ਤਾਜਾ ਖਬਰਾਂ
ਸ਼ਹਿਰ ਵਿੱਚ ਕਾਨੂੰਨ ਦੀ ਰਾਖੀ ਕਰਨ ਵਾਲੇ ਹੀ ਜਦੋਂ ਲੁਟੇਰੇ ਬਣ ਜਾਣ ਤਾਂ ਜਨਤਾ ਕਿੱਥੇ ਜਾਵੇ? ਅਜਿਹਾ ਹੀ ਇੱਕ ਸ਼ਰਮਨਾਕ ਮਾਮਲਾ ਪਿਮਸ ਹਸਪਤਾਲ ਦੇ ਸਾਹਮਣੇ ਸਾਹਮਣੇ ਆਇਆ ਹੈ, ਜਿੱਥੇ ਇੱਕ ਸ਼ਿਵ ਸੈਨਾ ਆਗੂ ਦੇ ਗੰਨਮੈਨ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਨਾ ਸਿਰਫ਼ ਫਰਜ਼ੀ ਨਾਕਾਬੰਦੀ ਕੀਤੀ, ਸਗੋਂ ਰਾਹਗੀਰਾਂ ਨੂੰ ਡਰਾ-ਧਮਕਾ ਕੇ ਪੈਸੇ ਵਸੂਲਣ ਦੀ ਕੋਸ਼ਿਸ਼ ਵੀ ਕੀਤੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਹਰਕਤ ਵਿੱਚ ਆਈ ਅਤੇ ਮੁਲਜ਼ਮ ਮੁਲਾਜ਼ਮ ਨੂੰ ਤੁਰੰਤ ਲਾਈਨ ਹਾਜ਼ਰ ਕਰ ਦਿੱਤਾ ਗਿਆ।
ਕੀ ਹੈ ਪੂਰਾ ਮਾਮਲਾ?
ਅਰਬਨ ਅਸਟੇਟ ਦੇ ਨਿਵਾਸੀ ਆਕਾਸ਼ਦੀਪ ਸਿੰਘ ਨੇ ਦੱਸਿਆ ਕਿ ਜਦੋਂ ਉਹ ਦੇਰ ਰਾਤ ਆਪਣੇ ਦੋਸਤ ਦੀ ਪਾਰਟੀ ਤੋਂ ਘਰ ਪਰਤ ਰਿਹਾ ਸੀ, ਤਾਂ ਪਿਮਸ ਹਸਪਤਾਲ ਨੇੜੇ ਹਥਿਆਰਬੰਦ ਪੁਲਿਸ ਮੁਲਾਜ਼ਮ ਅਤੇ ਉਸ ਦੇ ਦੋ ਸਿਵਲ ਵਰਦੀ ਵਾਲੇ ਸਾਥੀਆਂ ਨੇ ਉਸ ਨੂੰ ਰੋਕ ਲਿਆ।
ਬਾਈਕ ਦੀ ਨੰਬਰ ਪਲੇਟ ਨਾ ਹੋਣ ਦਾ ਬਹਾਨਾ ਬਣਾ ਕੇ ਮੁਲਾਜ਼ਮ ਨੇ ਚਾਬੀ ਕੱਢ ਲਈ ਅਤੇ ਮੋਟਾ ਚਲਾਨ ਕੱਟਣ ਦਾ ਡਰ ਦਿਖਾ ਕੇ ਪੈਸਿਆਂ ਦੀ ਮੰਗ ਕੀਤੀ।
ਜਦੋਂ ਬਹਿਸ ਵਧੀ ਤਾਂ ਮੁਲਾਜ਼ਮ ਵਾਰ-ਵਾਰ ਆਪਣੀ ਪਛਾਣ ਬਦਲਦਾ ਰਿਹਾ—ਕਦੇ ਉਸ ਨੇ ਖ਼ੁਦ ਨੂੰ ਥਾਣਾ ਨੰਬਰ 6, ਕਦੇ 7 ਅਤੇ ਕਦੇ ਸਪੈਸ਼ਲ ਸੈੱਲ ਦਾ ਮੁਲਾਜ਼ਮ ਦੱਸਿਆ।
ਵੀਡੀਓ ਨੇ ਖੋਲ੍ਹੀ ਪੋਲ
ਰਾਹਗੀਰਾਂ ਦੇ ਇਕੱਠੇ ਹੋਣ 'ਤੇ ਇੱਕ ਨੌਜਵਾਨ ਨੇ ਇਸ ਸਾਰੀ ਘਟਨਾ ਦੀ ਵੀਡੀਓ ਬਣਾ ਲਈ। ਭੀੜ ਵਿੱਚ ਮੌਜੂਦ ਇੱਕ ਵਿਅਕਤੀ ਨੇ ਮੁਲਾਜ਼ਮ ਨੂੰ ਪਛਾਣ ਲਿਆ ਅਤੇ ਦੱਸਿਆ ਕਿ ਇਹ ਪਹਿਲਾਂ ਵੀ ਬਸਤੀ ਦਾਨਿਸ਼ਮੰਦਾਂ ਇਲਾਕੇ ਵਿੱਚ ਅਜਿਹੀਆਂ ਹਰਕਤਾਂ ਕਰਦਾ ਰਿਹਾ ਹੈ। ਵਿਰੋਧ ਵਧਦਾ ਵੇਖ ਮੁਲਾਜ਼ਮ ਆਪਣੇ ਸਾਥੀਆਂ ਸਮੇਤ ਮੌਕੇ ਤੋਂ ਫ਼ਰਾਰ ਹੋ ਗਿਆ।
ਪੁਲਿਸ ਦੀ ਕਾਰਵਾਈ
ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੁੰਦੇ ਹੀ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਮੁਲਾਜ਼ਮ ਦੀ ਪਛਾਣ ਮਨੀ ਕੁਮਾਰ ਵਜੋਂ ਕੀਤੀ।
ਏ.ਸੀ.ਪੀ. ਮਾਡਲ ਟਾਊਨ ਪਰਮਿੰਦਰ ਸਿੰਘ ਦੇ ਅਨੁਸਾਰ: > "ਸਕਿਓਰਿਟੀ ਬ੍ਰਾਂਚ ਵਿੱਚ ਤਾਇਨਾਤ ਕਾਂਸਟੇਬਲ ਮਨੀ ਕੁਮਾਰ ਨੂੰ ਵੀਡੀਓ ਦੇ ਆਧਾਰ 'ਤੇ ਤੁਰੰਤ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ। ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਬਾਕੀ ਸਾਥੀਆਂ ਦੀ ਪਛਾਣ ਹੋਣ ਤੋਂ ਬਾਅਦ ਸਖ਼ਤ ਕਾਰਵਾਈ ਕੀਤੀ ਜਾਵੇਗੀ।"
ਸੂਤਰਾਂ ਅਨੁਸਾਰ ਮੁਲਜ਼ਮ ਮੁਲਾਜ਼ਮ ਨਸ਼ੇ ਦਾ ਵੀ ਆਦੀ ਦੱਸਿਆ ਜਾ ਰਿਹਾ ਹੈ। ਇਸ ਘਟਨਾ ਨੇ ਪੁਲਿਸ ਪ੍ਰਸ਼ਾਸਨ ਦੀ ਕਾਰਜਪ੍ਰਣਾਲੀ 'ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।
Get all latest content delivered to your email a few times a month.