ਤਾਜਾ ਖਬਰਾਂ
ਜਗਰਾਓਂ ਦੇ ਸਰਕਾਰੀ ਸਨਮਤੀ ਸਾਇੰਸ ਐਜੂਕੇਸ਼ਨ ਐਂਡ ਰਿਸਰਚ ਕਾਲਜ ਨੂੰ ਲੰਮੇ ਸਮੇਂ ਬਾਅਦ ਆਪਣੀ ਪੱਕੀ ਡਾਇਰੈਕਟਰ ਮਿਲ ਗਈ ਹੈ। ਪੰਜਾਬ ਸਰਕਾਰ ਵੱਲੋਂ ਐਸੋਸੀਏਟ ਪ੍ਰੋਫੈਸਰਾਂ ਦੀ ਤਰੱਕੀ ਤਹਿਤ ਜਾਰੀ ਕੀਤੀ ਗਈ 21 ਪ੍ਰਿੰਸਿਪਲਾਂ ਦੀ ਸੂਚੀ ਵਿੱਚ ਡਾ. ਸੁਮੀਤ ਬਰਾੜ ਰੰਧਾਵਾ ਦਾ ਨਾਮ ਸ਼ਾਮਲ ਕੀਤਾ ਗਿਆ, ਜਿਨ੍ਹਾਂ ਨੂੰ ਕਾਲਜ ਦੀ ਨਵੀਂ ਡਾਇਰੈਕਟਰ ਵਜੋਂ ਨਿਯੁਕਤ ਕੀਤਾ ਗਿਆ ਹੈ। ਬੁੱਧਵਾਰ ਨੂੰ ਉਨ੍ਹਾਂ ਨੇ ਸਰਕਾਰੀ ਤੌਰ ’ਤੇ ਆਪਣੇ ਅਹੁਦੇ ਦਾ ਕਾਰਜਭਾਰ ਸੰਭਾਲ ਲਿਆ।
ਡਾ. ਸੁਮੀਤ ਬਰਾੜ ਰੰਧਾਵਾ ਇਸ ਤੋਂ ਪਹਿਲਾਂ ਗਵਰਨਮੈਂਟ ਕਾਲਜ ਫ਼ਾਰ ਗਰਲਜ਼, ਲੁਧਿਆਣਾ ਵਿੱਚ ਰਜਿਸਟ੍ਰਾਰ ਦੇ ਪਦ ’ਤੇ ਸੇਵਾਵਾਂ ਨਿਭਾ ਰਹੀਆਂ ਸਨ। ਉਥੇ ਉਨ੍ਹਾਂ ਨੇ ਪ੍ਰਸ਼ਾਸਕੀ ਪ੍ਰਬੰਧਾਂ ਨੂੰ ਸੁਚਾਰੂ ਬਣਾਉਣ ਦੇ ਨਾਲ-ਨਾਲ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਕਈ ਮਹੱਤਵਪੂਰਨ ਪਹਲਾਂ ਕੀਤੀਆਂ। ਉਨ੍ਹਾਂ ਦੇ ਵਿਸ਼ਾਲ ਅਨੁਭਵ ਅਤੇ ਪ੍ਰਭਾਵਸ਼ਾਲੀ ਕਾਰਜਸ਼ੈਲੀ ਨੂੰ ਦੇਖਦੇ ਹੋਏ ਇਹ ਨਿਯੁਕਤੀ ਕਾਲਜ ਦੇ ਭਵਿੱਖ ਲਈ ਕਾਫ਼ੀ ਅਹਿਮ ਮੰਨੀ ਜਾ ਰਹੀ ਹੈ।
ਡਾਇਰੈਕਟਰ ਦਾ ਅਹੁਦਾ ਸੰਭਾਲਣ ਮੌਕੇ ਡਾ. ਸੁਮੀਤ ਬਰਾੜ ਰੰਧਾਵਾ ਦੇ ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਮੌਜੂਦ ਰਹੇ। ਇਸ ਦੌਰਾਨ ਉਨ੍ਹਾਂ ਦੇ ਪਤੀ ਕੈਪਟਨ ਅਮ੍ਰਿਤਵੀਰ ਪਾਲ ਸਿੰਘ ਰੰਧਾਵਾ, ਸਪੁੱਤਰ ਮਨਰਾਜ ਸਿੰਘ ਰੰਧਾਵਾ, ਜੈਵੀਰ ਪਾਲ ਸਿੰਘ ਰੰਧਾਵਾ, ਮਾਤਾ ਨਵਤੇਜ ਕੌਰ ਬਰਾੜ, ਭਰਾ ਨਗਿੰਦਰ ਸਿੰਘ ਬਰਾੜ ਅਤੇ ਭਾਬੀ ਸੁਖਵਿੰਦਰ ਕੌਰ ਬਰਾੜ ਨੇ ਵੀ ਕਾਲਜ ਪਹੁੰਚ ਕੇ ਖੁਸ਼ੀ ਸਾਂਝੀ ਕੀਤੀ। ਰਿਟਾਇਰਡ ਪ੍ਰਿੰਸਿਪਲ ਧਰਮ ਸਿੰਘ, ਪ੍ਰਿੰਸਿਪਲ ਪ੍ਰੋ. ਸੁਮਨ ਲਤਾ ਅਤੇ ਕਾਲਜ ਦੇ ਅਧਿਆਪਕਾਂ ਵੱਲੋਂ ਨਵੀਂ ਡਾਇਰੈਕਟਰ ਨੂੰ ਵਧਾਈਆਂ ਦਿੱਤੀਆਂ ਗਈਆਂ।
ਡਾ. ਬਰਾੜ ਦਾ ਅਧਿਆਪਕੀ ਅਤੇ ਪ੍ਰਸ਼ਾਸਕੀ ਖੇਤਰ ਵਿੱਚ ਕਰੀਬ 19 ਸਾਲਾਂ ਦਾ ਤਜਰਬਾ ਹੈ। ਉਨ੍ਹਾਂ ਨੇ ਸਾਲ 2007 ਵਿੱਚ ਸਰਕਾਰੀ ਕਾਲਜ (ਲੜਕੇ), ਲੁਧਿਆਣਾ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਅਤੇ ਬਾਅਦ ਵਿੱਚ ਸਰਕਾਰੀ ਕਾਲਜ (ਲੜਕੀਆਂ) ਵਿੱਚ ਲੰਮੇ ਸਮੇਂ ਤੱਕ ਸੇਵਾਵਾਂ ਨਿਭਾਈਆਂ। ਕਾਲਜ ਸਟਾਫ ਨੇ ਭਰੋਸਾ ਜਤਾਇਆ ਕਿ ਡਾ. ਬਰਾੜ ਦੀ ਅਗਵਾਈ ਹੇਠ ਸਾਇੰਸ ਕਾਲਜ ਨਵੀਆਂ ਉਚਾਈਆਂ ਹਾਸਲ ਕਰੇਗਾ, ਜਦਕਿ ਡਾ. ਰੰਧਾਵਾ ਨੇ ਵੀ ਟੀਮਵਰਕ ਨਾਲ ਸੰਸਥਾ ਨੂੰ ਅੱਗੇ ਵਧਾਉਣ ਦਾ ਸੰਕਲਪ ਦੁਹਰਾਇਆ।
ਇਸ ਮੌਕੇ ਕਾਲਜ ਦੀ ਵਾਇਸ ਡਾਇਰੈਕਟਰ ਪ੍ਰੋ. ਨਿਧੀ ਮਹਾਜਨ, ਡਾ. ਸਰਬਦੀਪ ਕੌਰ ਸਿੱਧੂ, ਪ੍ਰੋ. ਸੁਮੀਤ ਸੋਨੀ ਸਮੇਤ ਸਮੂਹ ਸਟਾਫ ਵੱਲੋਂ ਡਾ. ਬਰਾੜ ਦਾ ਫੁੱਲਾਂ ਦੇ ਬੁੱਕੇ ਭੇਟ ਕਰਕੇ ਅਤੇ ਮੂੰਹ ਮਿੱਠਾ ਕਰਵਾ ਕੇ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਨਵੀਂ ਡਾਇਰੈਕਟਰ ਦੀ ਆਮਦ ਨਾਲ ਬੁੱਧਵਾਰ ਨੂੰ ਕਾਲਜ ਪਰਿਸਰ ਵਿੱਚ ਖੁਸ਼ੀ ਅਤੇ ਉਤਸ਼ਾਹ ਦਾ ਮਾਹੌਲ ਬਣਿਆ ਰਿਹਾ।
Get all latest content delivered to your email a few times a month.