਼ ਇੱਕ ਝੂਠੀ ਤੇ ਐਡੀਟ ਕੀਤੀ ਹੋਈ ਵੀਡੀਓ ਤਿਆਰ ਕਰਕੇ ਵਾਇਰਲ ਕੀਤੀ ਗਈ, ਜਿਸ ਰਾਹੀਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਜਾਣਬੁੱਝ ਕੇ ਭੜਕਾਉਣ ਦੀ ਕੋਸ਼ਿਸ਼ ਕੀਤੀ ਗਈ।"
ਫੋਰੈਂਸਿਕ ਜਾਂਚ 'ਚ ਖੁਲਾਸਾ:
ਧਾਲੀਵਾਲ ਨੇ ਦੱਸਿਆ ਕਿ ਇਹ ਵੀਡੀਓ ਬੀਜੇਪੀ ਦੇ ਮੰਤਰੀ ਕਪਿਲ ਮਿਸ਼ਰਾ ਦੇ ਅਕਾਊਂਟ ਤੋਂ ਡਾਊਨਲੋਡ ਹੋਈ ਸੀ। ਉਨ੍ਹਾਂ ਇਸ ਸਬੰਧੀ ਜਲੰਧਰ ਵਿੱਚ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ।
ਪੁਲਿਸ ਨੇ ਵੀਡੀਓ ਨੂੰ ਫੋਰੈਂਸਿਕ ਲੈਬ ਵਿੱਚ ਜਾਂਚ ਲਈ ਭੇਜਿਆ।
ਜਾਂਚ ਵਿੱਚ ਸਪਸ਼ਟ ਹੋ ਗਿਆ ਕਿ ਆਤਿਸ਼ੀ ਨੇ ਕਿਤੇ ਵੀ ਗੁਰੂ ਸਾਹਿਬਾਨਾਂ ਬਾਰੇ ਕੋਈ ਅਪਮਾਨਜਨਕ ਟਿੱਪਣੀ ਨਹੀਂ ਕੀਤੀ।
'ਬੀਜੇਪੀ ਸਿੱਖ ਵਿਰੋਧੀ ਪਾਰਟੀ':
ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਗੁਰੂਆਂ, ਪੀਰਾਂ ਦੀ ਧਰਤੀ ਹੈ, ਪਰ ਬੀਜੇਪੀ ਪਹਿਲਾਂ ਹੀ ਪੰਜਾਬ ਨਾਲ ਧੱਕਾ ਕਰਦੀ ਆ ਰਹੀ ਹੈ ਅਤੇ ਹੁਣ ਗੁਰੂ ਸਾਹਿਬਾਨਾਂ ਨੂੰ ਵੀ ਸਿਆਸਤ ਵਿੱਚ ਘਸੀਟਿਆ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਬੀਜੇਪੀ ਪੰਜਾਬ ਵਿਰੋਧੀ, ਕਿਸਾਨ ਵਿਰੋਧੀ ਅਤੇ ਸਿੱਖ ਵਿਰੋਧੀ ਪਾਰਟੀ ਹੈ।
ਉਨ੍ਹਾਂ ਸਿੱਖ ਸਮਾਜ ਨੂੰ ਅਪੀਲ ਕੀਤੀ ਕਿ ਉਹ ਬੀਜੇਪੀ ਦੀ ਨਫ਼ਰਤੀ ਰਾਜਨੀਤੀ ਤੋਂ ਸਾਵਧਾਨ ਰਹਿਣ ਅਤੇ ਦੇਸ਼ ਵਿੱਚ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ।
ਅਕਾਲੀ ਦਲ ਅਤੇ ਕਾਂਗਰਸ 'ਤੇ ਨਿਸ਼ਾਨਾ:
ਧਾਲੀਵਾਲ ਨੇ ਅਕਾਲੀ ਦਲ, ਕਾਂਗਰਸ ਸਮੇਤ ਹੋਰ ਨੇਤਾਵਾਂ 'ਤੇ ਵੀ ਨਿਸ਼ਾਨਾ ਸਾਧਦਿਆਂ ਕਿਹਾ ਕਿ ਗਲਤ ਵੀਡੀਓ ਨੂੰ ਸ਼ੇਅਰ ਕਰਨਾ ਇੱਕ ਗੰਭੀਰ ਗਲਤੀ ਹੈ। ਉਨ੍ਹਾਂ ਮੰਗ ਕੀਤੀ ਕਿ ਜਿਨ੍ਹਾਂ ਨੇ ਵੀ ਇਸ ਵੀਡੀਓ ਨੂੰ ਵਾਇਰਲ ਕੀਤਾ ਹੈ, ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ, ਕਿਉਂਕਿ ਕਾਨੂੰਨ ਸਭ ਲਈ ਬਰਾਬਰ ਹੈ।
ਆਮ ਆਦਮੀ ਪਾਰਟੀ ਦੇ ਆਗੂ ਨੇ ਅੰਤ ਵਿੱਚ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਹਮੇਸ਼ਾਂ ਦਸਾਂ ਗੁਰੂਆਂ ਅੱਗੇ ਸਿਰ ਨਿਵਾਉਂਦੀ ਆਈ ਹੈ ਅਤੇ ਅੱਗੇ ਵੀ ਨਿਵਾਉਂਦੀ ਰਹੇਗੀ।
Get all latest content delivered to your email a few times a month.