ਤਾਜਾ ਖਬਰਾਂ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸਾਲ 2022 ਤੋਂ 2026 ਦਰਮਿਆਨ ਸਮਾਜਿਕ ਸੁਰੱਖਿਆ ਅਤੇ ਮਹਿਲਾ ਤੇ ਬਾਲ ਵਿਕਾਸ ਦੇ ਖੇਤਰ ਵਿੱਚ ਵੱਡੀਆਂ ਮੱਲਾਂ ਮਾਰੀਆਂ ਹਨ। ਅੱਜ ਇੱਥੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਵਿਭਾਗ ਦੀਆਂ ਪਿਛਲੇ ਚਾਰ ਸਾਲਾਂ ਦੀਆਂ ਇਤਿਹਾਸਕ ਪ੍ਰਾਪਤੀਆਂ ਦਾ ਵੇਰਵਾ ਸਾਂਝਾ ਕਰਦਿਆਂ ਦੱਸਿਆ ਕਿ ਸਰਕਾਰ ਨੇ ਨਾ ਸਿਰਫ਼ ਲੋਕ ਭਲਾਈ ਸਕੀਮਾਂ ਦਾ ਦਾਇਰਾ ਵਧਾਇਆ ਹੈ, ਸਗੋਂ ਪ੍ਰਸ਼ਾਸਨਿਕ ਸੁਧਾਰਾਂ ਰਾਹੀਂ ਪਾਰਦਰਸ਼ਤਾ ਵੀ ਯਕੀਨੀ ਬਣਾਈ ਹੈ।
ਪੈਨਸ਼ਨ ਪ੍ਰਣਾਲੀ ਵਿੱਚ ਸੁਧਾਰ: 350 ਕਰੋੜ ਦੀ ਸਾਲਾਨਾ ਬਚਤ
ਭਗਵੰਤ ਮਾਨ ਸਰਕਾਰ ਨੇ ਸੱਤਾ ਸੰਭਾਲਦਿਆਂ ਹੀ ਪੈਨਸ਼ਨ ਰਿਕਾਰਡਾਂ ਦੀ ਡੂੰਘਾਈ ਨਾਲ ਤਸਦੀਕ ਕਰਵਾਈ। ਇਸ ਪ੍ਰਕਿਰਿਆ ਦੌਰਾਨ 1.9 ਲੱਖ ਅਜਿਹੇ ਲਾਭਪਾਤਰੀਆਂ ਦੀ ਪਛਾਣ ਕੀਤੀ ਗਈ ਜੋ ਜਾਂ ਤਾਂ ਮਰ ਚੁੱਕੇ ਸਨ ਜਾਂ ਪੈਨਸ਼ਨ ਦੇ ਯੋਗ ਨਹੀਂ ਸਨ।
ਵੱਡੀ ਬਚਤ: ਇਸ ਕਦਮ ਨਾਲ ਸਰਕਾਰੀ ਖ਼ਜ਼ਾਨੇ ਨੂੰ ਸਾਲਾਨਾ 350 ਕਰੋੜ ਰੁਪਏ ਦੀ ਬਚਤ ਹੋਈ ਹੈ।
ਅਣਵਰਤੇ ਫੰਡ: ਬੈਂਕ ਖਾਤਿਆਂ ਵਿੱਚ ਪਏ 450 ਕਰੋੜ ਰੁਪਏ ਦੇ ਅਣਵਰਤੇ ਫੰਡਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਮੁੜ ਲੋਕ ਭਲਾਈ ਕਾਰਜਾਂ ਵਿੱਚ ਲਗਾਇਆ ਗਿਆ ਹੈ।
ਨਵੇਂ ਲਾਭਪਾਤਰੀ: ਪਿਛਲੇ ਚਾਰ ਸਾਲਾਂ ਵਿੱਚ 5.2 ਲੱਖ ਤੋਂ ਵੱਧ ਨਵੇਂ ਯੋਗ ਪੰਜਾਬੀਆਂ ਨੂੰ ਪੈਨਸ਼ਨ ਸਕੀਮਾਂ ਨਾਲ ਜੋੜਿਆ ਗਿਆ ਹੈ।
ਔਰਤਾਂ ਦਾ ਸਸ਼ਕਤੀਕਰਨ: ਮੁਫ਼ਤ ਸਫ਼ਰ ਅਤੇ ਸਿਹਤ ਸਹੂਲਤਾਂ
ਮਾਨ ਸਰਕਾਰ ਨੇ ਔਰਤਾਂ ਦੀ ਆਜ਼ਾਦੀ ਅਤੇ ਸੁਰੱਖਿਆ ਲਈ ਕਈ ਅਹਿਮ ਪਹਿਲਕਦਮੀਆਂ ਕੀਤੀਆਂ ਹਨ:
ਮੁਫ਼ਤ ਬੱਸ ਸਫ਼ਰ: ਹਰ ਮਹੀਨੇ ਲਗਭਗ 1.20 ਕਰੋੜ ਔਰਤਾਂ ਇਸ ਸਹੂਲਤ ਦਾ ਲਾਭ ਲੈ ਰਹੀਆਂ ਹਨ। ਸਰਕਾਰ ਹੁਣ ਤੱਕ ਇਸ 'ਤੇ 2,000 ਕਰੋੜ ਰੁਪਏ ਖਰਚ ਕਰ ਚੁੱਕੀ ਹੈ।
ਨਵੀਂ ਦਿਸ਼ਾ ਯੋਜਨਾ: ਸੂਬੇ ਦੇ ਸਾਰੇ ਆਂਗਣਵਾੜੀ ਕੇਂਦਰਾਂ ਵਿੱਚ 13.65 ਲੱਖ ਔਰਤਾਂ ਨੂੰ 7.37 ਕਰੋੜ ਸੈਨੇਟਰੀ ਪੈਡ ਮੁਫ਼ਤ ਵੰਡੇ ਗਏ ਹਨ।
ਮਹਿਲਾ ਹੋਸਟਲ: ਮੋਹਾਲੀ, ਜਲੰਧਰ ਅਤੇ ਅੰਮ੍ਰਿਤਸਰ ਵਿੱਚ ਕੰਮਕਾਜੀ ਔਰਤਾਂ ਲਈ ਆਧੁਨਿਕ ਹੋਸਟਲ ਬਣਾਏ ਜਾ ਰਹੇ ਹਨ।
ਬਾਲ ਵਿਕਾਸ ਅਤੇ ਸੁਰੱਖਿਆ
ਸੂਬੇ ਦੇ ਬੱਚਿਆਂ ਦੇ ਭਵਿੱਖ ਨੂੰ ਸੰਵਾਰਨ ਲਈ ਸਰਕਾਰ ਨੇ ਆਂਗਣਵਾੜੀ ਢਾਂਚੇ ਨੂੰ ਮਜ਼ਬੂਤ ਕੀਤਾ ਹੈ:
ਭਰਤੀ: ਪਿਛਲੇ ਚਾਰ ਸਾਲਾਂ ਵਿੱਚ 4,400 ਆਂਗਣਵਾੜੀ ਵਰਕਰਾਂ ਦੀ ਭਰਤੀ ਹੋਈ ਹੈ ਅਤੇ 6,100 ਹੋਰ ਅਸਾਮੀਆਂ ਭਰਨ ਦੀ ਪ੍ਰਕਿਰਿਆ ਜਾਰੀ ਹੈ।
ਨਵੇਂ ਕੇਂਦਰ: 140 ਕਰੋੜ ਦੀ ਲਾਗਤ ਨਾਲ 1,000 ਨਵੇਂ ਆਂਗਣਵਾੜੀ ਕੇਂਦਰ ਉਸਾਰੇ ਜਾ ਰਹੇ ਹਨ।
ਪ੍ਰੋਜੈਕਟ ਜੀਵਨਜੋਤ: ਭੀਖ ਮੰਗਣ ਅਤੇ ਸ਼ੋਸ਼ਣ ਤੋਂ 1,027 ਬੱਚਿਆਂ ਨੂੰ ਬਚਾ ਕੇ ਉਨ੍ਹਾਂ ਦਾ ਪੁਨਰਵਾਸ ਕੀਤਾ ਗਿਆ ਹੈ।
ਬਜ਼ੁਰਗਾਂ ਦਾ ਸਤਿਕਾਰ: "ਸਾਡੇ ਬਜ਼ੁਰਗ ਸਦਾ ਮਾਨ"
ਬਜ਼ੁਰਗਾਂ ਦੀ ਦੇਖਭਾਲ ਲਈ ਸਰਕਾਰ ਨੇ ਵਿਸ਼ੇਸ਼ ਮੁਹਿੰਮ ਚਲਾਈ ਹੈ। ਮਾਨਸਾ ਵਿਖੇ 9.12 ਕਰੋੜ ਦੀ ਲਾਗਤ ਨਾਲ 72 ਬੈੱਡਾਂ ਵਾਲਾ ਸਰਕਾਰੀ ਬਿਰਧ ਆਸ਼ਰਮ ਤਿਆਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਹੈਲਪਲਾਈਨ ਨੰਬਰ 14567 ਰਾਹੀਂ ਹਜ਼ਾਰਾਂ ਬਜ਼ੁਰਗਾਂ ਦੀਆਂ ਕਾਨੂੰਨੀ ਅਤੇ ਸਿਹਤ ਸਬੰਧੀ ਮੁਸ਼ਕਿਲਾਂ ਦਾ ਹੱਲ ਕੀਤਾ ਗਿਆ ਹੈ।
ਡਾ. ਬਲਜੀਤ ਕੌਰ ਨੇ ਕਿਹਾ ਕਿ ਇਹ ਪ੍ਰਾਪਤੀਆਂ ਸਾਬਤ ਕਰਦੀਆਂ ਹਨ ਕਿ ਪੰਜਾਬ ਸਰਕਾਰ ਹਰ ਉਸ ਵਰਗ ਤੱਕ ਪਹੁੰਚ ਕਰ ਰਹੀ ਹੈ ਜਿਸ ਨੂੰ ਪਿਛਲੀਆਂ ਸਰਕਾਰਾਂ ਨੇ ਅਣਗੌਲਿਆ ਕੀਤਾ ਸੀ।
Get all latest content delivered to your email a few times a month.