ਤਾਜਾ ਖਬਰਾਂ
ਅੰਮ੍ਰਿਤਸਰ ਦੀ ਆਈ.ਡੀ.ਐਚ ਮਾਰਕੀਟ ਵਿੱਚ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਮਾਰਕੀਟ ਦੇ ਦੁਕਾਨਦਾਰਾਂ ਨੇ ਇਕੱਠੇ ਹੋ ਕੇ ਦੁਕਾਨਾਂ ਬੰਦ ਕਰ ਦਿੱਤੀਆਂ ਅਤੇ ਇਨਸਾਫ ਦੀ ਮੰਗ ਨੂੰ ਲੈ ਕੇ ਸੜਕ ’ਤੇ ਉਤਰ ਕੇ ਜ਼ਬਰਦਸਤ ਪ੍ਰਦਰਸ਼ਨ ਕੀਤਾ। ਦੁਕਾਨਦਾਰਾਂ ਦਾ ਦੋਸ਼ ਹੈ ਕਿ ਇੱਕ ਵਿਅਕਤੀ ਪਿਛਲੇ ਲਗਭਗ ਦੋ ਸਾਲਾਂ ਤੋਂ ਮਾਰਕੀਟ ਵਿੱਚ ਆ ਕੇ ਗੁੰਡਾਗਰਦੀ ਕਰਦਾ ਆ ਰਿਹਾ ਹੈ ਅਤੇ ਹੁਣ ਖੁੱਲ੍ਹੇਆਮ ਮਹੀਨਾ ਮੰਗਿਆ ਜਾ ਰਿਹਾ ਹੈ।
ਦੁਕਾਨਦਾਰਾਂ ਨੇ ਦੱਸਿਆ ਕਿ ਆਰੋਪੀ ਵੱਲੋਂ ਨਾ ਸਿਰਫ਼ ਗਾਲੀ-ਗਲੋਚ ਅਤੇ ਧਮਕੀਆਂ ਦਿੱਤੀਆਂ ਜਾਂਦੀਆਂ ਹਨ, ਸਗੋਂ ਐਤਵਾਰ ਰਾਤ ਨੂੰ ਹੱਦਾਂ ਪਾਰ ਕਰਦਿਆਂ ਇੱਕ ਦੁਕਾਨਦਾਰ ਦੀ ਕਾਰ ਦੀ ਤੋੜਫੋੜ ਵੀ ਕੀਤੀ ਗਈ। ਇਸ ਘਟਨਾ ਤੋਂ ਬਾਅਦ ਵਪਾਰੀਆਂ ਵਿੱਚ ਡਰ ਅਤੇ ਰੋਸ ਦਾ ਮਾਹੌਲ ਬਣ ਗਿਆ, ਜਿਸ ਕਾਰਨ ਉਨ੍ਹਾਂ ਨੇ ਮਾਰਕੀਟ ਬੰਦ ਕਰਨ ਦਾ ਫੈਸਲਾ ਕੀਤਾ।
ਆਈਡੀਐਚ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਨਾਨਕ ਸਿੰਘ ਨੇ ਕਿਹਾ ਕਿ ਦੋ ਨੌਜਵਾਨ ਲਗਾਤਾਰ ਮਾਰਕੀਟ ਵਿੱਚ ਦਹਿਸ਼ਤ ਫੈਲਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪਹਿਲਾਂ ਇਹ ਲੋਕ ਰੇਹੜੀ-ਫੜੀ ਵਾਲਿਆਂ ਤੋਂ ਪੈਸੇ ਵਸੂਲਦੇ ਸਨ ਅਤੇ ਹੁਣ ਦੁਕਾਨਦਾਰਾਂ ਤੋਂ ਮਹੀਨਾ ਮੰਗਿਆ ਜਾ ਰਿਹਾ ਹੈ। ਜੇਕਰ ਕੋਈ ਇਨਕਾਰ ਕਰੇ ਤਾਂ ਉਸਨੂੰ ਧਮਕੀ ਦਿੱਤੀ ਜਾਂਦੀ ਹੈ ਕਿ ਉਸਦੀ ਦੁਕਾਨ ਨਹੀਂ ਚੱਲਣ ਦਿੱਤੀ ਜਾਵੇਗੀ।
ਪ੍ਰਦਰਸ਼ਨ ਕਰ ਰਹੇ ਦੁਕਾਨਦਾਰਾਂ ਨੇ ਇਹ ਵੀ ਆਰੋਪ ਲਗਾਇਆ ਕਿ ਉਹ ਇਸ ਮਾਮਲੇ ਬਾਰੇ ਕਈ ਵਾਰ ਪੁਲਿਸ ਨੂੰ ਸ਼ਿਕਾਇਤਾਂ ਦੇ ਚੁੱਕੇ ਹਨ, ਪਰ ਹਾਲੇ ਤੱਕ ਕੋਈ ਢੁੱਕਵੀਂ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਉਹ ਸਰਕਾਰ ਨੂੰ ਨਿਯਮਤ ਟੈਕਸ ਭਰਦੇ ਹਨ, ਪਰ ਕਿਸੇ ਗੁੰਡੇ ਨੂੰ ਮਹੀਨਾ ਦੇਣ ਲਈ ਮਜਬੂਰ ਨਹੀਂ ਹੋ ਸਕਦੇ।
ਮਾਰਕੀਟ ਬੰਦ ਅਤੇ ਰਸਤਾ ਜਾਮ ਹੋਣ ਕਾਰਨ ਆਮ ਲੋਕਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਰਸਤੇ ਵਿੱਚ ਫਸੇ ਯਾਤਰੀਆਂ ਨੇ ਦੱਸਿਆ ਕਿ ਉਨ੍ਹਾਂ ਦਾ ਕੀਮਤੀ ਸਮਾਂ ਬਰਬਾਦ ਹੋਇਆ ਅਤੇ ਕਈ ਲੋਕਾਂ ਨੂੰ ਆਪਣੇ ਜ਼ਰੂਰੀ ਕੰਮ ਛੱਡਣੇ ਪਏ।
ਉੱਥੇ ਹੀ ਮੌਕੇ ’ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਦੇਰ ਰਾਤ ਮਿਲੀ ਸ਼ਿਕਾਇਤ ਦੇ ਆਧਾਰ ’ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਆਰੋਪੀ ਦੀ ਗ੍ਰਿਫ਼ਤਾਰੀ ਲਈ ਰੇਡਾਂ ਕੀਤੀਆਂ ਜਾ ਰਹੀਆਂ ਹਨ। ਪੁਲਿਸ ਨੇ ਦੁਕਾਨਦਾਰਾਂ ਨੂੰ ਭਰੋਸਾ ਦਿਵਾਇਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਕੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਦੂਜੇ ਪਾਸੇ, ਦੁਕਾਨਦਾਰਾਂ ਨੇ ਸਾਫ਼ ਚੇਤਾਵਨੀ ਦਿੱਤੀ ਹੈ ਕਿ ਜੇਕਰ ਜਲਦੀ ਇਨਸਾਫ ਨਾ ਮਿਲਿਆ ਤਾਂ ਉਹ ਮਾਰਕੀਟ ਐਸੋਸੀਏਸ਼ਨ ਰਾਹੀਂ ਪੰਜਾਬ ਪੱਧਰ ’ਤੇ ਵੱਡਾ ਅੰਦੋਲਨ ਅਤੇ ਬੰਦ ਕਰਨ ਤੋਂ ਵੀ ਪਿੱਛੇ ਨਹੀਂ ਹਟਣਗੇ।
Get all latest content delivered to your email a few times a month.