ਤਾਜਾ ਖਬਰਾਂ
ਕਬੱਡੀ ਖਿਡਾਰੀ ਰਾਣਾ ਬਲਾਚੌਰੀਆ ਦੇ ਕਤਲ ਮਾਮਲੇ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਗੰਭੀਰ ਸੁਣਵਾਈ ਹੋਈ। ਸੁਣਵਾਈ ਦੌਰਾਨ ਪੰਜਾਬ ਦੇ ਡੀਜੀਪੀ ਦੀ ਪੇਸ਼ੀ ਹੋਈ, ਜਿਸ ਦੌਰਾਨ ਹਾਈਕੋਰਟ ਨੇ ਪੰਜਾਬ ਵਿੱਚ ਵਧ ਰਹੀ ਗੈਂਗਸਟਰ ਸੰਸਕ੍ਰਿਤੀ ’ਤੇ ਸਖ਼ਤ ਟਿੱਪਣੀਆਂ ਕੀਤੀਆਂ। ਅਦਾਲਤ ਨੇ ਕਿਹਾ ਕਿ ਆਮ ਲੋਕਾਂ ਵਿੱਚ ਇਹ ਧਾਰਣਾ ਬਣ ਰਹੀ ਹੈ ਕਿ ਪੰਜਾਬ ਇੱਕ ਗੈਂਗਸਟਰ ਸੂਬੇ ਵੱਲ ਵਧ ਰਿਹਾ ਹੈ, ਜੋ ਕਿ ਚਿੰਤਾਜਨਕ ਹੈ।
ਹਾਈਕੋਰਟ ਨੇ ਪੰਜਾਬ ਵਿੱਚ ਸ਼ੂਟਰਾਂ ਵੱਲੋਂ ਕੀਤੇ ਗਏ ਕਤਲਾਂ ਬਾਰੇ ਪੂਰੀ ਜਾਣਕਾਰੀ ਮੰਗੀ ਹੈ। ਅਦਾਲਤ ਨੇ ਸਵਾਲ ਕੀਤਾ ਕਿ ਹੁਣ ਤੱਕ ਕਿੰਨੇ ਮਾਮਲੇ ਦਰਜ ਹੋਏ ਹਨ, ਕਿੰਨੀਆਂ ਗੋਲੀਆਂ ਚੱਲੀਆਂ, ਕਿੰਨੇ ਮੁਲਜ਼ਮ ਗ੍ਰਿਫ਼ਤਾਰ ਕੀਤੇ ਗਏ ਹਨ ਅਤੇ ਕਿੰਨੇ ਹਾਲੇ ਵੀ ਫਰਾਰ ਹਨ। ਇਸਦੇ ਨਾਲ ਹੀ ਅਦਾਲਤ ਨੇ ਇਹ ਵੀ ਪੁੱਛਿਆ ਕਿ ਫਰਾਰ ਸ਼ੂਟਰਾਂ ਦੀ ਗ੍ਰਿਫ਼ਤਾਰੀ ਲਈ ਪੰਜਾਬ ਪੁਲਿਸ ਵੱਲੋਂ ਕੀ ਕਦਮ ਚੁੱਕੇ ਜਾ ਰਹੇ ਹਨ। ਇਹ ਸਾਰੀ ਜਾਣਕਾਰੀ ਇੱਕ ਹਫ਼ਤੇ ਦੇ ਅੰਦਰ ਹਾਈਕੋਰਟ ਵਿੱਚ ਪੇਸ਼ ਕਰਨ ਦੇ ਹੁਕਮ ਦਿੱਤੇ ਗਏ ਹਨ।
ਅਦਾਲਤ ਨੇ ਅਗਲੇ ਸਮੇਂ ਅਜਿਹੀਆਂ ਵਾਰਦਾਤਾਂ ਲਈ ਸੰਬੰਧਿਤ ਐਸਐਸਪੀ ਦੀ ਜ਼ਿੰਮੇਵਾਰੀ ਤੈਅ ਕਰਨ ਦੀ ਗੱਲ ਵੀ ਕਹੀ। ਹਾਈਕੋਰਟ ਨੇ ਇਹ ਵੀ ਨਾਰਾਜ਼ਗੀ ਜਤਾਈ ਕਿ ਰਾਣਾ ਬਲਾਚੌਰੀਆ ਦੇ ਕਤਲ ਦੀ ਜ਼ਿੰਮੇਵਾਰੀ ਖੁੱਲ੍ਹੇਆਮ ਲਈ ਜਾ ਰਹੀ ਹੈ, ਜੋ ਕਿ ਕਾਨੂੰਨ-ਵਿਵਸਥਾ ਲਈ ਵੱਡੀ ਚੁਣੌਤੀ ਹੈ। ਅਦਾਲਤ ਨੇ ਕਿਹਾ ਕਿ ਪੁਲਿਸ ਦੀ ਮੌਜੂਦਗੀ ਦੇ ਬਾਵਜੂਦ ਦਿਨ ਦਿਹਾੜੇ ਕਤਲ ਕਰਕੇ ਸ਼ੂਟਰਾਂ ਦਾ ਫਰਾਰ ਹੋ ਜਾਣਾ ਬਹੁਤ ਗੰਭੀਰ ਮਸਲਾ ਹੈ ਅਤੇ ਇਸ ਤਰ੍ਹਾਂ ਦੀਆਂ ਕਈ ਮਿਸਾਲਾਂ ਸਾਹਮਣੇ ਆ ਰਹੀਆਂ ਹਨ।
ਹਾਈਕੋਰਟ ਨੇ ਫਿਰੌਤੀ ਨਾਲ ਜੁੜੇ ਮਾਮਲਿਆਂ ’ਤੇ ਵੀ ਸਖ਼ਤੀ ਦਿਖਾਈ ਅਤੇ ਪੁੱਛਿਆ ਕਿ ਹੁਣ ਤੱਕ ਕਿੰਨੀਆਂ ਫਿਰੌਤੀ ਕਾਲਾਂ ਦਰਜ ਹੋਈਆਂ ਹਨ ਅਤੇ ਪੁਲਿਸ ਵੱਲੋਂ ਕਿੰਨੀ ਰਕਮ ਬਰਾਮਦ ਕੀਤੀ ਗਈ ਹੈ। ਨਾਲ ਹੀ ਅਦਾਲਤ ਨੇ ਹੁਕਮ ਦਿੱਤਾ ਕਿ ਪੰਜਾਬ ਦੇ ਸ਼ਹਿਰੀ ਇਲਾਕਿਆਂ ਦੀਆਂ ਸੰਵੇਦਨਸ਼ੀਲ ਥਾਵਾਂ ’ਤੇ ਸੀਸੀਟੀਵੀ ਕੈਮਰੇ ਲਗਾਏ ਜਾਣ ਅਤੇ ਇਸ ਲਈ ਪੰਜਾਬ ਸਰਕਾਰ ਵੱਲੋਂ ਵੱਖਰਾ ਬਜਟ ਮੁਹੱਈਆ ਕਰਵਾਇਆ ਜਾਵੇ।
ਕਾਬਿਲੇ-ਗੌਰ ਹੈ ਕਿ ਜਦੋਂ ਇਹ ਮਾਮਲਾ ਹਾਈਕੋਰਟ ਵਿੱਚ ਚੱਲ ਰਿਹਾ ਸੀ, ਉਸੇ ਸਮੇਂ ਮੁਹਾਲੀ ਵਿੱਚ ਦਿਨ ਦਿਹਾੜੇ ਪੇਸ਼ੀ ਭੁਗਤਣ ਆਏ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮੁਹਾਲੀ ਅਦਾਲਤ ਵਿੱਚ ਹੋਈ ਇਸ ਵਾਰਦਾਤ ਬਾਰੇ ਹਾਈਕੋਰਟ ਨੂੰ ਤੁਰੰਤ ਜਾਣਕਾਰੀ ਦਿੱਤੀ ਗਈ, ਜਿਸ ਤੋਂ ਬਾਅਦ ਅਦਾਲਤ ਨੇ ਇਸ ਮਾਮਲੇ ਦੀ ਵੀ ਵਿਸਥਾਰਕ ਰਿਪੋਰਟ ਤਲਬ ਕਰ ਲਈ ਹੈ।
Get all latest content delivered to your email a few times a month.