ਮਲੋਟ ਦੇ ਬਾਬਾ ਦੀਪ ਸਿੰਘ ਨਗਰ, ਵਾਰਡ ਨੰਬਰ 08 ਵਿੱਚ ਰਹਿੰਦਾ ਇੱਕ ਵਿਕਲਾਂਗ ਪਤੀ-ਪਤਨੀ ਅਤੇ ਉਨ੍ਹਾਂ ਦੇ ਤਿੰਨ ਨੰਨੇ ਬੱਚਿਆਂ ਵਾਲਾ ਪਰਿਵਾਰ ਬੇਹੱਦ ਤੰਗਹਾਲੀ ਵਿੱਚ ਦਿਨ ਕੱਟ ਰਿਹਾ ਹੈ। ਪਰਿਵਾਰ ਦੀ ਮਾਲੀ ਅਤੇ ਸਮਾਜਿਕ ਹਾਲਤ ਇਤਨੀ ਮਾੜੀ ਹੋ ਚੁੱਕੀ ਹੈ ਕਿ ਘਰ ਵਿੱਚ ਨਾ ਬਿਜਲੀ ਹੈ ਅਤੇ ਨਾ ਹੀ ਰੋਜ਼ਾਨਾ ਦੀ ਰੋਟੀ ਦਾ ਪੱਕਾ ਬੰਦੋਬਸਤ।
ਘਰ ਦੇ ਮੁਖੀ ਦੀਪਕ ਕੁਮਾਰ ਪੁੱਤਰ ਬਾਬੂ ਰਾਮ ਨੇ ਦੱਸਿਆ ਕਿ ਉਹ ਅਤੇ ਉਸ ਦੀ ਪਤਨੀ ਦੋਵੇਂ ਵਿਕਲਾਂਗ ਹਨ, ਜਿਸ ਕਾਰਨ ਰੋਜ਼ਗਾਰ ਦੇ ਮੌਕੇ ਬਹੁਤ ਸੀਮਿਤ ਹਨ। ਕੁਝ ਸਮਾਂ ਪਹਿਲਾਂ ਉਨ੍ਹਾਂ ਦੇ ਘਰ ਦਾ ਬਿਜਲੀ ਮੀਟਰ ਉਖਾੜ ਦਿੱਤਾ ਗਿਆ ਸੀ। ਮਜਬੂਰੀ ਵੱਸ ਪਰਿਵਾਰ ਨੇ ਕੁਝ ਰਾਤਾਂ ਕੁੰਡੀ ਲਗਾ ਕੇ ਗੁਜ਼ਾਰਾ ਕੀਤਾ, ਪਰ ਬਿਜਲੀ ਵਿਭਾਗ ਵੱਲੋਂ ਕੁੰਡੀ ਵੀ ਹਟਾ ਦਿੱਤੀ ਗਈ ਅਤੇ ਭਾਰੀ ਜੁਰਮਾਨਾ ਲਗਾ ਦਿੱਤਾ ਗਿਆ। ਉਸ ਤੋਂ ਬਾਅਦੋਂ ਪਰਿਵਾਰ ਕਈ ਮਹੀਨਿਆਂ ਤੋਂ ਪੂਰੀ ਤਰ੍ਹਾਂ ਹਨੇਰੇ ਵਿੱਚ ਰਹਿਣ ਲਈ ਮਜਬੂਰ ਹੈ।
ਦੀਪਕ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਬਕਾਇਆ ਬਿਜਲੀ ਬਿੱਲ ਹੁਣ ਵੱਧ ਕੇ 1 ਲੱਖ 34 ਹਜ਼ਾਰ ਰੁਪਏ ਹੋ ਗਿਆ ਹੈ। ਪਰਿਵਾਰ ਦੀ ਆਰਥਿਕ ਹਾਲਤ ਇਹ ਨਹੀਂ ਕਿ ਉਹ ਇਹ ਰਕਮ ਅਦਾ ਕਰ ਸਕਣ। ਉਸ ਨੇ ਕਿਹਾ ਕਿ ਪਹਿਲਾਂ ਉਹ ਆਟੋ-ਰਿਕਸ਼ਾ ਚਲਾ ਕੇ ਘਰ ਦਾ ਗੁਜ਼ਾਰਾ ਕਰਦਾ ਸੀ, ਪਰ ਆਪਣੀ ਮਾਤਾ ਦੇ ਇਲਾਜ ਲਈ ਉਸ ਨੂੰ ਆਟੋ ਵੀ ਵੇਚਣਾ ਪਿਆ, ਜਿਸ ਤੋਂ ਬਾਅਦ ਕਮਾਈ ਦਾ ਇਕਲੌਤਾ ਸਾਧਨ ਵੀ ਖਤਮ ਹੋ ਗਿਆ।
ਪਰਿਵਾਰ ਦਾ ਦਾਅਵਾ ਹੈ ਕਿ ਕਰੀਬ ਦੋ ਸਾਲ ਪਹਿਲਾਂ ਉਨ੍ਹਾਂ ਦਾ ਬਿਜਲੀ ਮੀਟਰ ਸੜ ਗਿਆ ਸੀ, ਪਰ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ। ਇਸ ਦੌਰਾਨ ਬਿੱਲ ਲਗਾਤਾਰ ਬਣਦਾ ਰਿਹਾ ਅਤੇ ਜੁਰਮਾਨੇ ਵੀ ਜੁੜਦੇ ਗਏ, ਜਿਸ ਕਾਰਨ ਅੱਜ ਬਕਾਇਆ ਰਕਮ 1.34 ਲੱਖ ਰੁਪਏ ਤੱਕ ਪਹੁੰਚ ਗਈ ਹੈ।
ਦੀਪਕ ਅਤੇ ਉਸ ਦੇ ਪਰਿਵਾਰ ਨੇ ਪ੍ਰਸ਼ਾਸਨ ਅਤੇ ਸਮਾਜ ਸੇਵੀ ਸੰਸਥਾਵਾਂ ਕੋਲ ਮਦਦ ਦੀ ਗੁਹਾਰ ਲਗਾਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਨੰਨੇ ਬੱਚਿਆਂ ਸਮੇਤ ਪਰਿਵਾਰ ਹਨੇਰੇ ਵਿੱਚ ਰਹਿ ਰਿਹਾ ਹੈ ਅਤੇ ਕੋਲ ਇੰਨੀ ਸਮਰੱਥਾ ਨਹੀਂ ਕਿ ਬਿਜਲੀ ਬਿੱਲ ਭਰ ਸਕੇ। ਪਰਿਵਾਰ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਤੁਰੰਤ ਸਹਾਇਤਾ ਦਿੱਤੀ ਜਾਵੇ ਤਾਂ ਜੋ ਉਹ ਸਧਾਰਣ ਜੀਵਨ ਵੱਲ ਵਾਪਸ ਆ ਸਕਣ।
