ਤਾਜਾ ਖਬਰਾਂ
ਭਾਰਤ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ ਕ੍ਰਿਕਟ ਇਤਿਹਾਸ ਵਿੱਚ ਇੱਕ ਹੋਰ ਸ਼ਾਨਦਾਰ ਅਧਿਆਇ ਜੋੜ ਦਿੱਤਾ ਹੈ। ਵਡੋਦਰਾ ਦੇ ਕੋਟਾਮਬੀ ਸਟੇਡੀਅਮ ਵਿੱਚ ਨਿਊਜ਼ੀਲੈਂਡ ਖ਼ਿਲਾਫ਼ ਮੈਚ ਦੌਰਾਨ 25 ਦੌੜਾਂ ਬਣਾਉਂਦੇ ਹੋਏ ਕੋਹਲੀ ਨੇ ਅੰਤਰਰਾਸ਼ਟਰੀ ਕ੍ਰਿਕਟ ਵਿੱਚ 28,000 ਦੌੜਾਂ ਦਾ ਅੰਕੜਾ ਪਾਰ ਕਰ ਲਿਆ। ਇਸ ਨਾਲ ਉਹ ਇਹ ਉਪਲਬਧੀ ਹਾਸਲ ਕਰਨ ਵਾਲਾ ਦੁਨੀਆ ਦਾ ਤੀਜਾ ਬੱਲੇਬਾਜ਼ ਬਣ ਗਿਆ ਹੈ। ਇਸ ਤੋਂ ਪਹਿਲਾਂ ਸਿਰਫ਼ ਸਚਿਨ ਤੇਂਦੁਲਕਰ ਅਤੇ ਸ਼੍ਰੀਲੰਕਾ ਦੇ ਕੁਮਾਰ ਸੰਗਾਕਾਰਾ ਹੀ ਇਹ ਕਾਰਨਾਮਾ ਕਰ ਸਕੇ ਸਨ।
ਵਿਰਾਟ ਕੋਹਲੀ ਦੀ ਇਸ ਉਪਲਬਧੀ ਨੂੰ ਹੋਰ ਵੀ ਖਾਸ ਬਣਾਉਂਦੀ ਗੱਲ ਇਹ ਹੈ ਕਿ ਉਸਨੇ ਇਹ ਮੀਲ ਪੱਥਰ ਸਚਿਨ ਤੇਂਦੁਲਕਰ ਅਤੇ ਸੰਗਾਕਾਰਾ ਨਾਲੋਂ ਕਾਫ਼ੀ ਘੱਟ ਪਾਰੀਆਂ ਵਿੱਚ ਹਾਸਲ ਕੀਤਾ। ਇਸ ਨਾਲ ਕੋਹਲੀ ਨੇ ਆਪਣੇ ਹੀ ਆਦਰਸ਼ ਅਤੇ ਮਾਰਗਦਰਸ਼ਕ ਸਚਿਨ ਤੇਂਦੁਲਕਰ ਦਾ ਇੱਕ ਵੱਡਾ ਰਿਕਾਰਡ ਤੋੜ ਦਿੱਤਾ। ਇਨ੍ਹਾਂ ਨਾਲ ਨਾਲ, ਕੋਹਲੀ ਨੇ ਕੁਮਾਰ ਸੰਗਾਕਾਰਾ ਦੀਆਂ ਕੁੱਲ ਅੰਤਰਰਾਸ਼ਟਰੀ ਦੌੜਾਂ (28,016) ਨੂੰ ਵੀ ਪਿੱਛੇ ਛੱਡ ਦਿੱਤਾ, ਜੋ ਉਸਦੀ ਲਗਾਤਾਰ ਸ਼ਾਨਦਾਰ ਫਾਰਮ ਅਤੇ ਫਿਟਨੈਸ ਦਾ ਸਬੂਤ ਹੈ।
ਜੇ ਮੈਚ ਦੀ ਗੱਲ ਕੀਤੀ ਜਾਵੇ ਤਾਂ ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 300 ਦੌੜਾਂ ਬਣਾਈਆਂ। ਡੇਵੋਨ ਕੌਨਵੇ ਅਤੇ ਹੈਨਰੀ ਨਿਕੋਲਸ ਨੇ 117 ਦੌੜਾਂ ਦੀ ਮਜ਼ਬੂਤ ਸ਼ੁਰੂਆਤ ਦਿੱਤੀ, ਪਰ ਦੋਵਾਂ ਦੇ ਆਉਟ ਹੋਣ ਮਗਰੋਂ ਟੀਮ ਦੀ ਪਾਰੀ ਲੜਖੜਾ ਗਈ। ਡੈਰਿਲ ਮਿਚੇਲ ਨੇ 84 ਦੌੜਾਂ ਦੀ ਸੰਭਲ ਕੇ ਖੇਡੀ ਪਾਰੀ ਨਾਲ ਟੀਮ ਨੂੰ ਸਨਮਾਨਜਨਕ ਸਕੋਰ ਤੱਕ ਪਹੁੰਚਾਇਆ। ਭਾਰਤ ਵੱਲੋਂ ਮੁਹੰਮਦ ਸਿਰਾਜ, ਹਰਸ਼ਿਤ ਰਾਣਾ ਅਤੇ ਪ੍ਰਸਿਧ ਕ੍ਰਿਸ਼ਨਾ ਨੇ ਦੋ-ਦੋ ਵਿਕਟਾਂ ਲਈਆਂ, ਜਦਕਿ ਕੁਲਦੀਪ ਯਾਦਵ ਨੂੰ ਇੱਕ ਸਫਲਤਾ ਮਿਲੀ। ਲੰਬੇ ਸਮੇਂ ਬਾਅਦ ਵਨਡੇ ਵਿੱਚ ਵਾਪਸੀ ਕਰ ਰਹੇ ਰਵਿੰਦਰ ਜਡੇਜਾ ਇਸ ਮੈਚ ਵਿੱਚ ਵਿਕਟ ਨਹੀਂ ਲੈ ਸਕੇ।
Get all latest content delivered to your email a few times a month.